ਰਾਮ ਮੰਦਰ ਟ੍ਰਸਟ ਘੁਟਾਲੇ ਦੇ ਦੋਸ਼ਾਂ 'ਤੇ ਕਾਂਗਰਸ ਸਖ਼ਤ; ਸੁਪ੍ਰੀਆ ਸ਼੍ਰੀਨੇਤ ਬੋਲੀ- 'RTI ਦੇ ਦਾਇਰੇ ਤੋਂ ਬਾਹਰ ਰੱਖ ਕੇ ਖੇਡਿਆ ਗਿਆ ਵੱਡਾ ਖੇਡ!' ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਨੂੰ ਤਿੱਖੇ ਨਿਸ਼ਾਨੇ 'ਤੇ ਲਿਆ। ਸ਼੍ਰੀਨੇਤ ਨੇ ਦੋਸ਼ ਲਗਾਇਆ ਕਿ ਅਯੁੱਧਿਆ 'ਚ ਭਗਵਾਨ ਰਾਮ ਦੇ ਮੰਦਰ ਨਿਰਮਾਣ ਦੌਰਾਨ ਹੋਈ ਕਥਿਤ ਵਿੱਤੀ ਹੇਰਾਫੇਰੀ ਸਿਰਫ਼ ਇੱਕ ਚੋਰੀ ਨਹੀਂ ਹੈ, ਸਗੋਂ ਇਹ ਦੇਸ਼ ਦੇ ਕਰੋੜਾਂ ਹਿੰਦੂਆਂ ਦੇ ਵਿਸ਼ਵਾਸ ਅਤੇ ਆਸਥਾ ਨਾਲ ਖਿਲਵਾੜ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਭਗਵਾਨ ਰਾਮ ਕਿਸੇ ਇੱਕ ਸਿਆਸੀ ਪਾਰਟੀ ਜਾਂ ਧਰਮ ਦੀ ਨਿੱਜੀ ਜਾਇਦਾਦ ਨਹੀਂ ਹਨ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਵੀ
Publish Date: Fri, 10 Jul 2026 01:18 PM (IST)
Updated Date: Fri, 10 Jul 2026 01:20 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਨੂੰ ਤਿੱਖੇ ਨਿਸ਼ਾਨੇ 'ਤੇ ਲਿਆ। ਸ਼੍ਰੀਨੇਤ ਨੇ ਦੋਸ਼ ਲਗਾਇਆ ਕਿ ਅਯੁੱਧਿਆ 'ਚ ਭਗਵਾਨ ਰਾਮ ਦੇ ਮੰਦਰ ਨਿਰਮਾਣ ਦੌਰਾਨ ਹੋਈ ਕਥਿਤ ਵਿੱਤੀ ਹੇਰਾਫੇਰੀ ਸਿਰਫ਼ ਇੱਕ ਚੋਰੀ ਨਹੀਂ ਹੈ, ਸਗੋਂ ਇਹ ਦੇਸ਼ ਦੇ ਕਰੋੜਾਂ ਹਿੰਦੂਆਂ ਦੇ ਵਿਸ਼ਵਾਸ ਅਤੇ ਆਸਥਾ ਨਾਲ ਖਿਲਵਾੜ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਭਗਵਾਨ ਰਾਮ ਕਿਸੇ ਇੱਕ ਸਿਆਸੀ ਪਾਰਟੀ ਜਾਂ ਧਰਮ ਦੀ ਨਿੱਜੀ ਜਾਇਦਾਦ ਨਹੀਂ ਹਨ, ਇੱਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਵੀ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਰਾਮ ਨਾਮ ਦਾ ਸਹਾਰਾ ਲਿਆ ਸੀ।
ਰਾਮ ਮੰਦਰ ਟ੍ਰਸਟ ਦੇ ਗਠਨ ਅਤੇ ਸੁਰੱਖਿਆ 'ਤੇ ਚੁੱਕੇ ਸਵਾਲ ਟ੍ਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕਰਦਿਆਂ ਕਾਂਗਰਸ ਬੁਲਾਰਾ ਨੇ ਪੁੱਛਿਆ ਕਿ ਜਿੱਥੇ ਪਹਿਲਾਂ ਹੀ ਕੇਂਦਰੀ ਅਤੇ ਰਾਜ ਸੁਰੱਖਿਆ ਬਲ ਤਾਇਨਾਤ ਹਨ, ਉੱਥੇ ਇੱਕ ਨਿੱਜੀ ਸੁਰੱਖਿਆ ਏਜੰਸੀ ਨੂੰ ਕਿਉਂ ਰੱਖਿਆ ਗਿਆ ਹੈ? ਉਨ੍ਹਾਂ ਦਾਅਵਾ ਕੀਤਾ ਕਿ ਇਹ ਨਿੱਜੀ ਏਜੰਸੀ ਇੱਕ ਭਾਜਪਾ ਆਗੂ ਨਾਲ ਸਬੰਧਤ ਹੈ। ਸ਼੍ਰੀਨੇਤ ਨੇ ਅਫ਼ਸੋਸ ਜਤਾਇਆ ਕਿ ਜਿਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਸੀ, ਉਹ ਅੱਜ ਪ੍ਰੈੱਸ ਕਾਨਫਰੰਸਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲ 2020 'ਚ ਬਣਾਏ ਗਏ ਇਸ ਟ੍ਰਸਟ 'ਚ ਸਿਰਫ਼ ਭਾਜਪਾ ਅਤੇ ਆਰ.ਐੱਸ.ਐੱਸ. ਦੇ ਪੱਖੀ ਲੋਕਾਂ ਨੂੰ ਥਾਂ ਦਿੱਤੀ ਗਈ ਅਤੇ ਇਸ ਨੂੰ ਜਾਣਬੁੱਝ ਕੇ ਆਰ.ਟੀ.ਆਈ. (RTI) ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮੰਦਰ ਦਾ ਨਿਰਮਾਣ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਨਾਲ ਹੋਇਆ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਸਾਰਾ ਸਿਆਸੀ ਸਿਹਰਾ ਖੁਦ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਕਾਂਗਰਸ ਦੀ ਗੁਟਬਾਜ਼ੀ 'ਤੇ ਬਿਆਨ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਗੁਟਬਾਜ਼ੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਲੋਕਤੰਤਰ ਅਤੇ ਰਾਜਨੀਤੀ 'ਚ ਵਿਚਾਰਧਾਰਕ ਮਤਭੇਦ ਹੋਣਾ ਇੱਕ ਸੁਭਾਵਿਕ ਗੱਲ ਹੈ। ਪਰ ਜਦੋਂ ਵੀ ਚੋਣਾਂ ਦਾ ਬਿਗਲ ਵੱਜਦਾ ਹੈ, ਸਾਰੇ ਆਗੂ ਅਤੇ ਵਰਕਰ ਇੱਕਜੁੱਟ ਹੋ ਕੇ ਮੈਦਾਨ 'ਚ ਉਤਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ ਹੈ, ਬਲਕਿ ਇੱਥੇ ਹਰ ਇੱਕ ਆਗੂ ਨੂੰ ਆਪਣੀ ਰਾਏ ਖੁੱਲ੍ਹ ਕੇ ਰੱਖਣ ਦਾ ਪੂਰਾ ਅਧਿਕਾਰ ਹੈ।
2027 ਚੋਣਾਂ ਦਾ ਐਲਾਨ ਅਤੇ 'ਸਤਲੁਜ' ਫਿਲਮ 'ਤੇ ਭਾਜਪਾ ਦੀ ਚੁੱਪ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੌਜੂਦਗੀ 'ਚ ਸੁਪ੍ਰੀਆ ਸ਼੍ਰੀਨੇਤ ਨੇ ਅਗਾਮੀ ਰਣਨੀਤੀ ਦਾ ਖੁਲਾਸਾ ਕਰਦਿਆਂ ਐਲਾਨ ਕੀਤਾ ਕਿ ਕਾਂਗਰਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਬਚਨਾਂ ਅਤੇ ਭਗਵਾਨ ਰਾਮ ਦੇ ਨਾਮ 'ਤੇ ਲੜੇਗੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ 'ਚ ਚੱਲ ਰਹੇ ਫਿਲਮ 'ਸਤਲੁਜ' ਦੇ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਅਹਿਮ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਦੀ ਧਾਰੀ ਹੋਈ ਚੁੱਪ ਕਈ ਗੰਭੀਰ ਅਤੇ ਸ਼ੱਕੀ ਸਵਾਲ ਖੜ੍ਹੇ ਕਰਦੀ ਹੈ।