- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਕੇਂਦਰ ਹਨ, ਇਨ੍ਹਾਂ ਨੂੰ ਕਿਸੇ ਸਰਕਾਰ ਜਾਂ ਪਾਰਟੀ ਦੇ ਪ੍ਰਚਾਰ ਦਾ ਮੰਚ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਬੱਚਿਆਂ ਦੀ ਪੜ੍ਹਾਈ ਬਾਰੇ ਮਾਪੇ-ਅਧਿਆਪਕ ਮਿਲਣੀ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨਾਲ ਸਬੰਧਤ ਸਵਾਲ ਦਾ ਕੀ ਕੰਮ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਰਕਾਰੀ ਸਕੂਲਾਂ ’ਚ ਹੋਣ ਵਾਲੀ ‘ਮਾਪੇ-ਅਧਿਆਪਕ ਮਿਲਣੀ’ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸਿਆਸੀ ਪ੍ਰਚਾਰ ਕਰਵਾਉਣ ਤੇ ਮਾਪਿਆਂ ਤੋਂ ਕਥਿਤ ਤੌਰ ’ਤੇ ਪ੍ਰਸ਼ੰਸਾ ਸੰਦੇਸ਼ਾਂ ਦੀਆਂ ਵੀਡੀਓ ਬਣਾਉਣ ਦੀਆਂ ਹਦਾਇਤਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਕੇਂਦਰ ਹਨ, ਇਨ੍ਹਾਂ ਨੂੰ ਕਿਸੇ ਸਰਕਾਰ ਜਾਂ ਪਾਰਟੀ ਦੇ ਪ੍ਰਚਾਰ ਦਾ ਮੰਚ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਬੱਚਿਆਂ ਦੀ ਪੜ੍ਹਾਈ ਬਾਰੇ ਮਾਪੇ-ਅਧਿਆਪਕ ਮਿਲਣੀ ’ਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨਾਲ ਸਬੰਧਤ ਸਵਾਲ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਇਸ ਦਾ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਸਬੰਧ ਨਹੀਂ ਤੇ ‘ਆਪ’ ਸਿੱਖਿਆ ਬਾਰੇ ਫੀਡਬੈਕ ਲੈਣ ਵਾਲੇ ਪ੍ਰੋਗਰਾਮ ਨੂੰ ਵੀ ਪ੍ਰਚਾਰ ਲਈ ਵਰਤ ਰਹੀ ਹੈ। ਉਨ੍ਹਾਂ ਮੁਤਾਬਕ ਇਸ ਮਿਲਣੀ ਦਾ ਮਕਸਦ ਬੱਚਿਆਂ ਦੀ ਪੜ੍ਹਾਈ, ਕਾਰਗੁਜ਼ਾਰੀ, ਹਾਜ਼ਰੀ, ਅਨੁਸ਼ਾਸਨ ਤੇ ਸਿੱਖਿਆ ਨਾਲ ਜੁੜੀਆਂ ਸਮੱਸਿਆਵਾਂ ’ਤੇ ਚਰਚਾ ਕਰਨਾ ਹੈ। ਅਧਿਆਪਕਾਂ ਦੀ ਜ਼ਿੰਮੇਵਾਰੀ ਪੜ੍ਹਾਉਣਾ ਹੈ, ਨਾ ਕਿ ਸਰਕਾਰੀ ਯੋਜਨਾ ਦੇ ਹੱਕ ’ਚ ਵੀਡੀਓ ਬਣਾਉਣਾ ਜਾਂ ਉਨ੍ਹਾਂ ਦਾ ਸਕੂਲਾਂ ਦੇ ਸੋਸ਼ਲ ਮੀਡੀਆ ਪੇਜਾਂ ’ਤੇ ਪ੍ਰਚਾਰ ਕਰਨਾ।
ਢਿੱਲੋਂ ਨੇ ਦੋਸ਼ ਲਾਇਆ ਕਿ ਸਰਕਾਰ ਪਹਿਲਾਂ ਸਕੂਲਾਂ ਨੂੰ ਪਾਰਟੀ ਦੇ ਰੰਗਾਂ ਨਾਲ ਰੰਗ ਕੇ ਸਿਆਸੀ ਬ੍ਰਾਂਡਿੰਗ ਕਰ ਚੁੱਕੀ ਹੈ ਤੇ ਹੁਣ ਸਿੱਖਿਆ-ਕੇਂਦਰਿਤ ਪ੍ਰੋਗਰਾਮਾਂ ਨੂੰ ਵੀ ਪ੍ਰਚਾਰ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ’ਚ 30 ਹਜ਼ਾਰ ਤੋਂ ਵੱਧ ਅਧਿਆਪਕਾਂ ਤੇ ਹਜ਼ਾਰਾਂ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹਨ, ਪਰ ਸਰਕਾਰ ਇਨ੍ਹਾਂ ਵੱਲ ਧਿਆਨ ਦੇਣ ਦੀ ਥਾਂ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਾਢੇ ਚਾਰ ਤੱਕ ਪੈਸਾ ਨਹੀਂ ਦਿੱਤਾ ਗਿਆ ਤੇ ਇਕ-ਦੋ ਕਿਸ਼ਤਾਂ ਦੇ ਕੇ ਸਰਕਾਰ ਧੋਖਾ ਕਰ ਰਹੀ ਹੈ, ਜਦਕਿ ਪੰਜ ਸਾਲਾਂ ਲਈ 60 ਹਜ਼ਾਰ ਰੁਪਏ ਦੇਣੇ ਬਣਦੇ ਸਨ। ਢਿੱਲੋਂ ਨੇ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਤੇ ਸਕੂਲਾਂ ਨੂੰ ਸਿਆਸੀ ਪ੍ਰਚਾਰ ਤੋਂ ਦੂਰ ਰੱਖਣ ਦੀ ਅਪੀਲ ਕੀਤੀ।