- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਨਮ ਅਸ਼ਟਮੀ ਮੌਕੇ ਆਪਣੇ ਪਾਲਤੂ ਕੁੱਤੇ ਨੂੰ ਭਗਵਾਨ ਕ੍ਰਿਸ਼ਨ ਦੀ ਵੇਸ਼ਭੂਸ਼ਾ ਪਹਿਨਾ ਕੇ ਉਸ ਦੀਆਂ ਤਸਵੀਰਾਂ ਵ੍ਹਟਸਐਪ ਸਟੇਟਸ 'ਤੇ ਲਾਉਣ ਦੇ ਮਾਮਲੇ ਵਿਚ ਇਕ ਔਰਤ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰ ਦਿੱਤੀ ਹੈ।

ਦਿਆਨੰਦ ਸ਼ਰਮਾ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਨਮ ਅਸ਼ਟਮੀ ਮੌਕੇ ਆਪਣੇ ਪਾਲਤੂ ਕੁੱਤੇ ਨੂੰ ਭਗਵਾਨ ਕ੍ਰਿਸ਼ਨ ਦੀ ਵੇਸ਼ਭੂਸ਼ਾ ਪਹਿਨਾ ਕੇ ਉਸ ਦੀਆਂ ਤਸਵੀਰਾਂ ਵ੍ਹਟਸਐਪ ਸਟੇਟਸ 'ਤੇ ਲਾਉਣ ਦੇ ਮਾਮਲੇ ਵਿਚ ਇਕ ਔਰਤ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ-298 ਤਹਿਤ ਅਪਰਾਧ ਦੇ ਲੋੜੀਂਦੇ ਤੱਤ ਇਸ ਮਾਮਲੇ ਵਿਚ ਮੌਜੂਦ ਨਹੀਂ ਹਨ। ਔਰਤ ਦਾ ਇਹ ਕਦਮ ਭਗਤੀ, ਪਿਆਰ ਤੇ ਸਨੇਹ ਦਾ ਪ੍ਰਗਟਾਵਾ ਸੀ, ਨਾ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਦੁਰਭਾਵਨਾ।
ਜਸਟਿਸ ਸੁਭਾਸ਼ ਮਹਿਤਾ ਨੇ ਇਹ ਹੁਕਮ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਵਿਚ 3 ਸਤੰਬਰ 2024 ਨੂੰ ਦਰਜ ਐੱਫਆਈਆਰ ਰੱਦ ਕਰਦਿਆਂ ਜਾਰੀ ਕੀਤਾ। ਸ਼ਿਕਾਇਤ ਇਕ ਸਿਆਸੀ ਪਾਰਟੀ ਦੇ ਨੌਜਵਾਨ ਆਗੂ ਨੇ ਦਿੱਤੀ ਸੀ। ਦੋਸ਼ ਸੀ ਕਿ ਔਰਤ ਨੇ ਆਪਣੇ ਪਾਲਤੂ ਕੁੱਤੇ ਨੂੰ ਪੀਲੇ ਵਸਤਰ, ਮੁਕਟ ਤੇ ਗਹਿਣੇ ਪਹਿਨਾ ਕੇ ਭਗਵਾਨ ਕ੍ਰਿਸ਼ਨ ਦਾ ਰੂਪ ਦਿੱਤਾ ਤੇ ਉਸ ਦੀਆਂ ਤਸਵੀਰਾਂ ਵ੍ਹਟਸਐਪ ਸਟੇਟਸ 'ਤੇ ਸਾਂਝੀਆਂ ਕਰਕੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ।
'ਪਾਲਤੂ ਕੁੱਤੇ ਨੂੰ ਬੱਚੇ ਵਾਂਗ ਮੰਨਦੀ ਹਾਂ'
ਜਾਂਚ ਦੌਰਾਨ ਔਰਤ ਨੇ ਦੱਸਿਆ ਕਿ ਵਿਆਹ ਦੇ ਛੇ ਸਾਲ ਬਾਅਦ ਵੀ ਉਸ ਦੀ ਕੋਈ ਸੰਤਾਨ ਨਹੀਂ ਹੈ, ਇਸ ਲਈ ਉਹ ਆਪਣੇ ਪਾਲਤੂ ਕੁੱਤੇ ਨੂੰ ਬੱਚੇ ਵਾਂਗ ਮੰਨਦੀ ਹੈ। ਉਸ ਨੇ ਕਿਹਾ ਕਿ ਜਨਮ ਅਸ਼ਟਮੀ ਮੌਕੇ ਉਸ ਨੂੰ ਕ੍ਰਿਸ਼ਨ ਦਾ ਰੂਪ ਦੇਣਾ ਸਿਰਫ਼ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਸੀ। ਔਰਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ-298 ਇਸ ਮਾਮਲੇ 'ਤੇ ਲਾਗੂ ਨਹੀਂ ਹੁੰਦੀ ਤੇ ਇਹ ਕਾਰਵਾਈ ਇਕ ਅਤਿ-ਸੰਵੇਦਨਸ਼ੀਲ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕੀਤੀ ਗਈ। ਦੂਜੇ ਪਾਸੇ, ਸੂਬਾ ਸਰਕਾਰ ਨੇ ਦਲੀਲ ਦਿੱਤੀ ਕਿ ਇਹ ਪਹਿਲੀ ਨਜ਼ਰੇ ਅਪਰਾਧ ਬਣਦਾ ਹੈ।
'ਸੰਵਿਧਾਨਕ ਸਹਿਣਸ਼ੀਲਤਾ ਨੂੰ ਪਹਿਲ'
ਸੁਣਵਾਈ ਦੌਰਾਨ ਜਸਟਿਸ ਮਹਿਤਾ ਨੇ ਕਿਹਾ ਕਿ ਜਨਮ ਅਸ਼ਟਮੀ ਦੇ ਰਵਾਇਤੀ ਪਹਿਰਾਵੇ ਵਿੱਚ ਪਾਲਤੂ ਕੁੱਤੇ ਨੂੰ ਸਜਾਉਣਾ ਸਦਭਾਵਨਾ ਨਾਲ ਕੀਤਾ ਗਿਆ ਕਦਮ ਸੀ ਅਤੇ ਵ੍ਹਟਸਐਪ 'ਤੇ ਤਸਵੀਰਾਂ ਸਾਂਝੀਆਂ ਕਰਨਾ ਉਸ ਦੇ ਪਿਆਰ ਅਤੇ ਸਨੇਹ ਦਾ ਪ੍ਰਗਟਾਵਾ ਸੀ। ਅਦਾਲਤ ਨੇ ਕਿਹਾ ਕਿ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਣ ਦਾ ਸਵਾਲ ਮੁੱਖ ਤੌਰ 'ਤੇ ਉਸ ਸੰਕੀਰਨ ਸੋਚ ਕਾਰਨ ਪੈਦਾ ਹੁੰਦਾ ਹੈ, ਜਿਸ ਤਹਿਤ ਕੁੱਤੇ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ।
ਗੀਤਾ, ਮਹਾਭਾਰਤ ਅਤੇ ਸੰਵਿਧਾਨ ਦਾ ਦਿੱਤਾ ਹਵਾਲਾ
ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਭਗਵਦ ਗੀਤਾ ਦੇ ਅਧਿਆਇ-5 ਦੇ ਸ਼ਲੋਕ-18 ਦਾ ਹਵਾਲਾ ਦਿੰਦਿਆਂ ਕਿਹਾ ਕਿ ਗਿਆਨੀ ਮਨੁੱਖ ਬ੍ਰਾਹਮਣ, ਗਾਂ, ਹਾਥੀ, ਕੁੱਤੇ ਅਤੇ ਚੰਡਾਲ ਵਿੱਚ ਇੱਕੋ ਆਤਮਾ ਦਾ ਦਰਸ਼ਨ ਕਰਦਾ ਹੈ। ਅਦਾਲਤ ਨੇ ਕਿਹਾ ਕਿ ਜੇ ਭਗਵਾਨ ਕ੍ਰਿਸ਼ਨ ਖੁਦ ਇਹ ਸਿੱਖਿਆ ਦਿੰਦੇ ਹਨ ਤਾਂ ਕੁੱਤੇ ਵਿੱਚ ਕ੍ਰਿਸ਼ਨ ਦਾ ਰੂਪ ਦੇਖਣਾ ਅਪਮਾਨ ਨਹੀਂ, ਸਗੋਂ ਦੈਵੀ ਸੱਚ ਦੀ ਅਨੁਭੂਤੀ ਹੈ।
ਅਦਾਲਤ ਨੇ ਮਹਾਭਾਰਤ ਦੇ ਮਹਾਪ੍ਰਸਥਾਨਿਕ ਪਰਵ, ਕਾਲ ਭੈਰਵ ਨਾਲ ਜੁੜੀ ਪਰੰਪਰਾ, ਸੰਤ ਕਬੀਰ ਦੀਆਂ ਸਿੱਖਿਆਵਾਂ ਅਤੇ ਹੋਰ ਧਾਰਮਿਕ ਪਰੰਪਰਾਵਾਂ ਦਾ ਵੀ ਜ਼ਿਕਰ ਕੀਤਾ। ਨਾਲ ਹੀ ਕਿਹਾ ਕਿ ਸੰਵਿਧਾਨ ਦਾ ਸੈਕਸ਼ਨ-19(1)(ਏ) ਪ੍ਰਤੀਕਾਤਮਕ ਅਭਿਵਿਅਕਤੀ ਦੀ ਆਜ਼ਾਦੀ ਅਤੇ ਸੈਕਸ਼ਨ-25 ਧਾਰਮਿਕ ਆਸਥਾ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ। ਅਦਾਲਤ ਨੇ ਕਿਹਾ ਕਿ ਅਪਰਾਧਿਕ ਮਨਸ਼ਾ ਦੇ ਬਿਨਾਂ ਸਿਰਫ਼ ਕਿਸੇ ਦੀਆਂ ਵਿਅਕਤੀਗਤ ਭਾਵਨਾਵਾਂ ਆਹਤ ਹੋਣ ਦੇ ਆਧਾਰ 'ਤੇ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸੰਵਿਧਾਨਕ ਸਹਿਣਸ਼ੀਲਤਾ ਨੂੰ ਅਤਿ-ਸੰਵੇਦਨਸ਼ੀਲਤਾ 'ਤੇ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਟਿੱਪਣੀਆਂ ਨਾਲ ਅਦਾਲਤ ਨੇ 3 ਸਤੰਬਰ 2024 ਨੂੰ ਦਰਜ ਐੱਫਆਈਆਰ ਅਤੇ ਉਸ ਨਾਲ ਸਬੰਧਤ ਸਾਰੀ ਅਗਲੇਰੀ ਕਾਰਵਾਈ ਰੱਦ ਕਰ ਦਿੱਤੀ।