- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅੱਜਕਲ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਵਿਚ ਹਨ। ਪੁਨਰ ਸੁਰਜੀਤ ਦਾ ਸਾਥ ਛੱਡ ਅਕਾਲੀ ਦਲ ਵਿੱਚ ਵਾਪਸੀ ਕੀਤੇ ਜਾਣ ਨਾਲ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਬਹੁਤ ਸਖ਼ਤ ਟਿੱਪਣੀ ਕਰਦਿਆ ਉਹਨਾਂ ਦੀ ਗੁਰੂ ਅਰਜਨ ਦੇਵ ਜੀ ਨਾਲ ਧ੍ਰੋਹ ਕਮਾਉਣ ਵਾਲੇ "ਚੰਦੂ" ਨਾਲ ਤੁਲਨਾ ਕੀਤੀ ਹੈ, ਉਥੇ ਸੁਖਬੀਰ ਬਾਦਲ ਨੇ ਵੀ ਬਾਪ-ਪੁੱਤ ਦੇ ਮੂੰਹ 'ਤੇ ਹੀ ਤਨਜ਼ ਕੱਸ ਦਿੱਤਾ

ਜੈ ਸਿੰਘ ਛਿੱਬਰ, ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇਨ੍ਹੀਂ ਦਿਨੀਂ ਟਿਕਟਾਂ ਦੀ ਵੰਡ, ਆਗੂਆਂ ਦੀ ਨਾਰਾਜ਼ਗੀ ਅਤੇ ਪਾਰਟੀਆਂ ਅੰਦਰਲੇ ਸਿਆਸੀ ਸਮੀਕਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਿਤੇ ਟਿਕਟ ਕੱਟੇ ਜਾਣ ਦੇ ਬਾਵਜੂਦ ਖ਼ੁਦ ਚੋਣ ਨਾ ਲੜਨ ਦਾ ਐਲਾਨ ਕੀਤਾ ਜਾ ਰਿਹਾ ਹੈ, ਕਿਤੇ ਘਰ ਵਾਪਸੀ ’ਤੇ ਤਨਜ਼ ਕੱਸੇ ਜਾ ਰਹੇ ਹਨ। ਉੱਧਰ ਏਆਈ ਨਾਲ ਬਣੀਆਂ ਰੀਲਾਂ ਨੇ ਵੀ ਸਿਆਸੀ ਆਗੂਆਂ ਦੀ ਨੀਂਦ ਉਡਾਈ ਹੋਈ ਹੈ। ਪੜ੍ਹੋ ਹਫ਼ਤਾਵਾਰੀ ਕਾਲਮ ‘ਅੰਦਰਲੀ ਗੱਲ’ ਵਿੱਚ ਸਿਆਸੀ ਹਲਕਿਆਂ ਦੀਆਂ ਦਿਲਚਸਪ ਚਰਚਾਵਾਂ।
ਕੁੱਟਦੇ ਵੀ ਨੇ ਤੇ ਰੋਣ ਵੀ ਨੀਂ ਦੇਂਦੇ
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਖਾਸ ਪਾਰਟੀ ਦੇ ਆਗੂਆਂ, ਖਾਸ ਕਰ ਕੇ ਵਿਧਾਇਕਾਂ ਦੀ ਹਾਲਤ ਪੰਜਾਬੀ ਦੀ ਕਹਾਵਤ 'ਕੁੱਟਦੇ ਵੀ ਨੇ ਤੇ ਰੋਣ ਵੀ ਨਹੀਂ ਦਿੰਦੇ' ਵਾਲੀ ਬਣੀ ਹੋਈ ਹੈ। ਕਈ ਵਿਧਾਇਕਾਂ ਦੀ ਟਿਕਟ ਕੱਟੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵਿਧਾਇਕਾਂ ਨੂੰ ਬਾਏ-ਬਾਏ ਕਰ ਦਿੱਤਾ ਜਾਵੇਗਾ। ਦੋ ਆਗੂਆਂ ਨੇ ਟਿਕਟ ਕੱਟੇ ਜਾਣ ਬਾਅਦ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਖ਼ੁਦ ਚੋਣ ਨਾ ਲੜਨ ਬਾਰੇ ਫੈਸਲਾ ਕੀਤਾ ਜਦੋਂਕਿ ਉਨ੍ਹਾਂ ਦੀ ਟਿਕਟ ਕੱਟੀ ਨਹੀਂ ਗਈ। ਅੰਦਰਲੀ ਖਬਰ ਹੈ ਕਿ ਟਿਕਟ ਕੱਟੇ ਜਾਣ ਤੋਂ ਇਹ ਆਗੂ ਗੁੱਸੇ ਨਾਲ ਭਰੇ ਪੀਤੇ ਹਨ ਅਤੇ ਚੋਣ ਜ਼ਾਬਤਾ ਲੱਗਣ ਦਾ ਇੰਤਜ਼ਾਰ ਕਰ ਰਹੇ ਹਨ।
ਸੁਖਬੀਰ ਦਾ ਚੰਦੂਮਾਜਰਾ ’ਤੇ ਤਨਜ਼
ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅੱਜਕਲ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਵਿਚ ਹਨ। ਪੁਨਰ ਸੁਰਜੀਤ ਦਾ ਸਾਥ ਛੱਡ ਅਕਾਲੀ ਦਲ ਵਿੱਚ ਵਾਪਸੀ ਕੀਤੇ ਜਾਣ ਨਾਲ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਬਹੁਤ ਸਖ਼ਤ ਟਿੱਪਣੀ ਕਰਦਿਆ ਉਹਨਾਂ ਦੀ ਗੁਰੂ ਅਰਜਨ ਦੇਵ ਜੀ ਨਾਲ ਧ੍ਰੋਹ ਕਮਾਉਣ ਵਾਲੇ "ਚੰਦੂ" ਨਾਲ ਤੁਲਨਾ ਕੀਤੀ ਹੈ, ਉਥੇ ਸੁਖਬੀਰ ਬਾਦਲ ਨੇ ਵੀ ਬਾਪ-ਪੁੱਤ ਦੇ ਮੂੰਹ 'ਤੇ ਹੀ ਤਨਜ਼ ਕੱਸ ਦਿੱਤਾ। ਘਰ ਵਾਪਸੀ ਕਰਨ ਮੌਕੇ ਹਰਿੰਦਰਪਾਲ ਨੇ ਕਿਹਾ ਕਿ ਜਿੰਨੇ ਬੰਦੇ ਲੈ ਕੇ ਗਏ ਸੀ, ਉਸ ਤੋਂ ਜ਼ਿਆਦਾ ਵਾਪਸ ਲਿਆਂਦੇ ਹਨ। ਇਹ ਸੁਣ ਕੇ ਸੁਖਬੀਰ ਬਾਦਲ ਤੋਂ ਰਿਹਾ ਨਾ ਗਿਆ ਤੇ ਤੁਰੰਤ ਤਨਜ਼ ਕਸਦਿਆਂ ਕਿਹਾ ਕਿ ਕੋਈ ਨਾ ਲੋੜ ਪਈ ਫਿਰ ਭੇਜ ਦਵਾਂਗੇ।
ਛਲਕਿਆ ਦਰਦ ਤੇ ਫਰੋਲਿਆ ਸੱਚ
ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਕੱਤਰੇਤ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਬੇਸ਼ੱਕ ਡਾਕਟਰ ਸਾਹਿਬ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਆਪਣਾ ਦਰਦ ਸੁਣਾਇਆ ਹੈ, ਪਰ ਗੱਲਾਂ ਗੱਲਾਂ ਵਿੱਚ ਉਹਨਾਂ ਪਾਰਟੀ ਆਗੂਆਂ ਦੇ ਦਾਅਵਿਆਂ ਨੂੰ ਖਿੱਦੋ ਵਾਂਗ ਖੋਲ੍ਹ ਦਿੱਤਾ ਹੈ। ਡਾਕਟਰ ਸਾਹਿਬ ਕਹਿੰਦੇ ਹਨ ਕਿ ਉਹ ਸਿਰਮੌਰ ਆਗੂਆਂ ਨੂੰ ਮਿਲਣ ਲਈ ਦੋ ਮਿੰਟ ਦਾ ਸਮਾਂ ਮੰਗਦੇ ਰਹੇ ਹਨ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਜਦ ਕਿ ਖਾਸ ਆਗੂ ਹਮੇਸ਼ਾ ਆਪਣੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਰਹਿਣ ਦੀਆਂ ਤਕਰੀਰਾਂ ਦਿੰਦੇ ਹਨ। ਅੰਦਰਲੀ ਖਬਰ ਇਹ ਹੈ ਕਿ ਖਾਸ ਆਗੂਆਂ ਨੂੰ ਸਿਆਸੀ ਸ਼ਰੀਕਾ ਨਾਲੋਂ ਵੱਧ ਡਾਕਟਰ ਦੇ ਫਰੋਲੇ ਪੋਤੜਿਆਂ ਨੇ ਪ੍ਰੇਸ਼ਾਨ ਕਰ ਦਿੱਤਾ ਹੈ।
ਕਦੇ ਖੁਸ਼, ਕਦੇ ਪਰੇਸ਼ਾਨ
ਸਿਆਸੀ ਆਗੂਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹ ਕਦੇ ਖੁਸ਼ ਹੁੰਦੇ ਅਤੇ ਕਦੇ ਪ੍ਰੇਸ਼ਾਨੀ ਦੇ ਆਲਮ ਵਿੱਚ ਡੁਬ ਜਾਂਦੇ ਨੇ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਸ਼ੋਸ਼ਲ ਮੀਡੀਆ 'ਤੇ ਚਲ ਰਹੀਆਂ ਏ ਆਈ ਜਨਰੇਟਸ ਰੀਲਾਂ ਨੇ ਸਿਆਸੀ ਆਗੂਆਂ ਦੀ ਫ਼ਿਕਰਮੰਦੀ ਵਧਾ ਦਿੱਤੀ ਹੈ। ਕਹਿੰਦੇ ਵਿਰੋਧੀਆਂ ਦੀਆਂ ਰੀਲਾਂ ਦੇਖ ਕੇ ਲੀਡਰ ਗਦਗਦ ਹੁੰਦੇ ਹਨ ਪਰ ਜਦੋਂ ਉਹਨਾਂ ਜਾਂ ਨੇੜਲਿਆਂ ਦੀਆਂ ਅਸੱਭਿਅਕ ਅਤੇ ਪੋਤੜੇ ਫਰੋਲਣ ਵਾਲੀਆਂ ਰੀਲਾਂ ਸਾਹਮਣੇ ਆਉਂਦੀਆਂ ਤਾਂ ਉਹਨਾਂ ਦਾ ਗੁੱਸਾ ਅਸਮਾਨੀ ਚੜ ਜਾਂਦਾ।