- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮੀ ਬਿਲਡਰ 'ਤੇ ਸਰਕਾਰੀ ਰਾਹ ਬੰਦ ਕਰਨ ਦੇ ਲੱਗੇ ਦੋਸ਼,

- ਜ਼ਮੀਨ ਮਾਲਕਾਂ ਨੇ ਐੱਸਡੀਐੱਮ ਨੂੰ ਸਰਕਾਰੀ ਰਾਹ ਖੋਲ੍ਹਣ ਲਈ ਲਾਈ ਗੁਹਾਰ
- ਜ਼ਮੀਨਾਂ ਤਕ ਪਹੁੰਚ ਪ੍ਰਭਾਵਿਤ ਹੋ ਗਈ ਹੈ : ਜ਼ਮੀਨ ਮਾਲਕ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਡੇਰਾਬੱਸੀ ਦੇ ਨਾਮੀ ਬਿਲਡਰ ਏਟੀਐੱਸ ਖ਼ਿਲਾਫ਼ ਇਲਾਕੇ ਦੇ ਜ਼ਮੀਨ ਮਾਲਕਾਂ ਨੇ ਸਰਕਾਰੀ ਰਾਹ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਜ਼ਮੀਨ ਮਾਲਕਾਂ ਦਾ ਕਹਿਣਾ ਹੈ ਕਿ ਬਿਲਡਰ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਤੱਕ ਪਹੁੰਚ ਪ੍ਰਭਾਵਿਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜ਼ਮੀਨ ਮਾਲਕਾਂ ਸਿਮਰਨਜੀਤ ਸਿੰਘ ਤੇ ਸਤਿੰਦਰ ਗਰਗ ਨੇ ਐੱਸਡੀਐੱਮ ਡੇਰਾਬੱਸੀ ਨੂੰ ਪਿੰਡ ਮਾਧੋਪੁਰ ਵਿਚ ਸਥਿਤ ਸਾਂਝੇ ਰਸਤੇ ਤੋਂ ਕਬਜ਼ੇ ਹਟਾਉਣ ਲਈ ਸ਼ਿਕਾਇਤ 152 ਬੀਐੱਨਐੱਸਐੱਸ (ਸੀਆਰਪੀਸੀ ਦੀ ਧਾਰਾ 133) ਅਧੀਨ ਸੌਂਪ ਕੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਸਰਕਾਰੀ ਰਾਹ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਜਾਣਕਾਰੀ ਦਿੱਤੀ ਕਿ ਏਟੀਐੱਸ ਬਿਲਡਰ ਵੱਲੋਂ ਪ੍ਰਾਜੈਕਟ ਵਿਚੋਂ ਲੰਘ ਰਹੇ ਸਰਕਾਰੀ ਰਸਤੇ ’ਤੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ, ਜੋ ਨਗਰ ਕੌਂਸਲ ਡੇਰਾਬੱਸੀ ਦੀ ਮਲਕੀਅਤ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਨ੍ਹਾਂ ਨੇ ਏਟੀਐੱਸ ਸੁਸਾਇਟੀ ਦੇ ਅਧਿਕਾਰੀਆਂ ਨੂੰ ਗ਼ੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣ ਲਈ ਕਈ ਬੇਨਤੀਆਂ ਕੀਤੀਆਂ ਹਨ ਪਰ ਉਨ੍ਹਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।
ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਰਾਹ ’ਤੇ ਕਥਿਤ ਤੌਰ ’ਤੇ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਅਤੇ ਹੋਰ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜ਼ਮੀਨ ਮਾਲਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਰਕਾਰੀ ਰਾਹ ਨੂੰ ਬਹਾਲ ਕੀਤਾ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸਡੀਐੱਮ ਦਫ਼ਤਰ ਵੱਲੋਂ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਬਾਬਤ ਗੱਲ ਕਰਨ ’ਤੇ ਏਟੀਐੱਸ ਦੇ ਪ੍ਰਾਜੈਕਟ ਮੈਨੇਜਰ ਸੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੀਵਾਰਾਂ ਤਕਰੀਬਨ 15 ਸਾਲ ਤੋਂ ਬਣੀਆਂ ਹੋਈਆਂ ਹਨ, ਜੇਕਰ ਐੱਸਡੀਐੱਮ ਡੇਰਾਬੱਸੀ ਵੱਲੋਂ ਦੀਵਾਰਾਂ ਤੋੜ ਕੇ ਰਾਹ ਖੋਲ੍ਹਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।