ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਆਗੂਆਂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਇਕੱਲੇ-ਇਕੱਲੇ ਆਗੂਆਂ ਨਾਲ ਪੰਜ-ਪੰਜ ਮਿੰਟ ਮੀਟਿੰਗ ਕੀਤੀ ਜਾਵੇ ਤਾਂ ਜੋ ਜ਼ਮੀਨੀ ਹਕੀਕਤ ਪੇਸ਼ ਕੀਤੀ ਜਾ ਸਕੇ। ਆਗੂਆਂ ਨੇ ਦਲੀਲ ਦਿੱਤੀ ਕਿ ਜੋ ਰਿਪੋਰਟ ਜਾਂ ਕਹਾਣੀ ਦੱਸੀ ਜਾਂਦੀ ਹੈ ਉਹੋ ਅਸਲ ’ਚ ਠੀਕ ਨਹੀਂ ਹੈ

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ , ਚੰਡੀਗੜ੍ਹ : ਬੇਸ਼ੱਕ ਕਾਂਗਰਸ ਪਾਰਟੀ ਲੀਡਰਸ਼ਿਪ ’ਚ ਇਕਜੁੱਟਤਾ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਸੀਨੀਅਰ ਆਗੂਆਂ ’ਚ ਇਕ ਦੂਜੇ ਪ੍ਰਤੀ ਮਤਭੇਦ ਬਰਕਰਾਰ ਹਨ ਅਤੇ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਕਈ ਮੌਕਾ ਨਹੀਂ ਗਵਾਉਣਾ ਚਾਹੁੰਦੇ। ਬੀਤੇ ਕੱਲ੍ਹ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਮੈਂਬਰ ਪਾਰਲੀਮੈਂਟ, ਜਿਲ੍ਹਾ ਪ੍ਰਧਾਨਾਂ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਆਗੂਆਂ ਨਾਲ ਕੀਤੀ ਮੀਟਿੰਗ ’ਚ ਕਈ ਆਗੂਆਂ ਨੇ ਦੱਬੀ ਅਵਾਜ਼ ’ਚ ਇਕ ਦੂਜੇ ’ਤੇ ਨਿਸ਼ਾਨਾ ਬਿੰਨਿਆਂ।
ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਆਗੂਆਂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਇਕੱਲੇ-ਇਕੱਲੇ ਆਗੂਆਂ ਨਾਲ ਪੰਜ-ਪੰਜ ਮਿੰਟ ਮੀਟਿੰਗ ਕੀਤੀ ਜਾਵੇ ਤਾਂ ਜੋ ਜ਼ਮੀਨੀ ਹਕੀਕਤ ਪੇਸ਼ ਕੀਤੀ ਜਾ ਸਕੇ। ਆਗੂਆਂ ਨੇ ਦਲੀਲ ਦਿੱਤੀ ਕਿ ਜੋ ਰਿਪੋਰਟ ਜਾਂ ਕਹਾਣੀ ਦੱਸੀ ਜਾਂਦੀ ਹੈ ਉਹੋ ਅਸਲ ’ਚ ਠੀਕ ਨਹੀਂ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੈਂਬਰ ਪਾਰਲੀਮੈਂਟ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਨਾ ਦੇਣ ਜਾਂ ਚੋਣ ਨਾ ਲੜਾਉਣ ਦੀ ਗੱਲ ਕਹੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਸ ਖਿਲਾਫ਼ ਗ਼ਲਤ ਪ੍ਰਾਪੇਗੰਢਾ ਕੀਤਾ ਜਾ ਰਿਹਾ। ਚੰਨੀ ਨੇ ਕਿਹਾ ਕਿ ਕਾਂਗਰਸ ਨੇ ਉਸ ਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਜੇਕਰ ਕਹੋ ਤਾਂ ਉਹ ਘਰ ਬੈਠ ਜਾਂਦਾ। ਚੰਨੀ ਨੇ ਉਸਦੀ ਵੀਡਿਓ ਲੀਕ ਕਰਨ ਦਾ ਝੋਰਾ ਵੀ ਕੀਤਾ। ਇੱਥੇ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਦੇ ਵਰਕਰਾਂ, ਆਗੂਆਂ ਨਾਲ ਮੀਟਿੰਗ ’ਚ ਚੰਨੀ ਨੇ ਦਲਿਤਾਂ ਨੂੰ ਅਹੁਦੇ ਦੇਣ ਦੀ ਬਜਾਏ ਜੱਟਾਂ ਨੂੰ ਉਚ ਪਦਵੀਆਂ ਦੇਣ ਦੀ ਗੱਲ ਕੀਤੀ ਸੀ। ਇਹ ਵੀਡਿਓ ਵਾਇਰਲ ਹੋ ਗਈ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ।
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਗੱਲ ਚੱਲੀ ਤਾਂ ਉਸਨੇ ਕਿਹਾ ਕਿ ਉਹ ਦੁਖੀ ਹੋ ਕੇ ਭਾਜਪਾ ’ਚ ਗਏ ਸਨ। ਸਾਬਕਾ ਵਿਧਾਇਕ ਪਰਵਿੰਦਰ ਸਿੰਘ ਪਿੰਕੀ ਨੇ ਦਲੀਲ ਦਿੱਤੀ ਕਿ ਕੋਈ ਵੀ ਲੀਡਰ ਕਾਂਗਰਸ ਦੀ ਟਿਕਟ ਬਿਨਾਂ ਜਿੱਤਣ ਦੀ ਸਮਰੱਥਾ ਨਹੀਂ ਰੱਖਦਾ। ਇਸ ਲਈ ਸਾਰਿਆਂ ਨੂੰ ਮਿਲਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਵੀ ਆਗੂਆਂ ਨਾਲ ਵੱਖਰੇ ਤੌਰ ’ਤੇ ਪੰਜ ਪੰਜ ਮਿੰਟ ਗੱਲ ਕਰਨ ਦੇ ਸੁਝਾਅ ਦਾ ਸਮਰਥਨ ਕਰਦਿਆਂ ਦਲੀਲ ਦਿੱਤੀ ਕਿ ਵੱਡੀ ਮੀਟਿੰਗ ਵਿਚ ਜੇਕਰ ਕੋਈ ਗੱਲ ਕਹੀ ਜਾਵੇ ਤਾਂ ਕਿਸੇ ਨਾ ਕਿਸੇ ਨੂੰ ਦੁੱਖ ਲੱਗੇਗਾ। ਉਨ੍ਹਾਂ ਕਿਹਾ ਕਿ ਘੱਟੋ ਘੱਟ ਦੋ ਦਿਨ ਦੀ ਮੀਟਿੰਗ ਰੱਖੀ ਜਾਵੇ ਅਤੇ ਸਾਰੇ ਆਗੂਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।
ਜਾਣਕਾਰੀ ਅਨੁਸਾਰ ਮੀਟਿੰਗ ’ਚ ਆਉਣ ਵਾਲੇ ਦਿਨਾਂ ਵਿਚ ਰਾਹੁਲ ਗਾਂਧੀ ਦੀ ਰੈਲੀ ਕਰਵਾਉਣ ਅਤੇ ਪਾਰਟੀ ਦੇ ਯੂਥ ਵਿੰਗ ਦੀਆਂ ਚੋਣਾਂ ਨਾ ਕਰਵਾਉਣ ਦਾ ਵੀ ਸੁਝਾਅ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਦਾ ਇਹ ਠੀਕ ਵੇਲ਼ਾ ਨਹੀਂ ਹੈ। ਕਈ ਆਗੂਆਂ ਨੇ ਮਨਰੇਗਾ ਮੁੱਦੇ ’ਤੇ ਰੈਲੀਆਂ ਕਰਨ, ਮੀਟਿੰਗਾਂ ਕਰਨ ਦਾ ਸੁਝਾਅ ਦਿੱਤਾ। ਇਸੇ ਤਰ੍ਹਾਂ ਕਈ ਆਗੂਆਂ ਨੇ ਸੀਨੀਅਰ ਆਗੂਆਂ ਨਾਲ ਇਕੱਲੇ ਇਕੱਲੇ ਮੀਟਿੰਗ ਕਰਨ ਦਾ ਸੁਝਾਅ ਦਿੱਤਾ ਤਾਂ ਜ਼ਮੀਨੀ ਹਕੀਕਤ ਦਾ ਪਤਾ ਲੱਗ ਸਕੇ। ਦੱਸਿਆ ਜਾਂਦਾ ਹੈ ਕਿ ਕਈ ਆਗੂਆਂ ਨੇ ਕਿਹਾ ਕਿ ਲੋਕ ਅਗਲੀਆਂ ਚੋਣਾਂ ਵਿਚ ਕਾਂਗਰਸ ਦੇ ਆਉਣ (ਚੋਣ ਜਿੱਤਣ ) ਦੀ ਗੱਲ ਕਰ ਰਹੇ ਹਨ ਪਰ ਉਹ ਲੀਡਰਸ਼ਿਪ ਨੂੰ ਇਕੱਠੇ ਹੋਇਆ ਦੇਖਣਾ ਚਾਹੁੰਦੇ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਹਾਈਕਮਾਨ ਨੇ ਸੂਬੇ ਦੇ ਆਗੂਆਂ ਨੂੰ ਇਕੱਠਿਆ ਤੋਰਨ ’ਚ ਕਾਮਯਾਬ ਹੋਵੇਗੀ ਜਾਂ ਨਹੀਂ।