ਕੰਮ-ਕਾਜੀ ਔਰਤਾਂ ਲਈ ਪੰਜਾਬ ’ਚ ਪੰਜ ਵਰਕਿੰਗ ਵੂਮੈਨ ਹੋਸਟਲ ਉਸਾਰੀ ਅਧੀਨ : ਡਾ. ਬਲਜੀਤ ਕੌਰ
ਪੰਜਾਬ ਵਿਚ ਪੰਜ ਵਰਕਿੰਗ ਵੂਮੈਨ ਹੋਸਟਲ ਨਿਰਮਾਣ ਅਧੀਨ : ਡਾ. ਬਲਜੀਤ ਕੌਰ
Publish Date: Fri, 19 Jun 2026 07:01 PM (IST)
Updated Date: Sat, 20 Jun 2026 04:04 AM (IST)

ਫੋਟੋ ਕੈਪਸ਼ਨ : ਮੁਹਾਲੀ ਵਿਚ ਵਰਕਿੰਗ ਵੂਮੈਨ ਹੋਸਟਲ ਦਾ ਨੀਂਹ ਪੱਥਰ ਰੱਖਦੇ ਹੋਏ ਮੰਤਰੀ ਬਲਜੀਤ ਕੌਰ ਤੇ ਹੋਰ। ਫੋਟੋ: ਸੰਜੇ ਘਡਿਆਲ। 07ਪੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮ-ਕਾਜੀ ਔਰਤਾਂ ਨੂੰ ਸੁਰੱਖਿਅਤ ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਾ-ਮਾਤਰ ਕੀਮਤਾਂ ’ਤੇ ਰਿਹਾਇਸ਼ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮੁਹਾਲੀ ਸਮੇਤ ਜਲੰਧਰ ਤੇ ਅੰਮ੍ਰਿਤਸਰ ਵਿਖੇ ਪੰਜ ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸ਼ੁੱਕਰਵਾਰ ਨੂੰ ਮੁਹਾਲੀ ਸਥਿਤ ਸੈਕਟਰ-66 ਵਿਖੇ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ’ਚ ਸੱਤ ਮੰਜ਼ਿਲਾਂ ਵਰਕਿੰਗ ਵੂਮੈਨ ਹੋਸਟਲ ਦਾ ਨੀਂਹ ਪੱਥਰ ਰੱਖਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਾਂਧੀ ਵਿਨੀਤਾ ਆਸ਼ਰਮ ਜਲੰਧਰ ’ਚ 100 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ 10.11 ਕਰੋੜ ਰੁਪਏ ਦੀ ਲਾਗਤ ਵਾਲਾ ਹੋਸਟਲ ਤੇ ਅੰਮ੍ਰਿਤਸਰ ’ਚ 150 ਔਰਤਾਂ ਦੀ ਰਿਹਾਇਸ਼ ਦੀ ਸਮਰੱਥਾ ਵਾਲਾ 27.34 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਵਰਕਿੰਗ ਵੂਮੈਨ ਹੋਸਟਲ ਨਿਰਮਾਣ ਅਧੀਨ ਹੈ। ਇਹ ਸਾਰੇ ਹੋਸਟਲ ਮਿੱਥੇ ਸਮੇਂ ’ਚ ਤਿਆਰ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ’ਚ ਵੀ ਅਜਿਹਾ ਹੀ ਇਕ ਹੋਸਟਲ ਰੈੱਡ ਕਰਾਸ ਦੀ ਇਮਾਰਤ ’ਚ ਕਿਰਾਏ ’ਤੇ ਇਮਾਰਤ ਦਾ ਪ੍ਰਬੰਧ ਕਰਕੇ ਚਲਾਇਆ ਗਿਆ ਹੈ, ਜਿੱਥੇ 100 ਔਰਤਾਂ ਦੇ ਰਹਿਣ ਦੀ ਸਮਰੱਥਾ ਹੈ। ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਹਾਲੀ ਵਰਗੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ਵਿਚ ਦੂਰ-ਦੁਰਾਡੇ ਤੋਂ ਆਉਂਦੀਆਂ ਕੰਮ-ਕਾਜੀ ਔਰਤਾਂ ਲਈ ਅਜਿਹੇ ਵਰਕਿੰਗ ਵੂਮੈਨ ਹੋਸਟਲ ਦੀ ਬੇਹੱਦ ਲੋੜ ਸੀ। ਪੰਜਾਬ ਦੀਆਂ ਔਰਤਾਂ ਨੂੰ ਪਿਛਲੇ ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਮਿਲਣਗੇ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ 1 ਜੁਲਾਈ ਤੋਂ ਔਰਤਾਂ ਨੂੰ 1000, 1500 ਰੁਪਏ ਸਿੱਧੇ ਖਾਤੇ ’ਚ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਤਿੰਨ ਕੁ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਆਪਣੇ ਵਾਅਦੇ ਮੁਤਾਬਕ ਇਹ ਸੌਗਾਤ ਦਿੱਤੀ ਸੀ। ਇਸ ਨਾਲ ਔਰਤਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੀ ਅਤੇ ਘਰ ਦੀਆਂ ਲੋੜਾਂ ਨੂੰ ਆਪਣੇ ਪੱਧਰ ਹੱਲ ਕਰਨ ਦੇ ਸਮਰੱਥ ਬਣ ਜਾਣਗੀਆਂ।