ਅਕਾਲ ਤਖ਼ਤ ਦੇ ਤਲਬਨਾਮੇ 'ਤੇ ਕਾਂਗਰਸ ਦੀ ਅਧਿਕਾਰਤ ਚੁੱਪ ਬਰਕਰਾਰ, ਸੁਖਜਿੰਦਰ ਰੰਧਾਵਾ ਬੋਲੇ- 'ਸਾਂਸਦ ਬਣਨ ਤੋਂ ਪਹਿਲਾਂ ਮੈਂ ਗੁਰਸਿੱਖ, ਪੰਥ ਅੱਗੇ ਹਰ ਅਹੁਦਾ ਛੋਟਾ'
ਬੇਅਦਬੀ ਕਾਨੂੰਨ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਨਵੀਂ ਬਹਿਸ ਛਿੜ ਗਈ ਹੈ। ਇਸ ਦੌਰਾਨ ਕਾਂਗਰਸ ਦਾ ਅਧਿਕਾਰਤ ਰੁਖ ਅਜੇ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ, ਹਾਲਾਂਕਿ ਪਾਰਟੀ ਦੇ ਕੁਝ ਆਗੂਆਂ ਦੇ ਬਿਆਨਾਂ ਨੇ ਇਸ ਮੁੱਦੇ ਨੂੰ ਲੈ ਕੇ ਸਿਆਸੀ ਸਰਗਰਮੀ ਵਧਾ ਦਿੱਤੀ ਹੈ।
Publish Date: Wed, 17 Jun 2026 05:19 PM (IST)
Updated Date: Wed, 17 Jun 2026 05:21 PM (IST)

ਰੋਹਿਤ ਕੁਮਾਰ, ਚੰਡੀਗੜ੍ਹ : ਬੇਅਦਬੀ ਕਾਨੂੰਨ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ 'ਚ ਨਵੀਂ ਬਹਿਸ ਛਿੜ ਗਈ ਹੈ। ਇਸ ਦੌਰਾਨ ਕਾਂਗਰਸ ਦਾ ਅਧਿਕਾਰਤ ਰੁਖ ਅਜੇ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ, ਹਾਲਾਂਕਿ ਪਾਰਟੀ ਦੇ ਕੁਝ ਆਗੂਆਂ ਦੇ ਬਿਆਨਾਂ ਨੇ ਇਸ ਮੁੱਦੇ ਨੂੰ ਲੈ ਕੇ ਸਿਆਸੀ ਸਰਗਰਮੀ ਵਧਾ ਦਿੱਤੀ ਹੈ।
ਸਾਂਸਦ ਬਣਨ ਤੋਂ ਪਹਿਲਾਂ ਮੈਂ ਇੱਕ ਗੁਰਸਿੱਖ ਹਾਂ - ਸੁਖਜਿੰਦਰ ਰੰਧਾਵਾ
ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਵੀਕਾਰ ਕਰਦੇ ਹੋਏ ਉਹ ਕਹਿੰਦੇ ਹਨ ਕਿ ਇਹ ਸਿੱਖ ਪੰਥ ਦੀ ਸ਼ਾਨ ਹੈ ਅਤੇ ਇਸ ਦੀ ਮਰਿਆਦਾ ਨੂੰ ਕੋਈ ਵੀ ਵਿਅਕਤੀ, ਚਾਹੇ ਉਹ ਕਿੰਨੇ ਵੀ ਵੱਡੇ ਅਹੁਦੇ 'ਤੇ ਕਿਉਂ ਨਾ ਹੋਵੇ, ਘੱਟ ਨਹੀਂ ਕਰ ਸਕਦਾ। ਉਨ੍ਹਾਂ ਕਹਿਣਾ ਕਿ ਪੰਥ ਦੀ ਇਸ ਸਰਵਉੱਚ ਸੰਸਥਾ ਦੇ ਸਾਹਮਣੇ ਹਰ ਅਹੁਦਾ ਛੋਟਾ ਹੈ ਅਤੇ ਹਰ ਸਿੱਖ ਇੱਥੇ ਆਪਣਾ ਸਿਰ ਝੁਕਾਉਂਦਾ ਹੈ।
ਰੰਧਾਵਾ ਨੇ ਕਿਹਾ ਕਿ ਅੱਜ ਪੂਰੇ ਸਿੱਖ ਪੰਥ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟਿਕੀਆਂ ਹੋਈਆਂ ਹਨ। ਅਜਿਹੇ ਸਮੇਂ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਈ ਮਰਿਆਦਾ, ਸਿਧਾਂਤਾਂ ਅਤੇ ਪੰਥ ਦੀ ਇੱਕਜੁਟਤਾ ਦੀ ਰੱਖਿਆ ਲਈ ਇੱਕਜੁੱਟ ਹੋਣਾ ਹਰ ਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਸਾਂਸਦ ਬਣਨ ਤੋਂ ਪਹਿਲਾਂ ਉਹ ਇੱਕ ਗੁਰਸਿੱਖ ਹਨ ਅਤੇ ਉਨ੍ਹਾਂ ਲਈ ਸਿਆਸੀ ਅਹੁਦੇ ਨਾਲੋਂ ਵੱਧ ਮਹੱਤਵ ਗੁਰੂ ਘਰ ਪ੍ਰਤੀ ਆਸਥਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਦਾ ਹੈ। ਉਨ੍ਹਾਂ ਆਪਣੇ ਸੰਦੇਸ਼ 'ਚ ਇਹ ਵੀ ਕਿਹਾ ਕਿ ਜਦੋਂ ਵੀ ਪੰਥ ਦੀ ਸਰਵਉੱਚ ਸੰਸਥਾ ਵੱਲੋਂ ਕੋਈ ਹੁਕਮ ਆਉਂਦਾ ਹੈ ਤਾਂ ਉਸ ਦੇ ਸਾਹਮਣੇ ਹਰ ਅਹੁਦੇ ਅਤੇ ਸਿਆਸੀ ਪਛਾਣ ਦਾ ਮਹੱਤਵ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਕੌਮ ਦੀ ਆਤਮਾ, ਸਵੈ-ਮਾਣ ਅਤੇ ਸਮੂਹਿਕ ਚੇਤਨਾ ਦਾ ਕੇਂਦਰ ਦੱਸਦਿਆਂ ਕਿਹਾ ਕਿ ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਗੁਰੂ ਦਾ ਦਰਬਾਰ ਅਤੇ ਪੰਥ ਦੀ ਮਰਿਆਦਾ ਹਮੇਸ਼ਾ ਕਾਇਮ ਰਹਿੰਦੀ ਹੈ।
ਵਿਧਾਇਕਾਂ ਦੇ ਨਿੱਜੀ ਬਿਆਨ ਪਰ ਪਾਰਟੀ ਦੀ ਰਣਨੀਤੀ ਗਾਇਬ
ਦੂਜੇ ਪਾਸੇ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਥਕ ਮਰਿਆਦਾ ਨੂੰ ਹਰ ਅਹੁਦੇ ਤੋਂ ਉੱਪਰ ਦੱਸਿਆ ਹੈ। ਹਾਲਾਂਕਿ, ਇਹਨਾਂ ਬਿਆਨਾਂ ਦੇ ਬਾਵਜੂਦ ਕਾਂਗਰਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਅਤੇ ਸਮੂਹਿਕ ਰੁਖ ਸਾਹਮਣੇ ਨਹੀਂ ਆਇਆ ਹੈ। ਸਿਆਸੀ ਹਲਕਿਆਂ 'ਚ ਸਭ ਤੋਂ ਵੱਧ ਚਰਚਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਰੁਖ ਨੂੰ ਲੈ ਕੇ ਹੋ ਰਹੀ ਹੈ।
ਸੂਤਰਾਂ ਅਨੁਸਾਰ, ਹਾਲੇ ਤੱਕ ਕਾਂਗਰਸ ਵਿਧਾਇਕ ਦਲ ਦੀ ਕੋਈ ਬੈਠਕ ਨਹੀਂ ਬੁਲਾਈ ਗਈ ਹੈ ਅਤੇ ਨਾ ਹੀ 29 ਜੂਨ ਨੂੰ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਕੋਈ ਸਾਂਝੀ ਰਣਨੀਤੀ ਬਣਾਈ ਗਈ ਹੈ। ਇਸ ਕਾਰਨ ਪਾਰਟੀ ਦੇ ਆਗੂ ਨਿੱਜੀ ਤੌਰ 'ਤੇ ਆਪਣੇ ਵਿਚਾਰ ਰੱਖ ਰਹੇ ਹਨ, ਜਦਕਿ ਕਾਂਗਰਸ ਦੀ ਅਧਿਕਾਰਤ ਲਾਈਨ ਅਜੇ ਸਾਹਮਣੇ ਆਉਣੀ ਬਾਕੀ ਹੈ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਆਪਣਾ ਰੁਖ ਜਨਤਕ ਕਰ ਚੁੱਕੇ ਹਨ, ਪਰ ਪਾਰਟੀ ਪੱਧਰ 'ਤੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਕਾਂਗਰਸ ਦੇ ਸਿੱਖ ਵਿਧਾਇਕ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣਗੇ ਜਾਂ ਨਹੀਂ।
ਸੂਤਰਾਂ ਮੁਤਾਬਕ, ਫਿਲਹਾਲ ਕਾਂਗਰਸ ਲੀਡਰਸ਼ਿਪ ਦਿੱਲੀ 'ਚ ਜਥੇਬੰਦਕ ਬੈਠਕਾਂ 'ਚ ਰੁੱਝੀ ਹੋਈ ਹੈ, ਜਿੱਥੇ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਜਥੇਬੰਦਕ ਢਾਂਚੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਪਰ ਪੰਜਾਬ ਦੀ ਸਿਆਸਤ 'ਚ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਦਰਮਿਆਨ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਦੇ ਅਧਿਕਾਰਤ ਫੈਸਲੇ 'ਤੇ ਟਿਕੀਆਂ ਹੋਈਆਂ ਹਨ, ਜੋ ਆਉਣ ਵਾਲੇ ਦਿਨਾਂ 'ਚ ਪੰਥਕ ਅਤੇ ਸਿਆਸੀ ਦੋਵਾਂ ਪੱਧਰਾਂ 'ਤੇ ਅਹਿਮ ਪ੍ਰਭਾਵ ਪਾ ਸਕਦਾ ਹੈ।