- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਕਿਰਤੀ ਸਮਾਜ ਦੀ ਅਗਵਾਈ ਕਰਨ ਵਾਲ਼ੇ ਧਰਮਪਾਲ ਉਪਾਸ਼ਕ ਦੀ ਦੂਜੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਦਾ ਲੋਕ ਅਰਪਣ ਸਮਾਰੋਹ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਇਆ I ਇਸ ਕਿਤਾਬ ਵਿੱਚ 34 ਕਾਵਿ ਰਚਨਾਵਾਂ ਹਨ I

ਭੁਪਿੰਦਰ ਸਿੰਘ ਮਲਿਕ, ਪੰਜਾਬੀ ਜਾਗਰਣ, ਚੰਡੀਗੜ੍ਹ : ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਕਿਰਤੀ ਸਮਾਜ ਦੀ ਅਗਵਾਈ ਕਰਨ ਵਾਲ਼ੇ ਧਰਮਪਾਲ ਉਪਾਸ਼ਕ ਦੀ ਦੂਜੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਦਾ ਲੋਕ ਅਰਪਣ ਸਮਾਰੋਹ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਇਆ I ਇਸ ਕਿਤਾਬ ਵਿੱਚ 34 ਕਾਵਿ ਰਚਨਾਵਾਂ ਹਨ I
ਸ਼੍ਰੀ ਉਪਾਸ਼ਕ ਦੀ ਪਹਿਲੀ ਪੁਸਤਕ ‘ਗੁਮਸ਼ੁਦਾ ਪੈੜਾਂ’ 2001 ਵਿੱਚ ਛਪੀ ਸੀ I ਰਿਲੀਜ਼ ਸਮਾਰੋਹ ਵਿੱਚ ਲੇਖਕ ਧਰਮਪਾਲ ਉਪਾਸ਼ਕ ਤੋਂ ਇਲਾਵਾ ਉੱਘੇ ਲੇਖਕ ਅਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਪੱਤਰਕਾਰ ਸ਼ਾਮ ਸਿੰਘ ਅੰਗ-ਸੰਗ, ਮੁਲਾਜ਼ਮ ਆਗੂ ਹਾਕਮ ਸਿੰਘ ਅਤੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਹਾਜ਼ਿਰ ਰਹੇ I
ਆਇਆਂ ਦਾ ਸੁਆਗਤ ਕਰਦਿਆਂ ਲੇਖਕ ਦੀ ਧੀ ਪ੍ਰਸਿੱਧ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਹਨਾਂ ਨੂੰ ਸਾਹਿਤ, ਕਲਾ ਅਤੇ ਸਭਿਆਚਾਰ ਦੀ ਗੂੜ੍ਹਤੀ ਪਿਤਾ ਕੋਲ਼ੋਂ ਹੀ ਮਿਲੀ I ਸ਼ਾਮ ਸਿੰਘ ਅੰਗ-ਸੰਗ ਨੇ ਲੇਖਕ ਨਾਲ਼ ਆਪਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਉਹ ਇੱਕ ਵਿਲੱਖਣ ਸ਼ਖ਼ਸੀਅਤ ਹਨ I ਸਪਤਰਿਸ਼ੀ ਪਬਲੀਕੇਸ਼ਨ ਦੇ ਸੰਚਾਲਕ ਬਲਦੇਵ ਸਿੰਘ ਨੇ ਇੱਕ ਜੜਿਆ ਪੋਸਟਰ ਭੇਂਟ ਕੀਤਾ I ਅਵਨੂਰ ਦਾ ਗਾਇਆ ਗੀਤ ‘ਤੂੰ ਜੁਗ ਜੁਗ ਜੀਵੇਂ ਇਹ ਮੰਗਾਂ ਮੈਂ ਦੁਆਵਾਂ’ ਬਹੁਤ ਸਲਾਹਿਆ ਗਿਆ I ਪ੍ਰਸਿੱਧ ਗਾਇਕ ਸਿਕੰਦਰ ਸਲੀਮ ਨੇ ਸ਼ਬਦੀਸ਼ ਦਾ ਗੀਤ ‘ਭਾਵੇਂ ਬੁੱਲ੍ਹਾਂ ਤੇ ਤਾਲ਼ਾ ਏ ਗੀਤ ਮੇਰੇ ਬੋਲ਼ ਜਾਂਦੇ ਨੇ’ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਸੁਣਾਇਆ I ਮੁਲਾਜ਼ਮ ਆਗੂ ਹਾਕਮ ਸਿੰਘ ਨੇ ਆਖਿਆ ਕਿ ਉਪਾਸ਼ਕ ਸਭ ਦੇ ਹਰਮਨ ਪਿਆਰੇ ਰਹੇ ਹਨ I ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਚਾਰਧਾਰਾ ਸਭ ਤੋਂ ਵੱਡੀ ਤਾਕ਼ਤ ਹੈ I ਧਰਮਪਾਲ ਉਪਾਸ਼ਕ ਦਾ ਸ਼ਾਂਤ ਸੁਭਾਅ ਉਹਨਾਂ ਨੂੰ ਊਰਜਾ ਪ੍ਰਦਾਨ ਕਰਦਾ ਹੈ I ਲੇਖਕ ਨੇ ਆਪਣੀ ਗੱਲ ਕਰਦਿਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸੰਘਰਸ਼ ਨਵੇਂ ਸ਼ਬਦ ਘੜ ਕੇ ਕਾਵਿ ਸਿਰਜਣਾ ਕਰ ਜਾਂਦਾ ਹੈ I ਸ਼ਬਦੀਸ਼ ਨੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਲੇਖਕ ਬਦਲਦੇ ਹਾਲਾਤ ਦੀ ਕਵਿਤਾ ਲਿਖਣ ਵਿੱਚ ਸਮਰੱਥ ਹਨ I ਮੌਜੂਦ ਸ੍ਰੋਤਿਆਂ ਦੀ ਹਾਜ਼ਰੀ ਵਿੱਚ ਧਰਮਪਾਲ ਉਪਾਸ਼ਕ ਦੇ 83ਵੇਂ ਜਨਮਦਿਨ ਦਾ ਕੇਕ ਵੀ ਕੱਟਿਆ ਗਿਆ I
ਇਸ ਮੌਕੇ ਦਵਿੰਦਰ ਦਮਨ, ਜਸਵੰਤ ਦਮਨ, ਅਰਵਿੰਦ ਰਟੌਲ, ਸੰਜੀਵਨ ਸਿੰਘ, ਰੰਜੀਵਨ ਸਿੰਘ, ਗੁਰਦੀਪ ਸਿੰਘ ਬਿੱਲਾ, ਰੈਕਟਰ ਕਥੂਰੀਆ, ਬਲਵਿੰਦਰ ਸਿੰਘ ਉੱਤਮ, ਕਾਰਤਿਕਾ ਸਿੰਘ, ਤਿਲਕ ਰਾਜ, ਗੁਰਪ੍ਰੀਤ ਖੋਖਰ ਆਦਿ ਮੌਜੂਦ ਰਹੇ I