- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਤ ਸਕੂਲ ਨੂੰ ਸੀਨੀਅਰ ਸੈਕੰਡਰੀ ਬਣਾਉਣ ਦੀ ਮੰਗ

- ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਸਕੂਲ ਨੂੰ ਅਪਗ੍ਰੇਡੇਸ਼ਨ ਕਰਨ ਦੀ ਅਪੀਲ
- ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀ ਪ੍ਰਾਪਤ ਕਰ ਰਹੇ ਨੇ ਸਿੱਖਿਆ
ਜੇਐੱਸ ਕਲੇਰ, ਪੰਜਾਬੀ ਜਾਗਰਣ
ਜ਼ੀਰਕਪੁਰ : ਸਥਾਨਕ ਪਿੰਡ ਛੱਤ ਦੇ ਵਸਨੀਕਾਂ ਵੱਲੋਂ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਚ ਅਪਗ੍ਰੇਡ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ। ਇਸ ਸਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰ. 24 ਦੀ ਕੌਂਸਲਰ ਡਾ. ਪਰਵਿੰਦਰ ਕੌਰ ਵੱਲੋਂ ਸਕੂਲ ਸਿੱਖਿਆ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਸਕੂਲ ਦੀ ਅਪਗ੍ਰੇਡੇਸ਼ਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਪੱਤਰ ਵਿਚ ਦੱਸਿਆ ਗਿਆ ਹੈ ਕਿ ਪਿੰਡ ਛੱਤ, ਨੇੜਲੇ ਪਿੰਡ ਸਤਾਬਗੜ੍ਹ ਅਤੇ ਐੱਮਸੀ ਚੌਧਰੀ ਕਾਲੋਨੀ ਸਮੇਤ ਆਸ-ਪਾਸ ਦੇ ਇਲਾਕਿਆਂ ਦੀ ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਕੂਲ ਦੀ ਵਿਦਿਆਰਥੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਇੱਥੇ ਲਗਭਗ 100 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿਚ ਹਰ ਸਾਲ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਪੱਤਰ ਅਨੁਸਾਰ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਪੱਧਰ ਦੀ ਪੜ੍ਹਾਈ ਲਈ ਦੂਰ-ਦੁਰਾਡੇ ਸਕੂਲਾਂ ਵਿਚ ਜਾਣਾ ਪੈਂਦਾ ਹੈ। ਸਭ ਤੋਂ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਬਾਤ ਅਤੇ ਪਿੰਡ ਦਿਆਲਪੁਰਾ ਵਿਚ ਸਥਿਤ ਹਨ, ਜੋ ਕ੍ਰਮਵਾਰ ਲਗਭਗ 8 ਤੋਂ 10 ਕਿਲੋਮੀਟਰ ਦੂਰ ਹਨ। ਇਨ੍ਹਾਂ ਸਕੂਲਾਂ ਤੱਕ ਪਹੁੰਚਣ ਲਈ ਵਿਦਿਆਰਥੀਆਂ ਲਈ ਕੋਈ ਸਮਰਪਿਤ ਆਵਾਜਾਈ ਸਹੂਲਤ ਉਪਲਬਧ ਨਹੀਂ ਹੈ, ਜਿਸ ਕਾਰਨ ਖ਼ਾਸ ਕਰਕੇ ਲੜਕੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਡਾ. ਪਰਵਿੰਦਰ ਕੌਰ ਨੇ ਪੱਤਰ ਵਿਚ ਕਿਹਾ ਕਿ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗ੍ਰੇਡ ਕਰਨ ਨਾਲ ਵਿਦਿਆਰਥੀਆਂ ਨੂੰ ਆਪਣੇ ਪਿੰਡ ਵਿਚ ਹੀ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਨਾਲ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹ ਮਿਲੇਗਾ ਅਤੇ ਸਕੂਲ ਛੱਡਣ ਦੀ ਦਰ ਵਿਚ ਵੀ ਕਮੀ ਆਵੇਗੀ ਅਤੇ ਨਾਲ ਹੀ ਮਾਪਿਆਂ ’ਤੇ ਆਵਾਜਾਈ ਅਤੇ ਹੋਰ ਖ਼ਰਚਿਆਂ ਦਾ ਬੋਝ ਘਟੇਗਾ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਸਕੂਲ ਦੀ ਅਪਗ੍ਰੇਡੇਸ਼ਨ ਨਾਲ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਮੁਹਿੰਮ ਨੂੰ ਹੋਰ ਬਲ ਮਿਲੇਗਾ ਅਤੇ ਖੇਤਰ ਵਿਚ ਕੁੱਲ ਦਾਖ਼ਲਾ ਦਰ ਵਿਚ ਵੀ ਵਾਧਾ ਹੋਵੇਗਾ। ਪੱਤਰ ਵਿਚ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਲੋੜੀਂਦੇ ਅਧਿਆਪਕ, ਗ਼ੈਰ-ਅਧਿਆਪਕ ਕਰਮਚਾਰੀ, ਪ੍ਰਯੋਗਸ਼ਾਲਾ ਉਪਕਰਣ ਅਤੇ ਹੋਰ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਸਕੂਲ ਨੂੰ ਜਲਦ ਤੋਂ ਜਲਦ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦਿੱਤਾ ਜਾਵੇ। ਸਥਾਨਕ ਪਿੰਡ ਦੇ ਲੋਕਾਂ ਨੇ ਵੀ ਇਸ ਮੰਗ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਨੂੰ ਇਸ ਮਾਮਲੇ 'ਤੇ ਹਮਦਰਦੀ ਨਾਲ ਵਿਚਾਰ ਕਰਕੇ ਜਲਦੀ ਫ਼ੈਸਲਾ ਲੈਣਾ ਚਾਹੀਦਾ ਹੈ।