ਭਾਗੋਮਾਜਰਾ ’ਚ ਸੀਵਰੇਜ ਦਾ ਪਾਣੀ ਧਰਤੀ ਵਿਚ ਛੱਡਣ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ
ਸੀਵਰੇਜ ਦਾ ਪਾਣੀ ਧਰਤੀ ਵਿਚ ਛੱਡਣ ਕਾਰਨ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ,
Publish Date: Mon, 22 Jun 2026 06:41 PM (IST)
Updated Date: Tue, 23 Jun 2026 04:04 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪਿੰਡ ਭਾਗੋਮਾਜਰਾ ਨੇੜੇ ਪ੍ਰਾਈਵੇਟ ਹਾਊਸਿੰਗ ਅਤੇ ਕਮਰਸ਼ੀਅਲ ਪ੍ਰੋਜੈਕਟਾਂ ਲਈ ਕੰਪਨੀਆਂ ਵੱਲੋਂ ਕੀਤੀ ਗਈ ਉਸਾਰੀ ਦੌਰਾਨ ਕਥਿਤ ਤੌਰ ’ਤੇ ਸੀਵਰੇਜ ਦਾ ਪਾਣੀ ਧਰਤੀ ਵਿਚ ਛੱਡਣ ਦਾ ਮਾਮਾਲਾ ਕਾਫ਼ੀ ਭਖ ਗਿਆ ਹੈ। ਪਿੰਡ ਵਾਸੀਆਂ ਨੇ ਇਸ ਕਾਰਵਾਈ ਦਾ ਵਿਰੋਧ ਪ੍ਰਦਰਸ਼ਨ ਕਰਦਿਆਂ ਕੰਪਨੀਆਂ ਨੂੰ ਇਹ ਕੰਮ ਫੌਰੀ ਬੰਦ ਕਰਨ ਦੀ ਮੰਗ ਕੀਤੀ ਹੈ। ਸਰਪੰਚ ਗੁਰਜੰਟ ਸਿੰਘ ਪੂਨੀਆ, ਬਲਜਿੰਦਰ ਸਿੰਘ ਭਾਗੋਮਾਜਰਾ, ਜਸਵੀਰ ਸਿੰਘ, ਜਸਵਿੰਦਰ ਸਿੰਘ, ਦੀਦਾਰ ਸਿੰਘ, ਅਜਾਇਬ ਸਿੰਘ, ਪਰਮਜੀਤ ਸਿੰਘ (ਸਾਰੇ ਪੰਚ), ਰਣਜੀਤ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ ਸੁਰਮੁੱਖ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਕੁਲਵੰਤ ਸਿੰਘ, ਦਲਵੀਰ ਸਿੰਘ, ਹਰਬੰਸ ਲਾਲ, ਰਮੇਸ਼ ਕੁਮਾਰ, ਰਜਿੰਦਰ ਸਿੰਘ, ਜਗਤਾਰ ਸਿੰਘ ਜੱਗੀ, ਹਰਦੀਪ ਸਿੰਘ ਲੱਖਾ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਪਿੰਡ ਵਿਚ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਗੋਮਾਜਰਾ ਨੇੜੇ ਬਹੁਮੰਜ਼ਿਲਾਂ ਇਮਾਰਤਾਂ ਦੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ’ਚ ਸੀਵਰੇਜ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ। ਪਿੰਡ ਵਾਸੀਆਂ ਨੇ ਸਰਪੰਚ ਦੀ ਅਗਵਾਈ ਹੇਠ ਅੱਜ ਮੌਕਾ ਦੇਖਿਆ, ਜਿੱਥੇ ਕੰਪਨੀ ਵੱਲੋਂ ਸੀਵਰੇਜ ਦਾ ਗੰਦਾ ਪਾਣੀ, 250 ਫੁੱਟ ਡੂੰਘੇ ਬੋਰ ਕਰਕੇ ਧਰਤੀ ਵਿਚ ਛੱਡਿਆ ਹੋਇਆ ਸੀ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ ਕਿਉਂਕਿ 200 ਤੋਂ 250 ਫੁੱਟ ਡੂੰਘੇ ਬੋਰ ਕਰਕੇ ਆਮ ਲੋਕ ਪਾਣੀ ਦੀ ਵਰਤੋਂ ਕਰ ਰਹੇ ਹਨ, ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੇ ਕੰਪਨੀ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਇਕ ਕੰਪਨੀ ਨੇ 250 ਡੂੰਘਾ ਬੋਰ ਕਰਕੇ ਧਰਤੀ ਵਿਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਸੀ ਪਰ ਹੁਣ ਇਕ ਹੋਰ ਕੰਪਨੀ ਵੱਲੋਂ ਚਾਰ-ਪੰਜ 250 ਫੁੱਟ ਡੂੰਘੇ ਬੋਰ ਕੀਤੇ ਜਾ ਰਹੇ ਹਨ। ਜਦੋਂ ਪਿੰਡ ਵਾਸੀ ਇਕੱਠੇ ਹੋ ਕੇ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਬੋਰ ਬਰਸਾਤੀ ਪਾਣੀ ਲਈ ਕੀਤੇ ਗਏ ਹਨ ਪ੍ਰੰਤੂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੰਪਨੀਆਂ ਕੋਲ ਸੀਵਰੇਜ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਉਹ ਸੀਵਰੇਜ ਦਾ ਪਾਣੀ ਬੋਰ ਰਾਹੀਂ ਧਰਤੀ ਵਿਚ ਸੁੱਟ ਰਹੇ ਹਨ। ਪਿੰਡ ਵਾਸੀਆਂ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾਵੇ ਅਤੇ ਜ਼ਿੰਮੇਵਾਰ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।