- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ.ਐੱਮ.ਐੱਲ.ਏ. ਦੀ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ’ਚ ਮੁਲਜ਼ਮ ਕ੍ਰਿਸ਼ਨੁ ਸ਼ਾਰਦਾ ਨੂੰ ਸੱਤ ਦਿਨਾਂ ਦੀ ਈਡੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਨੇ ਮੁਲਜ਼ਮ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਸੱਤ ਦਿਨਾਂ ਦੀ ਹਿਰਾਸਤ ਦਿੱਤੀ। ਮੁਲਜ਼ਮ ਨੂੰ 25 ਸਤੰਬਰ ਨੂੰ ਮੁੜ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਐੱਚ.ਐੱਸ. ਭੁੱਲਰ ਦੇ ਰਿਸ਼ਵਤ ਮਾਮਲੇ ’ਚ ਵਿਚੋਲੇ ਅਤੇ ਸਹਿ-ਮੁਲਜ਼ਮ ਕ੍ਰਿਸ਼ਨੁੂ ਸ਼ਾਰਦਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪੀ.ਐੱਮ.ਐੱਲ.ਏ. ਦੀ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ’ਚ ਮੁਲਜ਼ਮ ਕ੍ਰਿਸ਼ਨੁ ਸ਼ਾਰਦਾ ਨੂੰ ਸੱਤ ਦਿਨਾਂ ਦੀ ਈਡੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਨੇ ਮੁਲਜ਼ਮ ਦੀ 14 ਦਿਨਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਸੱਤ ਦਿਨਾਂ ਦੀ ਹਿਰਾਸਤ ਦਿੱਤੀ। ਮੁਲਜ਼ਮ ਨੂੰ 25 ਸਤੰਬਰ ਨੂੰ ਮੁੜ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਾਰਦਾ, ਸੀਬੀਆਈ ਵੱਲੋਂ ਪਿਛਲੇ ਸਾਲ ਦਰਜ ਕੀਤੇ ਰਿਸ਼ਵਤ ਮਾਮਲੇ ’ਚ ਪਹਿਲਾਂ ਹੀ ਨਿਆਂਇਕ ਹਿਰਾਸਤ ’ਚ ਚੱਲ ਰਿਹਾ ਸੀ। ਕ੍ਰਿਸ਼ਨੁ ਸ਼ਾਰਦਾ ਨੂੰ ਈਡੀ ਨੇ ਸ਼ੁੱਕਰਵਾਰ ਸਵੇਰੇ 11 ਵਜੇ ਪੀ.ਐੱਮ.ਐੱਲ.ਏ. ਦੀ ਧਾਰਾ 4 ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਦੁਪਹਿਰ 12 ਵਜੇ ਉਸ ਨੂੰ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਮੁਲਜ਼ਮ ਪਹਿਲਾਂ ਤੋਂ ਹੀ ਸੀਬੀਆਈ ਏਸੀਬੀ ਵੱਲੋਂ ਪਿਛਲੇ ਸਾਲ 16 ਅਕਤੂਬਰ ਨੂੰ ਦਰਜ ਕੀਤੇ ਮਾਮਲੇ ’ਚ ਨਿਆਂਇਕ ਹਿਰਾਸਤ ’ਚ ਸੀ। ਈਡੀ ਨੇ ਅਦਾਲਤ ’ਚ ਪੀ.ਐੱਮ.ਐੱਲ.ਏ. ਦੀ ਧਾਰਾ 19 ਤਹਿਤ ਗ੍ਰਿਫ਼ਤਾਰੀ ਤੇ ਬੀਐੱਨਐੱਸਐੱਸ ਦੀ ਧਾਰਾ 187(2) ਅਤੇ (3) ਤਹਿਤ ਹਿਰਾਸਤ ਦੀ ਮੰਗ ਕੀਤੀ। ਈਡੀ ਦਾ ਕਹਿਣਾ ਸੀ ਕਿ ਪਿਛਲੇ ਸਾਲ 6 ਨਵੰਬਰ ਨੂੰ ਦਰਜ ਕੀਤੀ ਗਈ ਈਸੀਆਈਆਰ ’ਚ ਮੁਲਜ਼ਮ ਤੋਂ ਮਾਮਲੇ ਦੇ ਮਹੱਤਵਪੂਰਨ ਪਹਿਲੂਆਂ ’ਤੇ ਪੁੱਛਗਿੱਛ ਤੇ ਜਾਂਚ ਨੂੰ ਅੱਗੇ ਵਧਾਉਣ ਲਈ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ। ਈਡੀ ਮੁਤਾਬਕ, ਮੁਲਜ਼ਮ ਕ੍ਰਿਸ਼ਨੁ ਸ਼ਾਰਦਾ ਨੇ ਐੱਚ.ਐੱਸ. ਭੁੱਲਰ ਵੱਲੋਂ ਮੰਗੀ ਗਈ 5 ਲੱਖ ਰੁਪਏ ਦੀ ਗੈਰਕਾਨੂੰਨੀ ਰਿਸ਼ਵਤ ਜਾਣਬੁੱਝ ਕੇ ਸਵੀਕਾਰ ਕੀਤੀ। ਈਡੀ ਦਾ ਦੋਸ਼ ਤੇ ਦਾਅਵਾ ਹੈ ਕਿ ਰਕਮ ਪ੍ਰਾਪਤ ਹੋਣ ਤੋਂ ਬਾਅਦ ਇਹ ਅਨੁਸੂਚਿਤ ਅਪਰਾਧ ਨਾਲ ਜੁੜੀ ਅਪਰਾਧਿਕ ਗਤੀਵਿਧੀ ਤੋਂ ਹਾਸਲ ਜਾਇਦਾਦ, ਅਰਥਾਤ ਅਪਰਾਧ ਦੀ ਆਮਦਨ ਬਣ ਗਈ। ਈਡੀ ਨੇ ਮੁਲਜ਼ਮ ਤੇ ਐੱਚ.ਐੱਸ. ਭੁੱਲਰ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਦੌਰਾਨ ਸਬੰਧਤ ਸਮੇਂ ’ਚ ਦੋਵਾਂ ਵਿਚਾਲੇ ਵਾਰ-ਵਾਰ ਵ੍ਹਟਸਐਪ ’ਤੇ ਗੱਲਬਾਤ ਹੋਣ ਦਾ ਵੀ ਦਾਅਵਾ ਕੀਤਾ ਹੈ।
ਈਡੀ ਦੇ ਅਨੁਸਾਰ, ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮ ਦੇ ਘਰੋਂ 8.35 ਲੱਖ ਰੁਪਏ ਨਕਦ ਬਰਾਮਦ ਹੋਏ। ਇਸ ਤੋਂ ਇਲਾਵਾ ਵੱਖ-ਵੱਖ ਬੈਂਕ ਤੇ ਡਾਕਘਰ ਖਾਤਿਆਂ ਤੇ ਨਿਵੇਸ਼ਾਂ ’ਚ ਕੁੱਲ 1,41,56,937 ਰੁਪਏ ਦੀ ਰਕਮ ਮਿਲੀ, ਜਿਸ ’ਚ ਕਰੀਬ 8.81 ਲੱਖ ਰੁਪਏ ਬੈਂਕ ਖਾਤਿਆਂ ’ਚ ਜਮ੍ਹਾਂ ਸਨ। ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਮੁਲਜ਼ਮ ਦੇ ਘਰ ਕੀਤੀ ਗਈ ਤਲਾਸ਼ੀ ਦੌਰਾਨ ਕਰੀਬ 21 ਲੱਖ ਰੁਪਏ ਨਕਦ ਬਰਾਮਦ ਹੋਣ ਦੀ ਗੱਲ ਵੀ ਅਦਾਲਤ ਦੇ ਸਾਹਮਣੇ ਰੱਖੀ ਗਈ ਸੀ।
ਅਦਾਲਤ ਨੇ ਆਪਣੇ ਹੁਕਮ ’ਚ ਕਿਹਾ ਕਿ ਈਡੀ ਵੱਲੋਂ ਇਹ ਦੱਸਿਆ ਗਿਆ ਹੈ ਕਿ ਮੁਲਜ਼ਮ ਵੱਲੋਂ ਮਨੀ ਲਾਂਡਰਿੰਗ ਦਾ ਅਪਰਾਧ ਕੀਤੇ ਜਾਣ ਸਬੰਧੀ ‘ਵਿਸ਼ਵਾਸ ਕਰਨ ਦੇ ਕਾਰਨ’ ਮੌਜੂਦ ਹਨ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮੁਲਜ਼ਮ ਦੀ ਪਤਨੀ ਹਨੀ ਸ਼ਰਮਾ ਦਾ ਬਿਆਨ ਈਡੀ ਨੇ ਇਸ ਸਾਲ 20 ਮਈ ਨੂੰ ਪੀ.ਐੱਮ.ਐੱਲ.ਏ. ਦੀ ਧਾਰਾ 50 ਤਹਿਤ ਦਰਜ ਕੀਤਾ ਸੀ ਤੇ ਇਸ ਨੂੰ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ।