- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੇ ਅੱਜ ‘ਮਾਵਾਂ ਮੰਗਦੀਆਂ ਇਨਸਾਫ਼’ ਬੈਨਰ ਹੇਠ ਪੰਜਾਹ ਦੇ ਕਰੀਬ ਔਰਤਾਂ ਨੂੰ ਇੱਥੇ ਮੀਡੀਆ ਸਾਹਮਣੇ ਪੇਸ਼ ਕੀਤਾ ਜਿਹਨਾਂ ਦੇ ਜਵਾਨ ਪੁੱਤ ਚਿੱਟੇ ਦੀ ਭੇਟ ਚੜ੍ਹ ਗਏ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਨੇ ਨਿਰਦੋਸ਼ ਲੋਕ 1984 ਵਿਚ ਮਾਰੇ ਗਏ, ਉਸ ਤੋਂ ਕਈ ਗੁਣਾ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਨਸ਼ਿਆਂ ਕਾਰਨ ਉਜੜੇ ਪਰਿਵਾਰਾਂ ਨੇ ਅੱਜ ਇੱਥੇ ਭਾਜਪਾ ਆਗੂਆਂ ਦੀ ਹਾਜ਼ਰੀ ਵਿਚ ਮੀਡੀਆ ਅੱਗੇ ਆਪਣੇ ਦਰਦ ਫਰੋਲਦੇ ਹੋਏ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ। ਅਬੋਹਰ ਤੋਂ ਪਹਿਲੀ ਵਾਰ ਚੰਡੀਗੜ੍ਹ ਪੁੱਜੀ ਇਕ ਔਰਤ ਨੇ ਆਪਣੇ ਉਜੜੇ ਪਰਿਵਾਰ ਦੀ ਕਹਾਣੀ ਦੱਸਦਿਆਂ ਕਿਹਾ ਕਿ ਸਾਨੂੰ ਮੁਫ਼ਤ ਸਕੀਮਾਂ ਨਹੀਂ, ਚਿੱਟੇ ਤੋਂ ਛੁਟਕਾਰਾ ਚਾਹੀਦਾ। ਪੀੜਤਾ ਦਾ ਕਹਿਣਾ “ਨਾ ਮੈਨੂੰ ਮੁਫ਼ਤ ਆਟਾ-ਦਾਲ ਸਕੀਮ , ਨਾ ਮੁਫ਼ਤ ਯਾਤਰਾ ਤੇ ਨਾ ਮਫ਼ਤ ਦੀ ਬਿਜਲੀ ਚਾਹੀਦੀ, ਅਸੀਂ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਪਾਲ ਲਵਾਂਗੇ ਬੱਸ ਨਸ਼ਾ ਖ਼ਤਮ ਕਰ ਦਿਓ।
ਭਾਜਪਾ ਨੇ ਅੱਜ ‘ਮਾਵਾਂ ਮੰਗਦੀਆਂ ਇਨਸਾਫ਼’ ਬੈਨਰ ਹੇਠ ਪੰਜਾਹ ਦੇ ਕਰੀਬ ਔਰਤਾਂ ਨੂੰ ਇੱਥੇ ਮੀਡੀਆ ਸਾਹਮਣੇ ਪੇਸ਼ ਕੀਤਾ ਜਿਹਨਾਂ ਦੇ ਜਵਾਨ ਪੁੱਤ ਚਿੱਟੇ ਦੀ ਭੇਟ ਚੜ੍ਹ ਗਏ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿੰਨੇ ਨਿਰਦੋਸ਼ ਲੋਕ 1984 ਵਿਚ ਮਾਰੇ ਗਏ, ਉਸ ਤੋਂ ਕਈ ਗੁਣਾ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਭਾਜਪਾ ਨਸ਼ੇ ਦੇ ਮਸਲੇ ਉੱਤੇ ਲੋਕ ਅੰਦੋਲਨ ਖੜ੍ਹਾ ਕਰੇਗੀ ਜਿਸ ਦੀ ਸ਼ੁਰੂਆਤ 18 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਕਸਲਵਾਦ, ਯੂਪੀ ਵਿਚ ਗੈਂਗਸਟਰਵਾਦ ਅਤੇ ਕਸ਼ਮੀਰ ਵਿਚ ਹਿੰਸਾ ਨੂੰ ਖ਼ਤਮ ਕੀਤਾ ਅਤੇ ਹੁਣ ਪੰਜਾਬ ’ਚ ਨਸ਼ਾ ਖ਼ਤਮ ਕੀਤਾ ਜਾਵੇਗਾ।
ਅਬੋਹਰ ਤੋਂ ਆਈ ਇਕ ਹੋਰ ਔਰਤ ਨੇ ਦੱਸਿਆ ਕਿ ਉਸ ਦਾ ਭਰਾ ਨਸ਼ਾ ਕਰਦਾ ਸੀ। ਉਸਨੇ ਪੁਲਿਸ ਦੇ 100 ਨੰਬਰ ’ਤੇ ਫੋਨ ਕੀਤਾ ਅਤੇ ਨਸ਼ੇ ਦੀ ਵਿਕਰੀ ਸਬੰਧੀ ਜਾਣਕਾਰੀ ਵੀ ਦਿੱਤੀ। ਪੀੜਤਾ ਨੇ ਦੱਸਿਆ ਕਿ ਪੁਲਿਸ ਨੇ ਕਿਹਾ ਕਿ “ਤੁਸੀਂ ਨਸ਼ਾ ਖਰੀਦੋ, ਅਸੀਂ ਮੌਕੇ ’ਤੇ ਜਾ ਕੇ ਫੜਾਂਗੇ। ਉਸ ਨੇ ਕਿਹਾ ਕਿ ਪੁਲਿਸ ਨੂੰ ਹਰ ਜਾਣਕਾਰੀ ਦਿੱਤੀ ਕਿ ਨਸ਼ਾ ਕਿੱਥੇ ਵਿਕਦਾ ਹੈ ਪਰ ਕਾਰਵਾਈ ਨਹੀਂ ਹੋਈ। ਨਸੇ ਕਾਰਨ ਫੌਤ ਹੋਏ ਇਕ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ “ਮੇਰਾ ਇਕਲੌਤਾ ਪੁੱਤ ਸੀ। ਪੁੱਤ ਨੂੰ ਮਾਰ ਕੇ ਸੁੱਟ ਦਿੱਤਾ ਅਤੇ ਪੁਲਿਸ ਵਾਲੇ ਕਹਿੰਦੇ ਲਾਸ਼ ਨੂੰ ਚਾਰ ਘੰਟੇ ਨਹੀਂ ਚੁੱਕ ਸਕਦੇ, ਉਨ੍ਹਾਂ ਕੋਲ਼ ਗੱਡੀ ਨਹੀਂ ਹੈ।’’
ਇਕ ਹੋਰ ਔਰਤ ਦੱਸਦੀ ਹੈ ਕਿ ਉਸ ਦੇ ਦੋ ਪੁੱਤਰਾਂ ਨੂੰ ਨਸ਼ੇ ਨੇ ਘੁਣ ਵਾਂਗ ਖਾ ਲਿਆ ਅਤੇ ਉਹ ਝਾੜੂ-ਪੋਚਾ ਲਾ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਮੋਰਿੰਡਾ (ਰੋਪੜ੍ਹ)ਤੋਂ ਆਏ ਵਿਅਕਤੀ ਨੇ ਦੱਸਿਆ ਕਿ ਉਸ ਦਾ ਪੁੱਤ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ। ਪਰਿਵਾਰ ਨੂੰ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਦਾ ਪੁੱਤਰ ਕਦੋਂ ਨਸ਼ੇ ਦੀ ਦਲਦਲ ਵਿਚ ਫਸ ਗਿਆ। ਘੰੜੂਆਂ (ਮੋਹਾਲੀ) ਤੋਂ ਪਹੁੰਚੇ ਇੱਕ ਨੌਜਵਾਨ ਨੇ ਕਿਹਾ ਕਿ ਉਹ ਖੁਦ ਨਸ਼ਾ ਕਰਦਾ ਹੈ ਅਤੇ ਸਰਕਾਰ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਜਦਕਿ ਨਵਾਂਸ਼ਹਿਰ ਤੋਂ ਆਏ ਨੌਜਵਾਨ ਨੇ ਕਿਹਾ ਕਿ ਉਹ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ, ਪਰ ਪੁਲਿਸ ਕਹਿੰਦੀ ਹੈ ਕਿ ਸਾਡੇ ਸਾਹਮਣੇ ਨਸ਼ਾ ਖਰੀਦੋ, ਅਸੀਂ ਉਦੋਂ ਫੜ੍ਹਾਂਗੇ।
---
ਮੁੱਖ ਮੰਤਰੀ ਗੈਂਗਸਟਰਾਂ ਨੂੰ ਜੱਫ਼ੀਆ ਪਾ ਰਿਹੈ : ਜਾਖੜ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਉੱਤੇ ਤੰਜ਼ ਕੱਸਦਿਆਂ ਜਾਖੜ ਨੇ ਕਿਹਾ ਕਿ ਮਾਰਚ 2025 ਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪਹਿਲੇ ਤਿੰਨ ਮਹੀਨੇ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ 8344 ਐੱਫ਼ਆਈਆਰ ਦਰਜ ਹੋਈਆਂ ਅਤੇ 13 ਹਜ਼ਾਰ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ। ਹੁਣ ਸਤੰਬਰ 2026 ਵਿਚ ਡੀਪੀਜੀ ਦਾਅਵਾ ਕਰ ਰਹੇ ਹਨ ਕਿ 79000 ਗ੍ਰਿਫ਼ਾਤਰੀਆਂ ਹੋਈਆਂ ਹਨ। ਜੇਕਰ ਡੀਜੀਪੀ ਦੇ ਅੰਕੜੇ ਸਹੀ ਹਨ ਤਾਂ ਇਨ੍ਹਾਂ ਲੋਕਾਂ ਨਾਲ ਜੋ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨਸ਼ਾ ਤਸਕਰਾਂ ਲ਼ਈ ਸੁਰੱਖਿਅਤ ਥਾਂ ਬਣੀ ਹੋਈ ਹੈ ਅਤੇ ਮੁੱਖ ਮੰਤਰੀ ਗੈਂਗਸਟਰਾਂ ਨੂੰ ਜੱਫ਼ੀਆਂ ਪਾ ਕੇ ਪਾਰਟੀ ਵਿਚ ਸ਼ਾਮਲ ਕਰ ਰਹੇ ਹਨ।