- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਕੁਝ ਚੋਣਵੇਂ ਸਰਕਾਰੀ ਸਕੂਲਾਂ ’ਚ ਅੱਜ ਕੱਲ੍ਹ ਇੰਗਲਿਸ਼ ਐਜ ਅਧੀਨ ਆਰ.ਸੀ.ਏ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ’ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਲੰਮੇ-ਲੰਮੇ ਪਾਠ ਮੋਬਾਈਲ ’ਤੇ ਹੱਲ ਕਰਨ ਲਈ ਦਿੱਤੇ ਜਾਂਦੇ ਹਨ, ਜਿਸ ਦਾ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਤੇ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਕੋਈ ਸਬੰਧ ਨਹੀਂ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ ਤੇ ਇੰਗਲਿਸ਼ ਮਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਕਿਹਾ ਕਿ ਵਿਕਸਤ ਤੇ ਸਿੱਖਿਆ ਖੇਤਰ ’ਚ ਮੋਹਰੀ ਦੇਸ਼ ਬੱਚਿਆਂ ਨੂੰ ਮੋਬਾਈਲ, ਲੈਪਟਾਪ ਵਰਗੇ ਸਾਧਨਾਂ ਰਾਹੀਂ ਸਿੱਖਿਆ ਦੇਣ ਤੋਂ ਪਿੱਛੇ ਹਟ ਰਹੇ ਹਨ, ਪਰ ਪੰਜਾਬ ਦਾ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਮੋਬਾਈਲ ’ਤੇ ਸਿੱਖਿਆ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਚੋਣਵੇਂ ਸਰਕਾਰੀ ਸਕੂਲਾਂ ’ਚ ਅੱਜ ਕੱਲ੍ਹ ਇੰਗਲਿਸ਼ ਐਜ ਅਧੀਨ ਆਰ.ਸੀ.ਏ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ’ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਲੰਮੇ-ਲੰਮੇ ਪਾਠ ਮੋਬਾਈਲ ’ਤੇ ਹੱਲ ਕਰਨ ਲਈ ਦਿੱਤੇ ਜਾਂਦੇ ਹਨ, ਜਿਸ ਦਾ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਤੇ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਇਲ ਉੱਤੇ ਇਨ੍ਹਾਂ ਨੂੰ ਹੱਲ ਕਰਨ ਤੇ ਬਹੁਤ ਸਮਾਂ ਲੱਗਦਾ ਹੈ ਜਿਸ ਕਰਕੇ ਵਿਦਿਆਰਥੀਆਂ ਦੇ ਪਾਠਕ੍ਰਮ ਸਿੱਖਿਆ ਦਾ ਬਹੁਤ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਜੇ ਵਿਦਿਆਰਥੀ ਸਮੇਂ ਸਿਰ ਮੋਬਾਇਲ ਤੇ ਇਹ ਕੰਮ ਪੂਰਾ ਨਹੀਂ ਕਰਦੇ ਤਾਂ ਫਿਰ ਅਧਿਆਪਕਾਂ ’ਤੇ ਜਾਅਲੀ ਤਰੀਕੇ ਨਾਲ ਜਾਅਲੀ ਅੰਕੜੇ ਬਣਾਉਣ ਲਈ ਦਬਾਅ ਬਣਾਇਆ ਜਾਂਦਾ ਹੈ। ਜੇ ਜ਼ਮੀਨੀ ਹਕੀਕਤ ਵੇਖੀਏ ਤਾਂ ਸਰਕਾਰੀ ਸਕੂਲਾਂ ਦੇ ਬਹੁਤੇ ਵਿਦਿਆਰਥੀਆਂ ਕੋਲ ਆਧੁਨਿਕ ਮੋਬਾਇਲ ਤੇ ਮਹਿੰਗਾ ਡਾਟਾ ਨਹੀਂ ਹੈ ਫਿਰ ਉਹ ਕਿਵੇਂ ਇਸ ਕੰਮ ਨੂੰ ਪੂਰਾ ਕਰਨਗੇ। ਪਹਿਲਾਂ ਹੀ ਸਕੂਲਾਂ ’ਚ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਜਿਵੇਂ ਐੱਸ ਆਈ ਆਰ ਦੀਆਂ ਡਿਊਟੀਆਂ ’ਚ ਬੇਲੋੜਾ ਉਲਝਾਏ ਜਾਣ ਕਾਰਨ ਪਾਠਕ੍ਰਮ ’ਚ ਵਿਦਿਆਰਥੀ ਪੱਛੜੇ ਹੋਏ ਹਨ, ਇਸ ਪ੍ਰੋਗਰਾਮ ਕਾਰਨ ਅਧਿਆਪਕਾਂ ਸਾਹਮਣੇ ਸਿਲੇਬਸ ਪੂਰਾ ਕਰਾਉਣ ਦੀ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਆਨ ਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ ਜਿਸ ਦੇ ਭਵਿੱਖ ’ਚ ਨਤੀਜੇ ਮਾੜੇ ਨਿੱਕਲਣਗੇ।