- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨੋਂ ਜਣੇ ਵਗਦੇ ਪਾਣੀ ਵਿਚ ਹੁੱਕ ਪਾ ਕੇ ਮੱਛੀਆਂ ਫੜ ਰਹੇ ਸਨ ਕਿ ਅਚਾਨਕ ਦਰਸ਼ਨ ਦਾ ਪੈਰ ਤਿਲਕ ਗਿਆ ਅਤੇ ਉਹ ਘੱਗਰ ਦਰਿਆ ਦੇ ਤੇਜ਼ ਵਹਾਅ ਵਿਚ ਰੁੜ੍ਹਨ ਲੱਗਾ। ਆਪਣੇ ਦੋਸਤ ਦਰਸ਼ਨ ਨੂੰ ਡੁੱਬਦਾ ਦੇਖ ਕੇ ਸੁਰਿੰਦਰ ਨੇ ਉਸ ਨੂੰ ਬਚਾਉਣ ਲਈ ਤੁਰੰਤ ਘੱਗਰ ਦਰਿਆ ਵਿਚ ਛਾਲ ਮਾਰ ਦਿੱਤੀ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਵੀ ਉਸ ਵਿਚ ਵਹਿ ਗਿਆ। ਕੁਝ ਹੀ ਪਲਾਂ ਵਿਚ ਦੋਵੇਂ ਅੱਖਾਂ ਤੋਂ ਓਹਲੇ ਹੋ ਗਏ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਭਾਂਖਰਪੁਰ ਨੇੜਿਓਂ ਲੰਘਦੇ ਘੱਗਰ ਦਰਿਆ ਵਿਚ ਮੱਛੀਆਂ ਫੜਨ ਦਾ ਸ਼ੌਕ ਤਿੰਨ ਦੋਸਤਾਂ ਲਈ ਉਸ ਸਮੇਂ ਬੇਹੱਦ ਮਹਿੰਗਾ ਸਾਬਤ ਹੋਇਆ, ਜਦੋਂ ਉਹ ਦਰਿਆ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ਵਿਚ ਦੋ ਦੋਸਤ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ ਅਤੇ ਲਾਪਤਾ ਹਨ, ਜਦੋਂਕਿ ਤੀਜੇ ਦੋਸਤ ਨੇ ਦਰਿਆ ਦੇ ਕੰਢੇ ਉੱਗੀਆਂ ਝਾੜੀਆਂ ਅਤੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਫੜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਲਾਪਤਾ ਹੋਏ ਵਿਅਕਤੀਆਂ ਦੀ ਉਮਰ ਲਗਭਗ 45 ਸਾਲ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਤਿੰਨ ਦੋਸਤ ਚੰਦਾ, ਸੁਰਿੰਦਰ ਅਤੇ ਦਰਸ਼ਨ, ਬੀਤੇ ਕੱਲ੍ਹ ਦੁਪਹਿਰ ਲਗਭਗ 2:30 ਵਜੇ ਇਕ ਆਟੋ ਰਾਹੀਂ ਭਾਂਖਰਪੁਰ ਨੇੜੇ ਘੱਗਰ ਦਰਿਆ ਵਿਚੋਂ ਮੱਛੀਆਂ ਫੜਨ ਆਏ ਸਨ। ਤਿੰਨੋਂ ਜਣੇ ਵਗਦੇ ਪਾਣੀ ਵਿਚ ਹੁੱਕ ਪਾ ਕੇ ਮੱਛੀਆਂ ਫੜ ਰਹੇ ਸਨ ਕਿ ਅਚਾਨਕ ਦਰਸ਼ਨ ਦਾ ਪੈਰ ਤਿਲਕ ਗਿਆ ਅਤੇ ਉਹ ਘੱਗਰ ਦਰਿਆ ਦੇ ਤੇਜ਼ ਵਹਾਅ ਵਿਚ ਰੁੜ੍ਹਨ ਲੱਗਾ। ਆਪਣੇ ਦੋਸਤ ਦਰਸ਼ਨ ਨੂੰ ਡੁੱਬਦਾ ਦੇਖ ਕੇ ਸੁਰਿੰਦਰ ਨੇ ਉਸ ਨੂੰ ਬਚਾਉਣ ਲਈ ਤੁਰੰਤ ਘੱਗਰ ਦਰਿਆ ਵਿਚ ਛਾਲ ਮਾਰ ਦਿੱਤੀ, ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਵੀ ਉਸ ਵਿਚ ਵਹਿ ਗਿਆ। ਕੁਝ ਹੀ ਪਲਾਂ ਵਿਚ ਦੋਵੇਂ ਅੱਖਾਂ ਤੋਂ ਓਹਲੇ ਹੋ ਗਏ। ਇਸ ਦੌਰਾਨ ਤੀਜੇ ਦੋਸਤ ਚੰਦਾ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਖ਼ੁਦ ਵੀ ਪਾਣੀ ਦੀ ਲਪੇਟ ਵਿਚ ਆ ਗਿਆ। ਹਾਲਾਂਕਿ, ਚੰਦਾ ਨੇ ਹਿੰਮਤ ਨਾ ਹਾਰੀ ਅਤੇ ਘੱਗਰ ਦਰਿਆ ਦੇ ਕੰਢੇ ਉੱਗੀਆਂ ਝਾੜੀਆਂ ਅਤੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਨਾਲ ਫੜ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਦੋਵਾਂ ਪਰਿਵਾਰਾਂ ਵਿਚ ਚੀਕ-ਚਿਹਾੜਾ ਪੈ ਗਿਆ। ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨਦੀ ਦੇ ਕੰਢੇ ਪਹੁੰਚ ਗਏ ਅਤੇ ਦੇਰ ਸ਼ਾਮ ਤੱਕ ਆਪਣੇ ਅਜ਼ੀਜ਼ਾਂ ਦੀ ਸਲਾਮਤੀ ਦੀ ਆਸ ਵਿਚ ਉੱਥੇ ਡਟੇ ਰਹੇ।
ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ
ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਬਨੂੜ ਵੀਆਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿੱਥੇ ਨਦੀ ਦਾ ਵਹਾਅ ਹੋਰ ਉੱਪਰ ਵੱਲ ਹੈ। ਸ਼ਨਿਚਰਵਾਰ ਸਵੇਰੇ ਬਚਾਅ ਟੀਮਾਂ ਅਤੇ ਪੁਲਿਸ ਦੀ ਮਦਦ ਨਾਲ ਸਰਚ ਆਪ੍ਰੇਸ਼ਨ ਮੁੜ ਸ਼ੁਰੂ ਕੀਤਾ ਗਿਆ। ਪੁਲਿਸ ਮੁਤਾਬਕ ਸ਼ਨਿਚਰਵਾਰ ਸ਼ਾਮ ਤੱਕ ਕਾਫ਼ੀ ਮੁਸ਼ੱਕਤ ਦੇ ਬਾਵਜੂਦ ਲਾਪਤਾ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਭਾਲ ਲਗਾਤਾਰ ਜਾਰੀ ਹੈ।