ਪਾਰਕਾਂ ਦਾ ਮੰਦੜਾ ਹਾਲ: ਨਾ ਸੈਰ ਲਈ ਢੁੱਕਵੀਂ ਜਗ੍ਹਾ, ਨਾ ਬੱਚਿਆਂ ਲਈ ਝੂਲੇ; ਪ੍ਰਸ਼ਾਸਨ ਖ਼ਿਲਾਫ਼ ਲੋਕਾਂ ’ਚ ਭਾਰੀ ਰੋਸ
ਸਥਾਨਕ ਨਿਵਾਸੀਆਂ ਦੀ ਸਿਹਤ ਅਤੇ ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਾਰਕ ਅੱਜ ਆਪਣੀ ਬਦਹਾਲ ਹਾਲਤ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਹਿਰ ਵਿਚ ਪਾਰਕਾਂ ਦੇ ਨਾਂਅ ’ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਪਾਰਕਾਂ ਵਿਚ ਨਾ ਸੈਰ ਕਰਨ ਲਈ ਢੁੱਕਵੀਂ ਜਗ੍ਹਾ ਹੈ ਅਤੇ ਨਾ ਹੀ ਬੱਚਿਆਂ ਦੇ ਖੇਡਣ ਲਈ ਝੂਲੇ ਜਾਂ ਹੋਰ ਮਨੋਰੰਜਕ ਸਾਧਨ ਮੌਜੂਦ ਹਨ।
Publish Date: Tue, 30 Jun 2026 12:38 PM (IST)
Updated Date: Tue, 30 Jun 2026 12:42 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ। ਸਥਾਨਕ ਨਿਵਾਸੀਆਂ ਦੀ ਸਿਹਤ ਅਤੇ ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਾਰਕ ਅੱਜ ਆਪਣੀ ਬਦਹਾਲ ਹਾਲਤ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਹਿਰ ਵਿਚ ਪਾਰਕਾਂ ਦੇ ਨਾਂਅ ’ਤੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਪਾਰਕਾਂ ਵਿਚ ਨਾ ਸੈਰ ਕਰਨ ਲਈ ਢੁੱਕਵੀਂ ਜਗ੍ਹਾ ਹੈ ਅਤੇ ਨਾ ਹੀ ਬੱਚਿਆਂ ਦੇ ਖੇਡਣ ਲਈ ਝੂਲੇ ਜਾਂ ਹੋਰ ਮਨੋਰੰਜਕ ਸਾਧਨ ਮੌਜੂਦ ਹਨ।
ਜਾਣਕਾਰੀ ਅਨੁਸਾਰ ਲਾਲੜੂ ਨਗਰ ਕੌਂਸਲ ਦਾ ਗਠਨ ਸਾਲ 2010 ਵਿਚ ਹੋਇਆ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਰਹੀਆਂ ਪਰ ਕਿਸੇ ਵੀ ਸਰਕਾਰ ਵੱਲੋਂ ਸ਼ਹਿਰ ਦੇ ਪਾਰਕਾਂ ਦੇ ਵਿਕਾਸ ਵੱਲ ਗੰਭੀਰ ਧਿਆਨ ਨਹੀਂ ਦਿੱਤਾ ਗਿਆ। ਖਾਨਾਪੂਰਤੀ ਵਜੋਂ ਲਾਲੜੂ ਮੰਡੀ ਵਿਚ ਦੋ ਛੋਟੇ ਪਾਰਕ ਤਾਂ ਬਣਾਏ ਗਏ ਪਰ ਉਹ ਵੀ ਅੱਜ ਬਦਹਾਲੀ ਦਾ ਸ਼ਿਕਾਰ ਹਨ। ਪਾਰਕਾਂ ਵਿਚ ਚਾਰੋਂ ਪਾਸੇ ਕੰਡੇਦਾਰ ਝਾੜੀਆਂ ਉੱਗੀਆਂ ਹੋਈਆਂ ਹਨ, ਟੁੱਟੇ ਹੋਏ ਬੈਂਚ ਪਏ ਹਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।
ਫੁੱਲਾਂ ਅਤੇ ਸਜਾਵਟੀ ਪੌਦਿਆਂ ਦਾ ਤਾਂ ਨਾਮੋ-ਨਿਸ਼ਾਨ ਵੀ ਨਹੀਂ। ਕਈ ਪਾਰਕ ਤਾਂ ਡੰਪਿੰਗ ਗਰਾਊਂਡ ਵਰਗੇ ਦਿਖਾਈ ਦਿੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰਦੇ ਹਨ।
ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਪਾਰਕਾਂ ਦੇ ਨਾਂ 'ਤੇ ਸਿਰਫ਼ ਕਾਗ਼ਜ਼ੀ ਦਾਅਵੇ ਕੀਤੇ ਗਏ ਹਨ, ਜਦਕਿ ਹਕੀਕਤ ਵਿਚ ਕੋਈ ਵੀ ਸੁਵਿਧਾ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ।
ਲੋਕਾਂ ਨੇ ਕਿਹਾ ਕਿ ਪਾਰਕਾਂ ਦੀ ਘਾਟ ਅਤੇ ਸੰਭਾਲ ਨਾ ਹੋਣ ਕਾਰਨ ਬੱਚੇ ਸੜਕਾਂ 'ਤੇ ਖੇਡਣ ਲਈ ਮਜਬੂਰ ਹਨ, ਜਿਸ ਨਾਲ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿਚ ਵੱਡੇ, ਸਾਫ਼-ਸੁਥਰੇ ਅਤੇ ਆਧੁਨਿਕ ਪਾਰਕ ਬਣਾਏ ਜਾਣ, ਜਿੱਥੇ ਬੱਚਿਆਂ ਲਈ ਝੂਲੇ ਅਤੇ ਬਜ਼ੁਰਗਾਂ ਲਈ ਸੈਰ ਕਰਨ ਦੀਆਂ ਸੁਵਿਧਾਵਾਂ ਉਪਲਬਧ ਹੋਣ।
ਜਲਦ ਪਾਰਕਾਂ ਨੂੰ ਸੁੰਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ : ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋਏ ਸਨ। ਹੁਣ ਜਲਦੀ ਹੀ ਪਾਰਕਾਂ ਨੂੰ ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਕੰਮ ਸ਼ੁਰੂ ਕੀਤਾ ਜਾਵੇਗਾ।
ਵੱਡੇ ਪੱਧਰ 'ਤੇ ਰੁੱਖ ਅਤੇ ਸਜਾਵਟੀ ਪੌਦੇ ਲਗਾਏ ਜਾਣਗੇ : ਪ੍ਰਧਾਨ ਜ਼ੋਰਾਵਰ ਸਿੰਘ ਜ਼ੋਰਾ
ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਜ਼ੋਰਾਵਰ ਸਿੰਘ ਜ਼ੋਰਾ ਨੇ ਕਿਹਾ ਕਿ ਸ਼ਹਿਰ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਪਾਰਕਾਂ ਸਮੇਤ ਖਾਲੀ ਥਾਵਾਂ 'ਤੇ ਵੱਡੇ ਪੱਧਰ 'ਤੇ ਰੁੱਖ ਅਤੇ ਸਜਾਵਟੀ ਪੌਦੇ ਲਗਾਏ ਜਾਣਗੇ ਤਾਂ ਜੋ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਇਆ ਜਾ ਸਕੇ।