'ਆਪ' ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ, ਅਗਲੀਆਂ ਚੋਣਾਂ 'ਚ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇਗੀ: ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਉਮੀਦ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦਹਾਈ ਦਾ ਅੰਕੜਾ (10 ਸੀਟਾਂ) ਵੀ ਨਹੀਂ ਛੂਹ ਸਕੇਗੀ।
Publish Date: Sat, 13 Jun 2026 05:32 PM (IST)
Updated Date: Sat, 13 Jun 2026 05:37 PM (IST)
ਸਟੇਟ ਬਿਓਰੋ, ਜਾਗਰਣ, ਚੰਡੀਗੜ੍ਹ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਉਮੀਦ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ 'ਆਪ' ਦਹਾਈ ਦਾ ਅੰਕੜਾ (10 ਸੀਟਾਂ) ਵੀ ਨਹੀਂ ਛੂਹ ਸਕੇਗੀ।
ਉਨ੍ਹਾਂ ਕਿਹਾ ਕਿ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿਨ ਵਿੱਚ ਹੀ ਭਗਵੰਤ ਮਾਨ ਦੇ ਦੁਬਾਰਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ, ਜਦਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਪਹਿਲਾਂ ਹੀ ਤੰਗ ਆ ਚੁੱਕੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।
ਵੜਿੰਗ ਨੇ ਇੱਕ ਵਾਰ ਫਿਰ ਦੁਹਰਾਇਆ ਕਿ 'ਆਪ' ਲੀਡਰਸ਼ਿਪ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾਉਣ ਦੇ ਖ਼ਿਆਲੀ ਪੁਲਾਓ ਪਕਾ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਮੇਰੇ ਕੋਲੋਂ ਲਿਖਵਾ ਲਵੇ ਕਿ ਸਰਕਾਰ ਬਣਾਉਣ ਦੀ ਗੱਲ ਤਾਂ ਦੂਰ, ਇਸ ਵਾਰ 'ਆਪ' ਦਹਾਈ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਅਤੇ ਹੋ ਸਕਦਾ ਹੈ ਕਿ ਚੋਣ ਲੜਨ ਲਈ ਉਸ ਨੂੰ ਲੋੜੀਂਦੇ ਉਮੀਦਵਾਰ ਵੀ ਨਾ ਮਿਲਣ।
ਇਨ੍ਹਾਂ ਦੇ ਅੱਧੇ ਤੋਂ ਵੱਧ ਮੌਜੂਦਾ ਵਿਧਾਇਕ ਡੁੱਬਦੇ ਜਹਾਜ਼ ਤੋਂ ਛਾਲ ਮਾਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ 'ਆਪ' ਲੀਡਰਸ਼ਿਪ ਇਹ ਸੋਚਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਮੂਰਖ ਬਣਾ ਲਵੇਗੀ, ਤਾਂ ਇਹ ਉਸਦੀ ਬਹੁਤ ਵੱਡੀ ਭੁੱਲ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕੁਝ ਲੋਕਾਂ ਨੂੰ ਕੁਝ ਸਮੇਂ ਲਈ, ਕੁਝ ਲੋਕਾਂ ਨੂੰ ਹਰ ਸਮੇਂ ਅਤੇ ਸਾਰੇ ਲੋਕਾਂ ਨੂੰ ਕੁਝ ਸਮੇਂ ਲਈ ਮੂਰਖ ਬਣਾ ਸਕਦੇ ਹੋ, ਪਰ ਸਾਰੇ ਲੋਕਾਂ ਨੂੰ ਹਰ ਸਮੇਂ ਮੂਰਖ ਨਹੀਂ ਬਣਾ ਸਕਦੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ 'ਆਪ' 'ਤੇ ਪੰਜਾਬ ਦੀਆਂ ਔਰਤਾਂ ਨਾਲ 1,000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਨੂੰ ਲੈ ਕੇ ਧੋਖਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜਿਵੇਂ ਕਿ ਕੇਜਰੀਵਾਲ ਨੇ ਖ਼ੁਦ ਦਾਅਵਾ ਕੀਤਾ ਹੈ ਕਿ ਚੋਣਾਂ ਇਸ ਸਾਲ ਨਵੰਬਰ ਵਿੱਚ ਹੋ ਸਕਦੀਆਂ ਹਨ, ਉਸ ਹਿਸਾਬ ਨਾਲ 'ਆਪ' ਹੁਣ ਪੰਜਾਬ ਦੀਆਂ ਔਰਤਾਂ ਨੂੰ ਸਿਰਫ਼ 3,000 ਰੁਪਏ ਦੇਵੇਗੀ, ਜਦਕਿ ਉਨ੍ਹਾਂ ਨੂੰ 60,000 ਰੁਪਏ ਮਿਲ ਜਾਣੇ ਚਾਹੀਦੇ ਸਨ।
ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਧੋਖਾ ਹੈ ਅਤੇ 'ਆਪ' ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਇਸੇ ਤਰ੍ਹਾਂ, ਵੜਿੰਗ ਨੇ ਕੇਜਰੀਵਾਲ ਦੇ ਇਸ ਦਾਅਵੇ 'ਤੇ ਵੀ ਤਨਜ਼ ਕੱਸਿਆ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹੋ ਸਾਬਤ ਹੁੰਦਾ ਹੈ ਕਿ ਤੁਹਾਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਕੋਈ ਅਹਿਸਾਸ ਨਹੀਂ ਹੈ, ਕਿਉਂਕਿ ਇੱਥੇ ਰਿਸ਼ਵਤ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਦੌਰਾਨ ਭ੍ਰਿਸ਼ਟਾਚਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਕੇਜਰੀਵਾਲ ਇਹ ਐਲਾਨ ਕਿਵੇਂ ਕਰ ਸਕਦੇ ਹਨ ਕਿ ਪੰਜਾਬ ਵਿੱਚ ਚੋਣਾਂ ਤਿੰਨ ਮਹੀਨੇ ਪਹਿਲਾਂ, ਯਾਨੀ ਇਸੇ ਸਾਲ ਨਵੰਬਰ ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਜਾਣਕਾਰੀ ਭਾਰਤੀ ਚੋਣ ਕਮਿਸ਼ਨ ਵੱਲੋਂ ਨਹੀਂ ਆਉਣੀ ਚਾਹੀਦੀ ਸੀ? ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਕੇਜਰੀਵਾਲ ਦਾ ਚੋਣ ਕਮਿਸ਼ਨ ਨਾਲ ਕੋਈ "ਸਿੱਧਾ ਸੰਪਰਕ" ਹੈ, ਜਿਵੇਂ ਕਿ ਉਨ੍ਹਾਂ ਦੀ ਏ-ਟੀਮ ਭਾਜਪਾ ਬਾਰੇ ਕਿਹਾ ਜਾਂਦਾ ਹੈ।