- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਟੀਐੱਫ ਨੇ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਤੁਰੰਤ ਜੁਆਇੰਨ ਕਰਨ ਦੇ ਹੁਕਮਾਂ ’ਤੇ ਵੀ ਇਤਰਾਜ਼ ਕੀਤਾ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਪਹਿਲਾਂ ਵਾਂਗ ਜੁਆਇੰਨ ਕਰਨ ਲਈ ਘੱਟੋ-ਘੱਟ 10 ਤੋਂ 15 ਦਿਨ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤੁਰੰਤ ਜੁਆਇੰਨ ਕਰਨ ਦੀ ਸ਼ਰਤ ਕਾਰਨ ਕਈ ਅਧਿਆਪਕ ਤਰੱਕੀ ਛੱਡਣ ਲਈ ਮਜਬੂਰ ਹੋ ਸਕਦੇ ਹਨ।

ਚੰਡੀਗੜ੍ਹ : ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਸਿੱਖਿਆ ਵਿਭਾਗ ਵੱਲੋਂ 4488 ਅਧਿਆਪਕਾਂ ਦੀ ਮਾਸਟਰ ਕਾਡਰ ’ਚ ਕੀਤੀ ਤਰੱਕੀ ਮਗਰੋਂ ਬਿਨਾਂ ਚੋਣ ਆਪਸ਼ਨ ਲਏ ਸਟੇਸ਼ਨ ਅਲਾਟ ਕਰਨ ਦਾ ਵਿਰੋਧ ਕੀਤਾ ਹੈ। ਜਥੇਬੰਦੀ ਨੇ ਦੋਸ਼ ਲਾਇਆ ਕਿ ਜਲਦਬਾਜ਼ੀ ਅਤੇ ਗੈਰ-ਪਾਰਦਰਸ਼ੀ ਢੰਗ ਨਾਲ ਕੀਤੀ ਅਲਾਟਮੈਂਟ ਕਾਰਨ ਅਧਿਆਪਕਾਂ ’ਚ ਰੋਸ ਹੈ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਵਿਭਾਗ ਨੇ ਅਧਿਆਪਕਾਂ ਤੋਂ ਸਟੇਸ਼ਨ ਦੀ ਆਨਲਾਈਨ ਜਾਂ ਆਫਲਾਈਨ ਚੋਣ ਨਹੀਂ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਕਈ ਸੀਨੀਅਰ ਅਧਿਆਪਕਾਂ ਨੂੰ ਦੂਰ-ਦੁਰਾਡੇ ਸਟੇਸ਼ਨ ਦਿੱਤੇ ਗਏ ਹਨ, ਜਦਕਿ ਕੁਝ ਜੂਨੀਅਰਾਂ ਨੂੰ ਤੁਲਨਾਤਮਕ ਤੌਰ ’ਤੇ ਸੁਖਾਵੇਂ ਸਟੇਸ਼ਨ ਅਲਾਟ ਕੀਤੇ ਗਏ।
ਆਗੂਆਂ ਮੁਤਾਬਕ ਕਈ ਮਹਿਲਾ ਅਧਿਆਪਕਾਂ ਨੂੰ 100 ਤੋਂ 150 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਅਧਿਆਪਕਾਂ ਦੀਆਂ ਪਰਿਵਾਰਕ ਸਥਿਤੀਆਂ ਅਤੇ ਸੀਨੀਆਰਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਸੀ। ਜਥੇਬੰਦੀ ਨੇ ਦੋਸ਼ ਲਾਇਆ ਕਿ ਦੋ ਸਾਲ ਪਹਿਲਾਂ ਮਾਸਟਰ ਤੋਂ ਲੈਕਚਰਾਰ ਤਰੱਕੀਆਂ ਸਮੇਂ ਵੀ ਅਧਿਆਪਕਾਂ ਨੂੰ ਦੂਰ-ਦੁਰਾਡੇ ਸਟੇਸ਼ਨ ਦਿੱਤੇ ਗਏ ਸਨ, ਪਰ ਵਿਭਾਗ ਨੇ ਉਸ ਤਜਰਬੇ ਤੋਂ ਸਬਕ ਨਹੀਂ ਲਿਆ।
ਡੀਟੀਐੱਫ ਨੇ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਤੁਰੰਤ ਜੁਆਇੰਨ ਕਰਨ ਦੇ ਹੁਕਮਾਂ ’ਤੇ ਵੀ ਇਤਰਾਜ਼ ਕੀਤਾ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਪਹਿਲਾਂ ਵਾਂਗ ਜੁਆਇੰਨ ਕਰਨ ਲਈ ਘੱਟੋ-ਘੱਟ 10 ਤੋਂ 15 ਦਿਨ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤੁਰੰਤ ਜੁਆਇੰਨ ਕਰਨ ਦੀ ਸ਼ਰਤ ਕਾਰਨ ਕਈ ਅਧਿਆਪਕ ਤਰੱਕੀ ਛੱਡਣ ਲਈ ਮਜਬੂਰ ਹੋ ਸਕਦੇ ਹਨ।
ਜਥੇਬੰਦੀ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਮੌਜੂਦਾ ਸਟੇਸ਼ਨ ਅਲਾਟਮੈਂਟ ’ਤੇ ਰੋਕ ਲਾ ਕੇ ਅਧਿਆਪਕਾਂ ਨੂੰ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਦੀ ਚੋਣ ਦਾ ਮੌਕਾ ਦਿੱਤਾ ਜਾਵੇ। ਸੀਨੀਆਰਤਾ ਅਤੇ ਮਹਿਲਾ ਅਧਿਆਪਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਟੇਸ਼ਨ ਮੁੜ ਅਲਾਟ ਕੀਤੇ ਜਾਣ। ਡੀਟੀਐੱਫ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਸੰਘਰਸ਼ ਕਰੇਗੀ।