- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਨੂੰ ਸੌਂਪੇ ਗਏ ਮੰਗ ਪੱਤਰ ਵਿਚ ਪ੍ਰਮੋਸ਼ਨਲ ਸੀਐੱਚਟੀਜ਼ ਨੇ ਦੱਸਿਆ ਕਿ ਉਨ੍ਹਾਂ ਦੀ ਭਰਤੀ ਸਾਲ 1993 ਤੋਂ 1998 ਦਰਮਿਆਨ ਈਟੀਟੀ ਅਧਿਆਪਕਾਂ ਵਜੋਂ ਹੋਈ ਸੀ। ਲੰਮੇ ਸੇਵਾਕਾਲ ਤੋਂ ਬਾਅਦ ਸਤੰਬਰ 2020 ਵਿਚ ਉਨ੍ਹਾਂ ਨੂੰ ਸੀਐੱਚਟੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੇ ਅਹੁਦਿਆਂ ’ਤੇ ਤਰੱਕੀਆਂ ਨੂੰ ਲੈ ਕੇ ਪ੍ਰਮੋਸ਼ਨਲ ਚੀਫ਼ ਹੈੱਡ ਟੀਚਰ (ਸੀਐੱਚਟੀ) ਨੇ ਆਪਣੇ ਲਈ 75 ਫ਼ੀਸਦੀ ਕੋਟਾ ਨਿਰਧਾਰਤ ਕਰਨ ਦੀ ਮੰਗ ਉਠਾਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ 24 ਜਨਵਰੀ, 1977 ਦੇ ਹੁਕਮਾਂ ਦੇ ਆਧਾਰ ’ਤੇ ਪੂਰੇ ਪੰਜਾਬ ਵਿਚ 60:40 ਦਾ ਅਨੁਪਾਤ ਤੁਰੰਤ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਮੰਤਰੀ ਨੂੰ ਸੌਂਪੇ ਗਏ ਮੰਗ ਪੱਤਰ ਵਿਚ ਪ੍ਰਮੋਸ਼ਨਲ ਸੀਐੱਚਟੀਜ਼ ਨੇ ਦੱਸਿਆ ਕਿ ਉਨ੍ਹਾਂ ਦੀ ਭਰਤੀ ਸਾਲ 1993 ਤੋਂ 1998 ਦਰਮਿਆਨ ਈਟੀਟੀ ਅਧਿਆਪਕਾਂ ਵਜੋਂ ਹੋਈ ਸੀ। ਲੰਮੇ ਸੇਵਾਕਾਲ ਤੋਂ ਬਾਅਦ ਸਤੰਬਰ 2020 ਵਿਚ ਉਨ੍ਹਾਂ ਨੂੰ ਸੀਐੱਚਟੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ। ਹੁਣ ਬੀਪੀਈਓ ਦੇ ਅਹੁਦਿਆਂ ’ਤੇ ਹੋਣ ਵਾਲੀਆਂ ਤਰੱਕੀਆਂ ਵਿਚ ਸਿਰਫ਼ 25 ਫ਼ੀਸਦੀ ਸਿੱਧੀ ਭਰਤੀ ਵਾਲੇ ਸੀਐੱਚਟੀਜ਼ ਨੂੰ ਮੌਕਾ ਮਿਲਣ ਕਾਰਨ 30 ਤੋਂ 32 ਸਾਲ ਸੇਵਾ ਨਿਭਾਉਣ ਵਾਲੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਪ੍ਰਮੋਸ਼ਨਲ ਸੀਐੱਚਟੀਜ਼ ਨੇ ਮੰਗ ਕੀਤੀ ਹੈ ਕਿ ਬੀਪੀਈਓ ਦੇ ਅਹੁਦਿਆਂ ਲਈ 90 ਫ਼ੀਸਦੀ ਤਰੱਕੀ ਕੋਟੇ ਵਿਚ 25 ਫ਼ੀਸਦੀ ਸਿੱਧੀ ਭਰਤੀ ਵਾਲੇ ਸੀਐੱਚਟੀਜ਼ ਅਤੇ 75 ਫ਼ੀਸਦੀ ਪ੍ਰਮੋਸ਼ਨਲ ਸੀਐੱਚਟੀਜ਼ ਵਿਚਕਾਰ ਅਨੁਪਾਤ ਤੈਅ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਵਸਥਾ ਨਾਲ ਵਿਭਾਗ ਵਿਚ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਵੀ ਤਰੱਕੀ ਦਾ ਢੁੱਕਵਾਂ ਮੌਕਾ ਮਿਲੇਗਾ।
ਮੰਗ ਪੱਤਰ ਵਿਚ ਸਿੱਖਿਆ ਵਿਭਾਗ ਦੀ ਸੂਚੀ ਵਿਚ ਦੋਵਾਂ ਸ਼੍ਰੇਣੀਆਂ ਦੇ ਸੀਐੱਚਟੀਜ਼ ਨੂੰ ਸ਼ਾਮਲ ਕਰ ਕੇ ਇਸੇ ਅਨੁਪਾਤ ਦੇ ਆਧਾਰ ’ਤੇ ਬੀਪੀਈਓ ਅਹੁਦਿਆਂ ਦੀ ਤਰੱਕੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਵਿਵਸਥਾ ਕਿਸੇ ਵੀ ਸ਼੍ਰੇਣੀ ਦੇ ਅਧਿਆਪਕਾਂ ਦਾ ਹੱਕ ਨਹੀਂ ਖੋਹੇਗੀ, ਸਗੋਂ ਦੋਵਾਂ ਦੇ ਹਿੱਤਾਂ ਦੀ ਰਾਖੀ ਕਰੇਗੀ ਅਤੇ ਵਿਵਾਦ ਦੀ ਸਥਿਤੀ ਵੀ ਪੈਦਾ ਨਹੀਂ ਹੋਵੇਗੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਡਾਇਰੈਕਟਰ ਨੂੰ ਇਸ ਮੰਗ ’ਤੇ ਤੁਰੰਤ ਕਾਰਵਾਈ ਕਰਨ ਅਤੇ ਪ੍ਰਸਤਾਵਿਤ ਵਿਵਸਥਾ ਅਨੁਸਾਰ ਬੀਪੀਈਓ ਅਹੁਦਿਆਂ ’ਤੇ ਤਰੱਕੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।