- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਜਨਰਲ ਜੌਨ ਵਾਕ ਨੇ ਦੋਸ਼ ਲਗਾਇਆ ਕਿ ਬੇਦੀ ਨੇ ਉਨ੍ਹਾਂ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕੀਤੀ, ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਸੀ। ਉਨ੍ਹਾਂ ਮੁਤਾਬਕ, ਉਸ ਦੀ ਕਰਿਆਨੇ ਦੀ ਦੁਕਾਨ ਕਥਿਤ ਤੌਰ ’ਤੇ ਮਨੀ ਲਾਂਡਰਿੰਗ ਲਈ ਵਰਤੇ ਜਾਣ ਵਾਲੇ ਠਿਕਾਣੇ ਵਾਂਗ ਕੰਮ ਕਰ ਰਹੀ ਸੀ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਸਤੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਐੱਫਬੀਆਈ ਦੀ ਮੋਸਟ ਵਾਂਟੇਡ ਠੱਗਾਂ ਦੀ ਸੂਚੀ ਵਿੱਚ ਸ਼ਾਮਲ 64 ਸਾਲਾ ਮਨਜੀਤ ਸਿੰਘ ਬੇਦੀ ਅਮਰੀਕਾ ਪਰਤ ਗਿਆ ਹੈ। ਐੱਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੇਦੀ ਇਸ ਹਫ਼ਤੇ ਸਿਆਟਲ ਪਹੁੰਚਿਆ ਅਤੇ ਸ਼ੁੱਕਰਵਾਰ ਨੂੰ ਅਮਰੀਕੀ ਅਦਾਲਤ ਵਿੱਚ ਉਸ ਦੀ ਪਹਿਲੀ ਪੇਸ਼ੀ ਹੋਣੀ ਹੈ।
ਕਾਸ਼ ਪਟੇਲ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕਰਕੇ ਦੱਸਿਆ ਕਿ ਮਨਜੀਤ ਸਿੰਘ ਬੇਦੀ ਨੂੰ ਸਤੰਬਰ ਵਿੱਚ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਦੀ ਅਮਰੀਕਾ ਵਾਪਸੀ ਨੂੰ ਐੱਫਬੀਆਈ ਦੀ ਭਗੌੜਿਆਂ ਨੂੰ ਫੜਨ ਦੀ ਮੁਹਿੰਮ ਵਿੱਚ ਇੱਕ ਹੋਰ ਉਪਲਬਧੀ ਦੱਸਿਆ।
ਖੁਰਾਕ ਸਹਾਇਤਾ ਯੋਜਨਾ ਵਿੱਚ ਧੋਖਾਧੜੀ ਦਾ ਦੋਸ਼
ਵਾਸ਼ਿੰਗਟਨ ਦੇ ਕੇਂਟ ਦਾ ਰਹਿਣ ਵਾਲਾ ਬੇਦੀ ਪਹਿਲਾਂ ਟੈਕੋਮਾ ਵਿੱਚ ਇੱਕ ਏਸ਼ਿਆਈ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਅਮਰੀਕੀ ਸਰਕਾਰੀ ਵਕੀਲਾਂ ਮੁਤਾਬਕ, ਉਸ ’ਤੇ 2024 ਤੋਂ 2025 ਦਰਮਿਆਨ ਅਮਰੀਕੀ ਸਰਕਾਰ ਦੀ ਖੁਰਾਕ ਸਹਾਇਤਾ ਯੋਜਨਾ ਨਾਲ ਘੱਟੋ-ਘੱਟ 6 ਲੱਖ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਦੋਸ਼ ਹੈ ਕਿ ਬੇਦੀ ਨੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ (SNAP) ਦੇ ਲਾਭਪਾਤਰੀਆਂ ਦੇ ਇਲੈਕਟ੍ਰਾਨਿਕ ਬੈਨੀਫਿਟ ਟਰਾਂਸਫਰ (EBT) ਕਾਰਡਾਂ ਦੀ ਵਰਤੋਂ ਕਰਕੇ ਧੋਖੇ ਨਾਲ ਖੁਰਾਕੀ ਸਮਾਨ ਖਰੀਦਿਆ। ਇਸ ਤੋਂ ਬਾਅਦ ਲਾਭਪਾਤਰੀਆਂ ਨੂੰ ਰਕਮ ਦਾ ਅੱਧਾ ਹਿੱਸਾ ਨਕਦ ਵਾਪਸ ਕਰ ਦਿੱਤਾ ਜਾਂਦਾ ਸੀ ਅਤੇ ਬਾਕੀ ਰਕਮ ਉਹ ਆਪਣੇ ਕੋਲ ਰੱਖ ਲੈਂਦਾ ਸੀ।
ਅਮਰੀਕਾ ਵਿੱਚ ਅਪ੍ਰੈਲ ਮਹੀਨੇ ਬੇਦੀ ਖ਼ਿਲਾਫ਼ ਵਾਇਰ ਫਰਾਡ ਦੇ ਛੇ ਦੋਸ਼ਾਂ ਤਹਿਤ ਇਲਜ਼ਾਮ ਤੈਅ ਕੀਤੇ ਗਏ ਸਨ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ, ਇਲਜ਼ਾਮ ਤੈਅ ਹੋਣ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਅਤੇ ਉੱਥੋਂ ਭਾਰਤ ਪਹੁੰਚਿਆ ਸੀ।
ਮੁਕੱਦਮੇ ਤੋਂ ਪਹਿਲਾਂ ਹਿਰਾਸਤ ਵਿੱਚ ਰੱਖਣ ਦੀ ਮੰਗ
ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਹੈ ਕਿ ਸਰਕਾਰੀ ਵਕੀਲ ਅਦਾਲਤ ਤੋਂ ਬੇਦੀ ਨੂੰ ਮੁਕੱਦਮੇ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਣ ਦੀ ਮੰਗ ਕਰਨਗੇ। ਇਸ ਲਈ ਉਸ ਦੇ ਮੁੜ ਫਰਾਰ ਹੋਣ ਦੀ ਸੰਭਾਵਨਾ ਦਾ ਹਵਾਲਾ ਦਿੱਤਾ ਗਿਆ ਹੈ।
ਅਮਰੀਕੀ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਜਨਰਲ ਜੌਨ ਵਾਕ ਨੇ ਦੋਸ਼ ਲਗਾਇਆ ਕਿ ਬੇਦੀ ਨੇ ਉਨ੍ਹਾਂ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕੀਤੀ, ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਸੀ। ਉਨ੍ਹਾਂ ਮੁਤਾਬਕ, ਉਸ ਦੀ ਕਰਿਆਨੇ ਦੀ ਦੁਕਾਨ ਕਥਿਤ ਤੌਰ ’ਤੇ ਮਨੀ ਲਾਂਡਰਿੰਗ ਲਈ ਵਰਤੇ ਜਾਣ ਵਾਲੇ ਠਿਕਾਣੇ ਵਾਂਗ ਕੰਮ ਕਰ ਰਹੀ ਸੀ।
ਸੂਚੀ ਵਿੱਚ ਸ਼ਾਮਲ ਪੰਜਵਾਂ ਮੁਲਜ਼ਮ ਗ੍ਰਿਫ਼ਤਾਰ
ਐੱਫਬੀਆਈ ਮੁਤਾਬਕ, ਸਤੰਬਰ ਵਿੱਚ ਬੇਦੀ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤੇ ਜਾਣ ਸਮੇਂ ਉਹ ਮੋਸਟ ਵਾਂਟੇਡ ਠੱਗਾਂ ਦੀ ਸੂਚੀ ਵਿੱਚ ਸ਼ਾਮਲ ਗ੍ਰਿਫ਼ਤਾਰ ਹੋਣ ਵਾਲਾ ਪੰਜਵਾਂ ਵਿਅਕਤੀ ਸੀ। ਕਸ਼ ਪਟੇਲ ਨੇ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਸੂਚੀ ਬਣਾਏ ਜਾਣ ਤੋਂ ਬਾਅਦ ਹੁਣ ਤੱਕ ਛੇ ਭਗੌੜੇ ਫੜੇ ਜਾ ਚੁੱਕੇ ਹਨ।
ਸੂਚੀ ਵਿੱਚ ਸ਼ਾਮਲ ਲੋਕਾਂ ’ਤੇ ਕੁੱਲ 2 ਅਰਬ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਨਾਲ ਜੁੜੇ ਹੋਣ ਦੇ ਦੋਸ਼ ਹਨ। ਇਹ ਸਾਰੇ ਮਿਲ ਕੇ ਲਗਭਗ 4,000 ਦਿਨਾਂ ਤੱਕ ਫਰਾਰ ਰਹੇ।
ਪਟੇਲ ਮੁਤਾਬਕ, ਪਿਛਲੇ 20 ਮਹੀਨਿਆਂ ਵਿੱਚ ਐੱਫਬੀਆਈ ਨੇ 260 ਹਵਾਲਗੀ ਅਤੇ ਦੇਸ਼ ਤੋਂ ਨਿਕਾਸੀ ਦੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਹਨ। ਇਹ ਇਸ ਤੋਂ ਪਹਿਲਾਂ ਦੀ 20 ਮਹੀਨਿਆਂ ਦੀ ਮਿਆਦ ਦੇ ਮੁਕਾਬਲੇ 70 ਫ਼ੀਸਦੀ ਤੋਂ ਵੱਧ ਵਾਧਾ ਹੈ। ਉਨ੍ਹਾਂ ਨੇ ਇਸ ਦਾ ਸਿਹਰਾ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਨੂੰ ਦਿੱਤਾ।
ਬੇਦੀ ਖ਼ਿਲਾਫ਼ ਲਗਾਏ ਗਏ ਦੋਸ਼ਾਂ ’ਤੇ ਅਜੇ ਅਮਰੀਕੀ ਅਦਾਲਤ ਵਿੱਚ ਸੁਣਵਾਈ ਹੋਣੀ ਬਾਕੀ ਹੈ।