- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਆਪਕ ਪ੍ਰੋਜੈਕਟਾਂ ’ਚ ਤੇਜ਼ੀ ਲਿਆਂਦੀ ਹੈ ਤੇ 52 ਕਰੋੜ ਰੁਪਏ ਦੇ ਕੰਮਾਂ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਉਸਾਰੀ ’ਚ ਪੰਦਰਵਾੜੇ ਦੇ ਅੰਦਰ-ਅੰਦਰ ਹੋਰ ਤੇਜ਼ੀ ਲਿਆਂਦੀ ਜਾਵੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਸਤਲੁਜ ਅਤੇ ਸਵਾਂ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ। ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਸਤਲੁਜ ਤੇ ਸਵਾਂ ਦੇ ਕੰਢੇ ਰਹਿਣ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ ਤਾਂ ਜੋ ਮਾਨਸੂਨ ਦੌਰਾਨ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਕਈ ਸੰਵੇਦਨਸ਼ੀਲ ਪਿੰਡਾਂ ਨੂੰ ਸਥਾਈ ਤੌਰ 'ਤੇ ਸੁਰੱਖਿਅਤ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਆਪਕ ਪ੍ਰੋਜੈਕਟਾਂ ’ਚ ਤੇਜ਼ੀ ਲਿਆਂਦੀ ਹੈ ਤੇ 52 ਕਰੋੜ ਰੁਪਏ ਦੇ ਕੰਮਾਂ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਉਸਾਰੀ ’ਚ ਪੰਦਰਵਾੜੇ ਦੇ ਅੰਦਰ-ਅੰਦਰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ 30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਪ੍ਰੋਜੈਕਟ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਨੇ ਸਾਨੂੰ ਸਬਕ ਸਿਖਾਇਆ ਹੈ। ਅਸੀਂ ਠੋਸ ਤੇ ਲੰਬੇ ਸਮੇਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿੰਡ ਦਸਗਰਾਈਂ ਤੇ ਮਹੈਨ ਨੂੰ ਡੰਗੇ ਦੇ ਨਿਰਮਾਣ ਲਈ 1 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ। ਪਿੰਡ ਹਰਸਾ ਬੇਲਾ, ਜਿੱਥੇ ਪਿਛਲੇ ਸਾਲ 4.5 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕਾਰਜ ਕੀਤੇ ਗਏ ਸਨ, ਨੂੰ ਅੱਪਗ੍ਰੇਡ ਕੀਤੇ ਡਿਜ਼ਾਈਨ ਵਾਲੇ 2,200 ਫੁੱਟ ਲੰਬੇ ਡੰਗੇ ਦੇ ਨਿਰਮਾਣ ਲਈ 9 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਪਿੰਡ ਮਹਿੰਦਲੀ ਕਲਾਂ ਨੂੰ 8.75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਕ ਨਵਾਂ 1,800 ਫੁੱਟ ਲੰਬਾ ਡੰਗਾ ਮਿਲੇਗਾ, ਜਿੱਥੇ ਮੈਂ ਪਿਛਲੇ ਸਾਲ ਬਚਾਅ ਕਾਰਜਾਂ ਦੌਰਾਨ ਨਿੱਜੀ ਤੌਰ 'ਤੇ ਸੇਵਾ ਕੀਤੀ ਸੀ। ਪਿੰਡ ਅਗਮਪੁਰ ਵਿਚ ਪਿੰਡ ਅਤੇ ਪੁਲ ਦੀ ਸੁਰੱਖਿਆ ਲਈ 12 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ਾਲ 3,200 ਫੁੱਟ ਲੰਬਾ ਡੰਗਾ (ਰੈਵੇਟਮੈਂਟ) ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਬੁਰਜ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਰੈਵੇਟਮੈਂਟ ਬਣਾਇਆ ਜਾਵੇਗਾ। ਇਸੇ ਤਰ੍ਹਾਂ, ਪਿੰਡ ਅਜੌਲੀ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਰੈਵੇਟਮੈਂਟ ਬਣਾਇਆ ਜਾਵੇਗਾ, ਜਦੋਂ ਕਿ ਪਿੰਡ ਲੋਧੀਪੁਰ ਨੂੰ 9 ਕਰੋੜ ਰੁਪਏ ਦੀ ਲਾਗਤ ਨਾਲ 2,000 ਫੁੱਟ ਲੰਬੇ ਰੈਵੇਟਮੈਂਟ ਨਾਲ ਸੁਰੱਖਿਅਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ "ਇਨ੍ਹਾਂ ਪ੍ਰਮੁੱਖ ਥਾਵਾਂ ਤੋਂ ਇਲਾਵਾ ਭਲਾਣ, ਤ੍ਰਿਵੇਣੀ ਮੰਦਰ, ਨਾਨਗਰਾਂ ਸਮੇਤ ਹੋਰ ਪਿੰਡਾਂ ਲਈ ਵੀ ਹੜ੍ਹ ਸੁਰੱਖਿਆ ਕਾਰਜ ਪ੍ਰਗਤੀ ਅਧੀਨ ਹਨ ਜਾਂ ਮਨਜ਼ੂਰ ਕੀਤੇ ਗਏ ਹਨ। ਬੈਂਸ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਵਿਚ 11,000 ਫੁੱਟ ਲੰਬੇ ਡੰਗਿਆਂ ਦਾ ਨਿਰਮਾਣ ਸ਼ਾਮਲ ਹੈ।