ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਪੂਰੀ ਕੀਤੀ ਐੱਮਏ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ, ਹੁਣ ਪੀਐੱਚਡੀ ਦੀ ਕਰਨਗੇ ਤਿਆਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੀ ਪ੍ਰੀਖਿਆ ਵਿੱਚ ਕਾਂਗਰਸ ਜਿੱਤ ਹਾਸਲ ਕਰੇਗੀ। ਚੰਨੀ ਦੇ ਇਸ ਬਿਆਨ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਕਾਂਗਰਸ ਨੂੰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਪੰਜਾਬ ਦੇ ਵਿਕਾਸ ਦੇ ਮਸਲਿਆਂ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਵਧਣਾ ਹੋਵੇਗਾ।
Publish Date: Thu, 20 Aug 2026 10:57 AM (IST)
Updated Date: Thu, 20 Aug 2026 11:48 AM (IST)
ਤਰੁਣ ਭਜਨੀ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੇ, ਜਿੱਥੇ ਉਨ੍ਹਾਂ ਨੇ ਐੱਮਏ ਪਬਲਿਕ ਐਡਮਿਨਿਸਟ੍ਰੇਸ਼ਨ ਦਾ 20ਵਾਂ ਅਤੇ ਆਖਰੀ ਪੇਪਰ ਦਿੱਤਾ। ਪ੍ਰੀਖਿਆ ਤੋਂ ਪਹਿਲਾਂ ਚੰਨੀ ਨੇ ਕਿਹਾ ਕਿ ਉਹ ਪੂਰੀ ਤਿਆਰੀ ਨਾਲ ਪ੍ਰੀਖਿਆ ਦੇਣ ਆਉਂਦੇ ਹਨ ਅਤੇ ਹਮੇਸ਼ਾ ਪੂਰਾ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਉਹ ਅਗਲੇ ਮਹੀਨੇ ਹੋਣ ਵਾਲੀ ਪੀਐੱਚਡੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਨਗੇ।
ਕਾਂਗਰਸ ਦੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਸਬੰਧੀ ਪੁੱਛੇ ਗਏ ਸਵਾਲ ’ਤੇ ਚੰਨੀ ਨੇ ਕਿਹਾ ਕਿ ਪਾਰਟੀ ਦੀ ਮੀਟਿੰਗ ਤਾਂ ਦੁਬਾਰਾ ਵੀ ਹੋ ਸਕਦੀ ਹੈ ਪਰ ਪ੍ਰੀਖਿਆ ਦੇਣ ਦਾ ਮੌਕਾ ਸਾਲ ਬਾਅਦ ਆਉਂਦਾ ਹੈ। ਇਸ ਲਈ ਉਨ੍ਹਾਂ ਨੇ ਪਹਿਲ ਦੇ ਆਧਾਰ ’ਤੇ ਆਪਣੀ ਪ੍ਰੀਖਿਆ ਦੇਣ ਨੂੰ ਤਰਜੀਹ ਦਿੱਤੀ।
ਚੰਨੀ ਨੇ ਕਿਹਾ ਕਿ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਦੌਰਾਨ ਉਨ੍ਹਾਂ ਦੀ ਖਾਸ ਦਿਲਚਸਪੀ ਨੀਤੀਗਤ ਸੁਧਾਰਾਂ ਵਿੱਚ ਰਹੀ ਹੈ ਅਤੇ ਉਹ ਭਵਿੱਖ ਵਿੱਚ ਵੀ ਇਸ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਕਾਸ ਦੀ ਦੌੜ ਵਿੱਚ ਪਿੱਛੇ ਰਹਿ ਗਿਆ ਹੈ ਅਤੇ ਸੂਬੇ ਨੂੰ ਮੁੜ ਤਰੱਕੀ ਦੀ ਰਾਹ ’ਤੇ ਲਿਆਉਣ ਲਈ ਬਿਹਤਰ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੀ ਲੋੜ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੀ ਪ੍ਰੀਖਿਆ ਵਿੱਚ ਕਾਂਗਰਸ ਜਿੱਤ ਹਾਸਲ ਕਰੇਗੀ। ਚੰਨੀ ਦੇ ਇਸ ਬਿਆਨ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਕਾਂਗਰਸ ਨੂੰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਪੰਜਾਬ ਦੇ ਵਿਕਾਸ ਦੇ ਮਸਲਿਆਂ ਨੂੰ ਕੇਂਦਰ ਵਿੱਚ ਰੱਖ ਕੇ ਅੱਗੇ ਵਧਣਾ ਹੋਵੇਗਾ।