- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ’ਚ ਕਰੀਬ 9.5 ਲੱਖ ਵੋਟਰ ਪੱਕੇ ਤੌਰ ’ਤੇ ਸੂਬੇ ਤੋਂ ਬਾਹਰ ਜਾ ਚੁੱਕੇ ਹਨ। 5.75 ਲੱਖ ਦੀ ਮੌਤ ਹੋ ਚੁੱਕੀ ਹੈ। ਕਰੀਬ 1.20 ਲੱਖ ਨਾਮ ਡੁਪਲੀਕੇਟ ਪਾਏ ਗਏ ਹਨ ਤੇ 4.12 ਲੱਖ ਵੋਟਰਾਂ ਦਾ ਪੂਰੇ ਪੰਜਾਬ ’ਚ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਡਰਾਫਟ ਸੂਚੀ ’ਚ ਨਾਮ ਨਾ ਹੋਣ 'ਤੇ ਵੋਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਸਟੇਟ ਬਿਊਰੇ, ਜਾਗਰਣ, ਚੰਡੀਗੜ੍ਹ : ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਕਰੀਬ ਪੰਜ ਮਹੀਨੇ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੋਧ (ਐੱਸਆਈਆਰ) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਚੋਣ ਕਮਿਸ਼ਨ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕਰੇਗਾ। ਜੂਨ 2026 ਦੀ ਵੋਟਰ ਸੂਚੀ ’ਚ ਸ਼ਾਮਲ 20.66 ਲੱਖ ਵੋਟਰਾਂ ਦੇ ਨਾਮ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਸੂਚੀ ’ਚ ਨਹੀਂ ਹੋਣਗੇ। ਇਨ੍ਹਾਂ ’ਚ ਕਰੀਬ 9.5 ਲੱਖ ਵੋਟਰ ਪੱਕੇ ਤੌਰ ’ਤੇ ਸੂਬੇ ਤੋਂ ਬਾਹਰ ਜਾ ਚੁੱਕੇ ਹਨ। 5.75 ਲੱਖ ਦੀ ਮੌਤ ਹੋ ਚੁੱਕੀ ਹੈ। ਕਰੀਬ 1.20 ਲੱਖ ਨਾਮ ਡੁਪਲੀਕੇਟ ਪਾਏ ਗਏ ਹਨ ਤੇ 4.12 ਲੱਖ ਵੋਟਰਾਂ ਦਾ ਪੂਰੇ ਪੰਜਾਬ ’ਚ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਡਰਾਫਟ ਸੂਚੀ ’ਚ ਨਾਮ ਨਾ ਹੋਣ 'ਤੇ ਵੋਟਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਯੋਗ ਵਿਅਕਤੀ 13 ਅਗਸਤ ਤੋਂ 12 ਸਤੰਬਰ ਤੱਕ ਦਾਅਵਾ ਜਾਂ ਇਤਰਾਜ਼ ਦਾਖ਼ਲ ਕਰ ਸਕਦੇ ਹਨ। ਨਾਮ ਜੋੜਨ ਲਈ ਫਾਰਮ-6 ਭਰਨਾ ਹੋਵੇਗਾ। ਇਹ ਪ੍ਰਕਿਰਿਆ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਵੱਲੋਂ ਦਾਅਵਿਆਂ ਤੇ ਇਤਰਾਜ਼ਾਂ ਦੀ ਜਾਂਚ ਤੋਂ ਬਾਅਦ ਯੋਗ ਵੋਟਰਾਂ ਦੇ ਨਾਮ ਅੰਤਿਮ ਸੂਚੀ ’ਚ ਸ਼ਾਮਲ ਕੀਤੇ ਜਾ ਸਕਦੇ ਹਨ।
12.80 ਲੱਖ ਵੋਟਰਾਂ ਦਾ ਰਿਕਾਰਡ ਨਹੀਂ ਹੋਇਆ ਮੈਪ
ਐੱਸਆਈਆਰ ਦੌਰਾਨ ਕਰੀਬ 12.80 ਲੱਖ ਅਜਿਹੇ ਵੋਟਰ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦਾ ਮੌਜੂਦਾ ਰਿਕਾਰਡ ਸਾਲ 2003 ਜਾਂ ਇਸ ਤੋਂ ਪਹਿਲਾਂ ਦੀ ਪਿਛਲੀ ਐੱਸਆਈਆਰ ਵੋਟਰ ਸੂਚੀ ਨਾਲ ਮੈਪ ਨਹੀਂ ਹੋ ਸਕਿਆ। ਅਜਿਹੇ ਵੋਟਰਾਂ ਦਾ ਨਾਮ ਡਰਾਫਟ ਸੂਚੀ ’ਚ ਹੋ ਸਕਦਾ ਹੈ। ਸਿਰਫ਼ ਅਨਮੈਪਡ ਹੋਣ ਦੇ ਆਧਾਰ ’ਤੇ ਨਾਮ ਆਪਣੇ ਆਪ ਅੰਤਿਮ ਸੂਚੀ ਤੋਂ ਬਾਹਰ ਨਹੀਂ ਹੋਵੇਗਾ। 13 ਅਗਸਤ ਤੋਂ ਅਜਿਹੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਨੂੰ ਆਪਣੀ ਯੋਗਤਾ ਤੇ ਲੋੜੀਂਦੇ ਦਸਤਾਵੇਜ਼ਾਂ ਰਾਹੀਂ ਰਿਕਾਰਡ ਦੀ ਪੁਸ਼ਟੀ ਕਰਵਾਉਣ ਦਾ ਮੌਕਾ ਮਿਲੇਗਾ।
ਹੁਣ ਕਿਸ ਨੂੰ ਕੀ ਕਰਨਾ ਹੋਵੇਗਾ
ਡਰਾਫਟ ਸੂਚੀ ’ਚ ਨਹੀਂ ਨਹੀਂ ਤਾਂ ਕੀ ਕਰੀਏ?
-13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ ਪਹਿਲਾਂ ਆਪਣਾ ਨਾਂ ਚੈੱਕ ਕਰੋ। ਨਾਂ ਨਾ ਮਿਲਣ ’ਤੇ ਯੋਗ ਵੋਟਰ ਫਾਰਮ-6 ਭਰ ਕੇ ਨਾਮ ਸ਼ਾਮਲ ਕਰਵਾਉਣ ਲਈ ਦਾਅਵਾ ਦਾਖ਼ਲ ਕਰਨ।
ਨੈਂ ਹੈ, ਪਰ ਜਾਣਕਾਰੀ ਗ਼ਲਤ ਹੈ ਤਾਂ ਕੀ ਕਰੀਏ?
-ਨਾਮ, ਪਤਾ ਜਾਂ ਹੋਰ ਵੇਰਵਿਆਂ ’ਚ ਗ਼ਲਤੀ ਹੋਣ ’ਤੇ ਚੋਣ ਕਮਿਸ਼ਨ ਦੀ ਤੈਅ ਪ੍ਰਕਿਰਿਆ ਤਹਿਤ ਸੋਧ ਲਈ ਅਰਜ਼ੀ ਦਿਓ।
ਵੋਟ ਅਨਮੈਪਡ ਹੈ ਤਾਂ ਕੀ ਕਰੀਏ?
-ਘਬਰਾਓ ਨਾ। 13 ਅਗਸਤ ਤੋਂ ਮਿਲਣ ਵਾਲੇ ਨੋਟਿਸ ਦਾ ਜਵਾਬ ਦਿਓ ਤੇ ਈਆਰਓ/ਬੀਐੱਲਓ ਵੱਲੋਂ ਮੰਗੇ ਗਏ ਯੋਗਤਾ ਸਬੰਧੀ ਦਸਤਾਵੇਜ਼ ਉਪਲਬਧ ਕਰਵਾਓ।
ਕਿੱਥੇ ਜਮ੍ਹਾਂ ਕਰੀਏ ਫਾਰਮ?
-ਆਪਣੇ ਵੋਟਿੰਗ ਕੇਂਦਰ ਦੇ ਬੀਐੱਲਓ ਕੋਲ, ਵਿਸ਼ੇਸ਼ ਕੈਂਪ ’ਚ ਜਾਂ ਈਆਰਓ/ਏਈਆਰਓ ਦਫ਼ਤਰ ’ਚ ਅਰਜ਼ੀ ਜਮ੍ਹਾਂ ਕੀਤੀ ਜਾ ਸਕਦੀ ਹੈ। ਆਨਲਾਈਨ ਅਰਜ਼ੀ ਲਈ voters.eci.gov.in ਜਾਂ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਰਜ਼ੀ ਦੀ ਰਸੀਦ ਸੰਭਾਲ ਕੇ ਰੱਖੋ
-ਆਫਲਾਈਨ ਅਰਜ਼ੀ ਜਮ੍ਹਾਂ ਕਰਵਾਉਂਦੇ ਸਮੇਂ ਰਸੀਦ ਜ਼ਰੂਰ ਲਓ। ਆਨਲਾਈਨ ਅਰਜ਼ੀ ਤੋਂ ਬਾਅਦ ਮਿਲਣ ਵਾਲੀ ਰੈਫ਼ਰੈਂਸ ਆਈਡੀ ਨਾਲ ਅਰਜ਼ੀ ਦੀ ਸਥਿਤੀ ਦੇਖੀ ਜਾ ਸਕਦੀ ਹੈ।
ਫਾਰਮ-6 ਨਾਲ ਕਿਹੜੇ ਦਸਤਾਵੇਜ਼ ਜ਼ਰੂਰੀ
ਨਾਂ ਦਰਜ ਕਰਵਾਉਣ ਲਈ ਉਮਰ ਤੇ ਰਿਹਾਇਸ਼ ਨਾਲ ਸਬੰਧਤ ਦਸਤਾਵੇਜ਼ ਦੇਣੇ ਹੋਣਗੇ। ਉਮਰ ਦੇ ਸਬੂਤ ਵਜੋਂ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਜਾਂ ਭਾਰਤੀ ਪਾਸਪੋਰਟ ’ਚੋਂ ਲਾਗੂ ਦਸਤਾਵੇਜ਼ ਦਿੱਤਾ ਜਾ ਸਕਦਾ ਹੈ। ਰਿਹਾਇਸ਼ ਦੇ ਸਬੂਤ ਲਈ ਬੈਂਕ ਜਾਂ ਡਾਕਘਰ ਦੀ ਪਾਸਬੁੱਕ, ਬਿਜਲੀ, ਪਾਣੀ ਜਾਂ ਗੈਸ ਦਾ ਬਿੱਲ, ਆਧਾਰ ਕਾਰਡ, ਪਾਸਪੋਰਟ, ਰਜਿਸਟਰਡ ਕਿਰਾਏਨਾਮਾ ਜਾਂ ਰਜਿਸਟਰਡ ਸੇਲ ਡੀਡ ਵਰਗੇ ਦਸਤਾਵੇਜ਼ ਦਿੱਤੇ ਜਾ ਸਕਦੇ ਹਨ। ਅਰਜ਼ੀ ਦੇ ਨਾਲ ਹਾਲੀਆ ਪਾਸਪੋਰਟ ਸਾਈਜ਼ ਰੰਗੀਨ ਫੋਟੋ ਵੀ ਦੇਣੀ ਹੋਵੇਗੀ।
12 ਸਤੰਬਰ ਤੱਕ ਦਾਅਵਾ-ਇਤਰਾਜ਼
ਡਰਾਫਟ ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਾਖ਼ਲ ਕੀਤੇ ਜਾ ਸਕਣਗੇ। ਇਸ ਤੋਂ ਬਾਅਦ ਈਆਰਓ ਤੇ ਏਈਆਰਓ ਪੱਧਰ ’ਤੇ ਜਾਂਚ, ਨੋਟਿਸ, ਸੁਣਵਾਈ ਤੇ ਨਿਪਟਾਰੇ ਦੀ ਪ੍ਰਕਿਰਿਆ ਹੋਵੇਗੀ। ਯੋਗ ਪਾਏ ਜਾਣ ’ਤੇ ਨਾਮ ਅੰਤਿਮ ਵੋਟਰ ਸੂਚੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਲਈ ਹਰੇਕ ਵੋਟਰ ਲਈ ਜ਼ਰੂਰੀ ਹੈ ਕਿ ਉਹ ਡਰਾਫਟ ਸੂਚੀ ’ਚ ਆਪਣਾ ਨਾਮ ਤੇ ਵੇਰਵੇ ਸਮੇਂ ਸਿਰ ਜਾਂਚ ਲਵੇ।
ਨਾਮ ਜੋੜਨ ਦੀ ਪ੍ਰਕਿਰਿਆ
13 ਅਗਸਤ ਨੂੰ ਡਰਾਫਟ ਸੂਚੀ ’ਚ ਨਾਮ ਜਾਂਚੋ।
ਨਾਮ ਨਹੀਂ ਤਾਂ ਫਾਰਮ-6 ਭਰੋ।
ਉਮਰ ਤੇ ਰਿਹਾਇਸ਼ ਦੇ ਦਸਤਾਵੇਜ਼ ਲਗਾਓ।
ਅਰਜ਼ੀ ਬੀਐੱਲਓ/ਈਆਰਓ ਦਫ਼ਤਰ ’ਚ ਜਮ੍ਹਾਂ ਕਰੋ ਜਾਂ ਆਨਲਾਈਨ ਅਰਜ਼ੀ ਦਿਓ।
ਮਿਲੀ ਰੈਫ਼ਰੈਂਸ ਆਈਡੀ ਨਾਲ ਅਰਜ਼ੀ ਦੀ ਸਥਿਤੀ ਜਾਂਚੋ।
12 ਸਤੰਬਰ ਤੱਕ ਦਾਅਵਾ ਜਾਂ ਇਤਰਾਜ਼ ਦਾਖ਼ਲ ਕਰਨਾ ਨਾ ਭੁੱਲੋ।