ਚੰਡੀਗੜ੍ਹ ਬਿਜਲੀ ਅਪਡੇਟ: ਸਮਾਰਟ ਮੀਟਰ ਕੇਬਲ ਚੋਰੀ ਰੋਕਣ ਲਈ CPDL ਨੇ ਵਧਾਈ ਚੌਕਸੀ; ਸ਼ਹਿਰ 'ਚ ਗਸ਼ਤ ਤੇਜ਼, ਕੁਝ ਸ਼ੱਕੀ ਵਿਅਕਤੀ ਮੌਕੇ 'ਤੇ ਕਾਬੂ ਚੰਡੀਗੜ੍ਹ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਭਰੋਸੇਯੋਗ ਬਿਜਲੀ ਸਪਲਾਈ ਦੇਣ ਦੀ ਆਪਣੀ ਵਚਨਬੱਧਤਾ ਤਹਿਤ, ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਨੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ (ਡੀਟੀ) ਨਾਲ ਜੁੜੀਆਂ ਸਮਾਰਟ ਮੀਟਰ ਕੰਟਰੋਲ ਕੇਬਲਾਂ ਦੀ ਸੁਰੱਖਿਆ ਲਈ ਪੂਰੇ ਸ਼ਹਿਰ 'ਚ ਨਿਗਰਾਨੀ ਤੇ ਗਸ਼ਤ ਵਧਾ ਦਿੱਤੀ ਹੈ।
Publish Date: Wed, 18 Nov 2026 11:14 AM (IST)
Updated Date: Wed, 18 Nov 2026 11:15 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਵਸਨੀਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਭਰੋਸੇਯੋਗ ਬਿਜਲੀ ਸਪਲਾਈ ਦੇਣ ਦੀ ਆਪਣੀ ਵਚਨਬੱਧਤਾ ਤਹਿਤ, ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਨੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ (ਡੀਟੀ) ਨਾਲ ਜੁੜੀਆਂ ਸਮਾਰਟ ਮੀਟਰ ਕੰਟਰੋਲ ਕੇਬਲਾਂ ਦੀ ਸੁਰੱਖਿਆ ਲਈ ਪੂਰੇ ਸ਼ਹਿਰ 'ਚ ਨਿਗਰਾਨੀ ਤੇ ਗਸ਼ਤ ਵਧਾ ਦਿੱਤੀ ਹੈ।
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਖਪਤਕਾਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਇਨ੍ਹਾਂ ਉਪਕਰਣਾਂ ਤੇ ਕੇਬਲਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ।
ਹਾਲ ਹੀ ’ਚ ਕੇਬਲ ਚੋਰੀ ਦੀਆਂ ਕੁਝ ਘਟਨਾਵਾਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਇਹ ਕਦਮ ਚੁੱਕੇ ਗਏ ਹਨ। ਕੰਪਨੀ ਦੇ ਬੁਲਾਰੇ ਅਨੁਸਾਰ, ਸੀਪੀਡੀਐੱਲ ਦੀ ਆਪਰੇਸ਼ਨਜ਼ ਟੀਮ ਨੇ ਕੇਬਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਸ਼ੱਕੀ ਵਿਅਕਤੀਆਂ ਨੂੰ ਮੌਕੇ 'ਤੇ ਹੀ ਫੜ ਲਿਆ ਤੇ ਇਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ। ਕੰਪਨੀ ਨੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦੀ ਨਿਗਰਾਨੀ ਵੀ ਵਧਾ ਦਿੱਤੀ ਹੈ ਤੇ ਲਗਾਤਾਰ ਨਜ਼ਰ ਰੱਖਣ ਲਈ ਵਾਧੂ ਫੀਲਡ ਟੀਮਾਂ ਤਾਇਨਾਤ ਕੀਤੀਆਂ ਹਨ।
ਡੀਟੀ ਸਮਾਰਟ ਮੀਟਰ ਸੀਪੀਡੀਐੱਲ ਦੇ ਆਧੁਨਿਕ ਬਿਜਲੀ ਵੰਡ ਨੈੱਟਵਰਕ ਦਾ ਇਕ ਅਹਿਮ ਹਿੱਸਾ ਹਨ। ਇਨ੍ਹਾਂ ਰਾਹੀਂ ਬਿਜਲੀ ਸਪਲਾਈ ਦੀ ਰੀਅਲ-ਟਾਈਮ ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਬਿਜਲੀ ਸਪਲਾਈ ’ਚ ਰੁਕਾਵਟ ਦਾ ਸਮੇਂ ਸਿਰ ਪਤਾ ਲਗਾਉਣ ਤੇ ਖ਼ਰਾਬੀ ਦੀ ਜਲਦੀ ਪਛਾਣ ਕਰਨ ’ਚ ਮਦਦ ਮਿਲਦੀ ਹੈ। ਇਸ ਨਾਲ ਖਪਤਕਾਰਾਂ ਦੀ ਬਿਜਲੀ ਸਪਲਾਈ ਘੱਟ ਸਮੇਂ 'ਚ ਬਹਾਲ ਕੀਤੀ ਜਾ ਸਕਦੀ ਹੈ।
ਕੰਪਨੀ ਦੇ ਬੁਲਾਰੇ ਨੇ ਕਿਹਾ, “ਅਜਿਹੀਆਂ ਚੋਰੀਆਂ ’ਚ ਸ਼ਾਮਲ ਲੋਕ ਆਪਣੀ ਜਾਨ ਨੂੰ ਕਰੰਟ ਲੱਗਣ ਤੇ ਜਾਨਲੇਵਾ ਹਾਦਸਿਆਂ ਦੇ ਗੰਭੀਰ ਖ਼ਤਰੇ ’ਚ ਪਾਉਂਦੇ ਹਨ।”
ਸ਼ਹਿਰ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਿਜਲੀ ਦੇ ਉਪਕਰਣਾਂ ਦੇ ਨੇੜੇ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਣ 'ਤੇ ਤੁਰੰਤ ਪੁਲਿਸ ਜਾਂ ਸੀਪੀਡੀਐੱਲ ਦੇ ਹੈਲਪਲਾਈਨ ਨੰ. 92402-16666 'ਤੇ ਸੂਚਨਾ ਦਿੱਤੀ ਜਾਵੇ।