- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਜੀਤ ਦਾ ਨਾਂ ਮੋਗਾ ਵਿੱਚ ਟਾਰਗੇਟ ਕਿਲਿੰਗ ਦੇ ਮਾਮਲੇ ਸੁਲਝਾਉਣ ਵਿੱਚ ਭੂਮਿਕਾ ਦੇ ਆਧਾਰ ’ਤੇ ਪੁਲਿਸ ਮੈਡਲ ਲਈ ਵੀ ਭੇਜਿਆ ਗਿਆ ਸੀ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਇਹ ਸਿਫ਼ਾਰਸ਼ ਵਾਪਸ ਲੈ ਲਈ ਗਈ। ਇਸ ਤੋਂ ਇਲਾਵਾ 2012 ਵਿੱਚ ਉਨ੍ਹਾਂ ਦੀ ਧੀ ਦੇ ਮੈਡੀਕਲ ਕਾਲਜ ਵਿੱਚ ਦਾਖ਼ਲੇ ਨਾਲ ਜੁੜੇ ਕਥਿਤ ਮੌਤ ਸਰਟੀਫਿਕੇਟ ਦਾ ਮਾਮਲਾ ਵੀ ਸਾਹਮਣੇ ਆਇਆ ਸੀ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਦੀ ਗ੍ਰਿਫ਼ਤਾਰੀ ਨੇ ਪੰਜਾਬ ਪੁਲਿਸ ਦੇ ਉਸ ਪੁਰਾਣੇ ਵਿਵਾਦ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ, ਜਿਸ ਦੀ ਸ਼ੁਰੂਆਤ 2017 ਵਿੱਚ ਇੰਸਪੈਕਟਰ ਇੰਦਰਜੀਤ ਸਿੰਘ ਦੀ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਹੋਈ ਸੀ। ਜਾਂਚ ਦੌਰਾਨ ਰਾਜਜੀਤ ਦੀ ਭੂਮਿਕਾ ’ਤੇ ਸਵਾਲ ਉੱਠੇ ਅਤੇ ਮਾਮਲਾ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਵਿਚਕਾਰ ਟਕਰਾਅ ਤੱਕ ਪਹੁੰਚ ਗਿਆ ਸੀ। 24 ਸਤੰਬਰ 2026 ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਰਾਜਜੀਤ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ। ਉਹ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਏਜੰਸੀਆਂ ਦੀ ਪਕੜ ਤੋਂ ਬਾਹਰ ਸਨ। ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਸੀ।
ਇੰਦਰਜੀਤ ਦੀ ਗ੍ਰਿਫ਼ਤਾਰੀ ਨਾਲ ਖੁੱਲ੍ਹਿਆ ਮਾਮਲਾ : 2017 ਵਿੱਚ ਐੱਸਟੀਐੱਫ ਨੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਕੋਲੋਂ ਕਰੀਬ ਚਾਰ ਕਿਲੋ ਹੈਰੋਇਨ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ। ਬਾਅਦ ਦੀ ਜਾਂਚ ਵਿੱਚ ਨਸ਼ਿਆਂ ਨਾਲ ਜੁੜੇ ਕਈ ਮਾਮਲਿਆਂ ਦੀ ਜਾਂਚ, ਐੱਨਡੀਪੀਐੱਸ ਕੇਸਾਂ ਦੇ ਸੈਂਪਲਾਂ ਅਤੇ ਪੁਲਿਸ ਕਾਰਵਾਈ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕੀਤੀ ਗਈ। ਰਾਜਜੀਤ ਉਸ ਸਮੇਂ ਤਰਨ ਤਾਰਨ ਅਤੇ ਮੋਗਾ ਦੇ ਐੱਸਐੱਸਪੀ ਸਮੇਤ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਸਨ। ਜਾਂਚ ਵਿੱਚ ਉਨ੍ਹਾਂ ਦਾ ਨਾਂ ਇੰਦਰਜੀਤ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਸਾਹਮਣੇ ਆਇਆ।
ਸਿੱਧੂ ਤੇ ਰਾਜਜੀਤ ਆਹਮੋ-ਸਾਹਮਣੇ : ਉਸ ਸਮੇਂ ਆਈਪੀਐੱਸ ਹਰਪ੍ਰੀਤ ਸਿੰਘ ਸਿੱਧੂ ਐੱਸਟੀਐੱਫ ਦੀ ਅਗਵਾਈ ਕਰ ਰਹੇ ਸਨ। ਐੱਸਟੀਐੱਫ ਦੀ ਜਾਂਚ ਵਿੱਚ ਰਾਜਜੀਤ ਦੀ ਭੂਮਿਕਾ ਦੀ ਵੀ ਜਾਂਚ ਹੋਈ। ਰਾਜਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਹਾਈ ਕੋਰਟ ਦਾ ਰੁਖ ਕੀਤਾ ਅਤੇ ਸਿੱਧੂ ’ਤੇ ਪੱਖਪਾਤ ਦੇ ਦੋਸ਼ ਲਾਏ। ਹਾਈ ਕੋਰਟ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ। ਇਸ ਵਿੱਚ ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ, ਪ੍ਰਬੋਧ ਕੁਮਾਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਲ ਸਨ। ਐੱਸਆਈਟੀ ਨੇ ਤਿੰਨ ਰਿਪੋਰਟਾਂ ਅਦਾਲਤ ਵਿੱਚ ਪੇਸ਼ ਕੀਤੀਆਂ।
ਚੱਟੋਪਾਧਿਆਏ ਨੇ ਅਰੋੜਾ ਤੇ ਗੁਪਤਾ ’ਤੇ ਲਾਏ ਸਨ ਦੋਸ਼ :
ਜਾਂਚ ਦੌਰਾਨ ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਅਤੇ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਵਿਚਕਾਰ ਵੀ ਵਿਵਾਦ ਸਾਹਮਣੇ ਆਇਆ। ਚੱਟੋਪਾਧਿਆਏ ਨੇ ਅਦਾਲਤ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਚੱਢਾ ਖੁਦਕੁਸ਼ੀ ਮਾਮਲੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਵਿਚਕਾਰ ਖਿੱਚੋਤਾਣ ਜਨਤਕ ਹੋਣ ਲੱਗੀ। ਹਾਲਾਤ ਇਹ ਬਣੇ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰੀਆਂ ਨੂੰ ਇਕ-ਦੂਜੇ ਖ਼ਿਲਾਫ਼ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਹਦਾਇਤ ਦੇਣੀ ਪਈ।
ਮੈਡਲ ਦੀ ਸਿਫ਼ਾਰਸ਼ ਵੀ ਬਣੀ ਵਿਵਾਦ :
ਰਾਜਜੀਤ ਦਾ ਨਾਂ ਮੋਗਾ ਵਿੱਚ ਟਾਰਗੇਟ ਕਿਲਿੰਗ ਦੇ ਮਾਮਲੇ ਸੁਲਝਾਉਣ ਵਿੱਚ ਭੂਮਿਕਾ ਦੇ ਆਧਾਰ ’ਤੇ ਪੁਲਿਸ ਮੈਡਲ ਲਈ ਵੀ ਭੇਜਿਆ ਗਿਆ ਸੀ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਇਹ ਸਿਫ਼ਾਰਸ਼ ਵਾਪਸ ਲੈ ਲਈ ਗਈ। ਇਸ ਤੋਂ ਇਲਾਵਾ 2012 ਵਿੱਚ ਉਨ੍ਹਾਂ ਦੀ ਧੀ ਦੇ ਮੈਡੀਕਲ ਕਾਲਜ ਵਿੱਚ ਦਾਖ਼ਲੇ ਨਾਲ ਜੁੜੇ ਕਥਿਤ ਮੌਤ ਸਰਟੀਫਿਕੇਟ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਸਰਟੀਫਿਕੇਟ ਵਿੱਚ ਰਾਜਜੀਤ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਮ੍ਰਿਤਕ ਦੱਸਿਆ ਗਿਆ ਸੀ। ਰਾਜਜੀਤ ਨੇ ਇਸ ਨੂੰ ਗ਼ਲਤਫ਼ਹਿਮੀ ਦੱਸਿਆ ਸੀ ਅਤੇ ਬਾਅਦ ਵਿੱਚ ਸਰਟੀਫਿਕੇਟ ਵਾਪਸ ਲੈ ਲਿਆ ਗਿਆ।
ਐੱਸਆਈਟੀ ਰਿਪੋਰਟਾਂ ਤੋਂ ਬਾਅਦ ਬਰਖ਼ਾਸਤਗੀ : ਹਾਈ ਕੋਰਟ ਨੇ ਮਾਰਚ 2023 ਵਿੱਚ ਐੱਸਆਈਟੀ ਦੀਆਂ ਸੀਲਬੰਦ ਰਿਪੋਰਟਾਂ ਖੋਲ੍ਹੀਆਂ। ਰਿਪੋਰਟਾਂ ਵਿੱਚ ਰਾਜਜੀਤ ਦੇ ਇੰਦਰਜੀਤ ਨਾਲ ਕਥਿਤ ਸਬੰਧਾਂ ਅਤੇ ਐੱਨਡੀਪੀਐੱਸ ਮਾਮਲਿਆਂ ਨਾਲ ਜੁੜੇ ਕਈ ਮੁੱਦਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਪੰਜਾਬ ਸਰਕਾਰ ਨੇ ਅਪ੍ਰੈਲ 2023 ਵਿੱਚ ਰਾਜਜੀਤ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਨਸ਼ਾ ਮਾਮਲਿਆਂ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਵੱਖ-ਵੱਖ ਕੇਸ ਵੀ ਦਰਜ ਹੋਏ। ਹਾਈ ਕੋਰਟ ਨੇ 2023 ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਰੱਦ ਕੀਤੀ ਸੀ।
ਤਿੰਨ ਸਾਲ ਬਾਅਦ ਗ੍ਰਿਫ਼ਤਾਰੀ :
ਰਾਜਜੀਤ ਅਪ੍ਰੈਲ 2023 ਤੋਂ ਫ਼ਰਾਰ ਸਨ। ਸਤੰਬਰ 2026 ਵਿੱਚ ਉਨ੍ਹਾਂ ਨੇ ਸੁਪਰੀਮ ਕੋਰਟ ਸਾਹਮਣੇ ਆਤਮ-ਸਮਰਪਣ ਦੀ ਪੇਸ਼ਕਸ਼ ਕੀਤੀ। 16 ਸਤੰਬਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ 24 ਸਤੰਬਰ ਨੂੰ ਏਐੱਨਟੀਐੱਫ ਨੇ ਪਟਿਆਲਾ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਜਾਂਚ ਏਜੰਸੀ ਵੱਲੋਂ ਅਦਾਲਤ ਵਿੱਚ ਉਨ੍ਹਾਂ ਦਾ ਰਿਮਾਂਡ ਮੰਗੇ ਜਾਣ ਦੀ ਸੰਭਾਵਨਾ ਹੈ।