- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਣ ਦੌਰਾਨ ਡਾ. ਮਨਮੋਹਨ ਨੂੰ ਪੰਜਾਬ ਦਾ ਬੌਧਿਕ ਸਰਮਾਇਆ ਦੱਸਿਆ। ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਨੇ ਪੰਜਾਬੀ ਸਾਹਿਤ ਵਿੱਚ ਨਿਵੇਕਲਾ ਕੰਮ ਕੀਤਾ ਹੈ। ਡਾ. ਹਰਪ੍ਰੀਤ ਨੇ ਉਨ੍ਹਾਂ ਦੀ ਕਵਿਤਾ ਨੂੰ ਹਾਸ਼ੀਏ ’ਤੇ ਰਹਿੰਦੀ ਲੋਕਾਈ, ਗਿਆਨ, ਪ੍ਰਤੀਰੋਧ ਤੇ ਸੰਵਾਦ ਦੀ ਕਵਿਤਾ ਦੱਸਿਆ।

ਭੁਪਿੰਦਰ ਸਿੰਘ ਮਲਿਕ, ਪੰਜਾਬੀ ਜਾਗਰਣ, ਚੰਡੀਗੜ੍ਹ : ਸਵਪਨ ਫਾਊਂਡੇਸ਼ਨ ਪਟਿਆਲਾ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਨਾਮਵਰ ਸਾਹਿਤਕਾਰ, ਚਿੰਤਕ ਤੇ ਭਾਸ਼ਾ ਵਿਗਿਆਨੀ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਤਹਿਤ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਦੁਸ਼ਾਲਾ ਤੇ ਸਨਮਾਨ ਪੱਤਰ ਭੇਟ ਕੀਤਾ ਗਿਆ। ਸਨਮਾਨ ਪੱਤਰ ਸੰਦੀਪ ਜਸਵਾਲ ਨੇ ਪੜ੍ਹਿਆ।
ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਣ ਦੌਰਾਨ ਡਾ. ਮਨਮੋਹਨ ਨੂੰ ਪੰਜਾਬ ਦਾ ਬੌਧਿਕ ਸਰਮਾਇਆ ਦੱਸਿਆ। ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਨੇ ਪੰਜਾਬੀ ਸਾਹਿਤ ਵਿੱਚ ਨਿਵੇਕਲਾ ਕੰਮ ਕੀਤਾ ਹੈ। ਡਾ. ਹਰਪ੍ਰੀਤ ਨੇ ਉਨ੍ਹਾਂ ਦੀ ਕਵਿਤਾ ਨੂੰ ਹਾਸ਼ੀਏ ’ਤੇ ਰਹਿੰਦੀ ਲੋਕਾਈ, ਗਿਆਨ, ਪ੍ਰਤੀਰੋਧ ਤੇ ਸੰਵਾਦ ਦੀ ਕਵਿਤਾ ਦੱਸਿਆ।
ਪੰਜਾਬ ਯੂਨੀਵਰਸਿਟੀ ਦੀ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਡਾ. ਮਨਮੋਹਨ ਦੇ ਨਾਵਲ ‘ਨਿਰਵਾਣ’, ‘ਮਨ ਪੰਖੀ ਭਇਓ’ ਅਤੇ ‘ਸਹਿਜ ਗੁਫ਼ਾ ਮਹਿ ਆਸਨ’ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਕਿਸੇ ਇਕ ਵਰਗ ਵਿੱਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਨ੍ਹਾਂ ਵਿੱਚ ਮਨੁੱਖਤਾ ਦਾ ਪੱਖ ਉਭਰਦਾ ਹੈ।
ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਡਾ. ਮਨਮੋਹਨ ਦੀ ਲਿਖਤ ਸਧਾਰਨ ਰਾਹ ’ਤੇ ਨਹੀਂ ਤੁਰਦੀ ਅਤੇ ਉਨ੍ਹਾਂ ਨੇ ਆਪਣੀ ਵਿਲੱਖਣ ਸ਼ੈਲੀ ਵਿਕਸਤ ਕੀਤੀ ਹੈ। ਉੱਘੇ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਤੇ ਡਾ. ਮਨਮੋਹਨ ਦੇ ਸਾਹਿਤਕ ਯੋਗਦਾਨ ਬਾਰੇ ਵਿਚਾਰ ਰੱਖੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਵਿੱਚ ਲਿਖਣ ਦੀ ਕਾਹਲ ਵਧੀ ਹੈ, ਜਦਕਿ ਡਾ. ਮਨਮੋਹਨ ਨੇ ਪੰਜਾਹ ਕਿਤਾਬਾਂ ਲਿਖਣ ਦੇ ਨਾਲ ਪੰਜ ਹਜ਼ਾਰ ਕਿਤਾਬਾਂ ਪੜ੍ਹੀਆਂ ਹਨ। ਡਾ. ਰੌਣਕੀ ਰਾਮ ਨੇ ਪ੍ਰਧਾਨਗੀ ਭਾਸ਼ਣ ਵਿੱਚ ਸੰਵਾਦ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਚੁੱਪ ਨੂੰ ਵੀ ਅਹਿਮ ਸਥਾਨ ਦੱਸਿਆ।
ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਧੰਨਵਾਦ ਕਰਦਿਆਂ ਡਾ. ਮਨਮੋਹਨ ਦਾ ਸਨਮਾਨ ਸੰਸਥਾ ਦੀ ਪ੍ਰਾਪਤੀ ਦੱਸਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦਾ ਤਹੱਈਆ ਕੀਤਾ।