- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ’ਚ ਪੰਜਾਬ ਸਰਕਾਰ ਨੇ ਝੋਨੇ ਦੀ ਪੈਦਾਵਾਰ ਵਧਣ ਦੇ ਚਾਰ ਮੁੱਖ ਕਾਰਨ ਵੀ ਗਿਣਾਏ। ਇਨ੍ਹਾਂ ਵਿਚ ਫ਼ਸਲ ਲਈ ਅਨੁਕੂਲ ਮੌਸਮੀ ਹਾਲਾਤ, ਵੱਧ ਝਾੜ ਦੇਣ ਵਾਲੇ ਹਾਈਬ੍ਰਿਡ ਬੀਜਾਂ ਦੀ ਵਰਤੋਂ, ਪਿਛਲੇ ਸਾਲ ਆਏ ਹੜ੍ਹਾਂ ਦਾ ਖੇਤੀ ਉਤਪਾਦਕਤਾ ’ਤੇ ਪਿਆ ਅਸਰ ਅਤੇ ਫ਼ਸਲੀ ਚੱਕਰ ਵਿਚ ਆਈ ਤਬਦੀਲੀ ਸ਼ਾਮਲ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿਚ ਇਸ ਸਾਲ ਮੌਨਸੂਨ ਫੇਲ੍ਹ ਹੋਣ ਅਤੇ 42 ਫੀਸਦੀ ਬਾਰਿਸ਼ ਘੱਟ ਹੋਣ ਦੇ ਬਾਵਜੂਦ ਕਿਸਾਨਾਂ ਨੇ ਝੋਨੇ ਦੀ ਪੈਦਾਵਾਰ ਦੇ ਰਿਕਾਰਡ ਤੋੜ ਦਿੱਤੇ ਹਨ। ਜਿੱਥੇ ਇਹ ਕਿਸਾਨਾਂ ਲਈ ਚੰਗੀ ਖ਼ਬਰ ਹੈ, ਉੱਥੇ ਹੀ ਕਿਸਾਨ ਯੂਨੀਅਨਾਂ ਇਸ ਗੱਲੋਂ ਨਾਰਾਜ਼ ਹਨ ਕਿ ਸਰਕਾਰ ਨੇ ਬਹੁਤੇ ਖ਼ਰੀਦ ਕੇਂਦਰਾਂ ’ਤੇ ਖ਼ਰੀਦ ਬੰਦ ਕਰ ਦਿੱਤੀ ਹੈ। ਹਾਲੇ ਵੀ ਕਾਫੀ ਮਾਤਰਾ ’ਚ ਮੰਡੀਆਂ ਵਿਚ ਝੋਨੇ ਦੀ ਆਮਦ ਨੂੰ ਦੇਖਦਿਆਂ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਵਲੋਂ ਭੇਜੀ ਰਿਪੋਰਟ ਦੇ ਆਧਾਰ ’ਤੇ ਕੇਂਦਰੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰ ਸੰਜੀਵ ਚੋਪੜਾ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਵਿਚ ਝੋਨੇ ਦੀ ਪੈਦਾਵਾਰ 180 ਲੱਖ ਮੀਟ੍ਰਿਕ ਟਨ ਦੇ ਨਿਰਧਾਰਤ ਟੀਚੇ ਤੋਂ ਕਾਫ਼ੀ ਵੱਧ ਗਈ ਹੈ। ਪੱਤਰ ’ਚ ਪੰਜਾਬ ਸਰਕਾਰ ਨੇ ਝੋਨੇ ਦੀ ਪੈਦਾਵਾਰ ਵਧਣ ਦੇ ਚਾਰ ਮੁੱਖ ਕਾਰਨ ਵੀ ਗਿਣਾਏ। ਇਨ੍ਹਾਂ ਵਿਚ ਫ਼ਸਲ ਲਈ ਅਨੁਕੂਲ ਮੌਸਮੀ ਹਾਲਾਤ, ਵੱਧ ਝਾੜ ਦੇਣ ਵਾਲੇ ਹਾਈਬ੍ਰਿਡ ਬੀਜਾਂ ਦੀ ਵਰਤੋਂ, ਪਿਛਲੇ ਸਾਲ ਆਏ ਹੜ੍ਹਾਂ ਦਾ ਖੇਤੀ ਉਤਪਾਦਕਤਾ ’ਤੇ ਪਿਆ ਅਸਰ ਅਤੇ ਫ਼ਸਲੀ ਚੱਕਰ ਵਿਚ ਆਈ ਤਬਦੀਲੀ ਸ਼ਾਮਲ ਹਨ।
ਪੱਤਰ ਅਨੁਸਾਰ ਇਸ ਸਾਲ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਹਾਈਬ੍ਰਿਡ ਕਿਸਮਾਂ ਹੇਠ ਰਕਬਾ ਵੀ ਕਾਫ਼ੀ ਵਧਿਆ ਹੈ। ਇਨ੍ਹਾਂ ਕਿਸਮਾਂ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵੱਧ ਹੋਣ ਕਾਰਨ ਕੁੱਲ ਪੈਦਾਵਾਰ ਵਿਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ ਆਏ ਹੜ੍ਹਾਂ ਨੂੰ ਵੀ ਇਸ ਸਾਲ ਝੋਨੇ ਦੇ ਵੱਧ ਝਾੜ ਦਾ ਇਕ ਕਾਰਨ ਦੱਸਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਹੜ੍ਹਾਂ ਦੌਰਾਨ ਕਈ ਖੇਤੀਬਾੜੀ ਖੇਤਰਾਂ ਵਿਚ ਉਪਜਾਊ ਮਿੱਟੀ ਦੀ ਨਵੀਂ ਪਰਤ ਜਮ੍ਹਾਂ ਹੋ ਗਈ ਸੀ। ਹੜ੍ਹਾਂ ਕਾਰਨ ਕਾਫ਼ੀ ਸਮਾਂ ਖੇਤ ਖਾਲੀ ਰਹਿਣ ਕਰਕੇ ਵੀ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੋਇਆ, ਜਿਸ ਦਾ ਲਾਭ ਇਸ ਸਾਲ ਦੀ ਫ਼ਸਲ ਨੂੰ ਮਿਲਿਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕਿਹਾ ਹੈ ਕਿ 5 ਤੋਂ 7 ਫੀਸਦੀ ਪ੍ਰਤੀ ਏਕੜ ਪੈਦਾਵਾਰ ਵੀ ਵਧੀ ਹੈ। ਹਾਲਾਂਕਿ ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਸਾਲ ਬਾਸਮਤੀ ਦੇ ਭਾਅ ਵਿਚ ਆਈ ਭਾਰੀ ਗਿਰਾਵਟ ਕਾਰਨ ਕਿਸਾਨਾਂ ਨੇ ਵੀ ਫ਼ਸਲੀ ਚੱਕਰ ਬਦਲ ਦਿੱਤਾ, ਜਿਸ ਕਾਰਨ ਇਸ ਵਾਰ ਝੋਨੇ ਹੇਠ ਰਕਬਾ ਪਿਛਲੇ ਸਾਲ ਨਾਲੋਂ ਵੱਧ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਨੇ ਇਸ ਸਾਲ ਬਾਸਮਤੀ ਦੀ ਥਾਂ ਗ਼ੈਰ-ਬਾਸਮਤੀ (ਪਰਮਲ) ਕਿਸਮਾਂ ਦੀ ਕਾਸ਼ਤ ਕੀਤੀ। ਇਸੇ ਤਰ੍ਹਾਂ ਕਪਾਹ ਹੇਠਲਾ ਕਾਫ਼ੀ ਰਕਬਾ ਵੀ ਝੋਨੇ ਹੇਠ ਆ ਗਿਆ, ਜਿਸ ਨਾਲ ਕੁੱਲ ਪੈਦਾਵਾਰ ਵਿਚ ਵਾਧਾ ਹੋਇਆ।
ਬੋਗਸ ਖ਼ਰੀਦ ਰੋਕਣ ਲਈ ਸਖ਼ਤੀ
ਪੰਜਾਬ ਸਰਕਾਰ ਨੇ ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਨਿਰਧਾਰਤ 180 ਲੱਖ ਮੀਟ੍ਰਿਕ ਟਨ ਦੇ ਟੀਚੇ ਦੇ ਅੰਦਰ ਹੀ ਖ਼ਰੀਦ ਯਕੀਨੀ ਬਣਾਉਣ ਲਈ ਸਰਕਾਰ ਨੇ ਬੋਗਸ ਖ਼ਰੀਦ ਰੋਕਣ, ਗੁਆਂਢੀ ਸੂਬਿਆਂ ਤੋਂ ਝੋਨੇ ਦੀ ਤਸਕਰੀ ਰੋਕਣ ਅਤੇ ਪਹਿਲਾਂ ਖਰੀਦੇ ਸਟਾਕ ਦੀ ਮੁੜ ਵਰਤੋਂ (ਰੀਸਾਈਕਲਿੰਗ) ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਇਸ ਮੰਤਵ ਲਈ ਪੁਲਿਸ ਵਿਭਾਗ ਵੱਲੋਂ ਸਪੈਸ਼ਲ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਸੂਬੇ ਭਰ ਵਿਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ।
ਝੋਨੇ ਦੀ ਪੈਦਾਵਾਰ ਵਧਣ ਦੇ ਚਾਰ ਮੁੱਖ ਕਾਰਨ
- ਫ਼ਸਲ ਲਈ ਅਨੁਕੂਲ ਮੌਸਮੀ ਹਾਲਾਤ।
- ਵੱਧ ਝਾੜ ਦੇਣ ਵਾਲੀਆਂ ਹਾਈਬ੍ਰਿਡ ਕਿਸਮਾਂ ਹੇਠ ਰਕਬੇ ਵਿੱਚ ਵਾਧਾ।
- ਪਿਛਲੇ ਸਾਲ ਦੇ ਹੜ੍ਹਾਂ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ।
- ਫ਼ਸਲੀ ਚੱਕਰ ਵਿੱਚ ਤਬਦੀਲੀ, ਬਾਸਮਤੀ ਦੀ ਥਾਂ ਪਰਮਲ ਅਤੇ ਕਪਾਹ ਹੇਠਲੇ ਰਕਬੇ ’ਚ ਝੋਨੇ ਦੀ ਕਾਸ਼ਤ।