ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ 'ਤੇ! ਪ੍ਰਧਾਨ ਬਦਲਣ ਲਈ ਹਾਈਕਮਾਨ 'ਤੇ ਦਬਾਅ ਬਣਾਏਗਾ ਨਾਰਾਜ਼ ਧੜਾ, ਬਘੇਲ ਨਾਲ ਅੱਜ ਆਰ-ਪਾਰ ਦੀ ਮੁਲਾਕਾਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੀਟਿੰਗ ਲਈ ਮਨਾਉਣ ’ਚ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਤੇ ਵਿਧਾਇਕ ਪਰਗਟ ਸਿੰਘ ਸੂਤਰਧਾਰ ਬਣੇ ਹਨ। ਇਸ ਲਈ ਰੰਧਾਵਾਂ ਨੇ ਰਾਣਾ ਗੁਰਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਆਖ਼ਰਕਾਰ ਬਘੇਲ ਦੇ ਪੰਜਾਬ ਦੌਰੇ ਦੇ ਪੰਜ ਦਿਨਾਂ ਬਾਅਦ ਨਾਰਾਜ਼ ਆਗੂ ਸ਼ਨਿਚਰਵਾਰ ਸਵੇਰੇ ਗਿਆਰਾਂ ਵਜੇ ਰਾਣਾ ਗੁਰਜੀਤ ਸਿੰਘ ਦੇ ਘਰ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਲਈ ਰਾਜ਼ੀ ਹੋ ਗਏ ਹਨ। ਇਸ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ
Publish Date: Sat, 11 Jul 2026 10:51 AM (IST)
Updated Date: Sat, 11 Jul 2026 10:52 AM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੀਟਿੰਗ ਲਈ ਮਨਾਉਣ ’ਚ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਤੇ ਵਿਧਾਇਕ ਪਰਗਟ ਸਿੰਘ ਸੂਤਰਧਾਰ ਬਣੇ ਹਨ। ਇਸ ਲਈ ਰੰਧਾਵਾਂ ਨੇ ਰਾਣਾ ਗੁਰਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਆਖ਼ਰਕਾਰ ਬਘੇਲ ਦੇ ਪੰਜਾਬ ਦੌਰੇ ਦੇ ਪੰਜ ਦਿਨਾਂ ਬਾਅਦ ਨਾਰਾਜ਼ ਆਗੂ ਸ਼ਨਿਚਰਵਾਰ ਸਵੇਰੇ ਗਿਆਰਾਂ ਵਜੇ ਰਾਣਾ ਗੁਰਜੀਤ ਸਿੰਘ ਦੇ ਘਰ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਲਈ ਰਾਜ਼ੀ ਹੋ ਗਏ ਹਨ। ਇਸ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਨਹੀਂ ਹੋਣਗੇ। ਭਾਵੇਂ ਕਾਂਗਰਸੀਆਂ ’ਚ ਚਰਚਾ ਹੈ ਕਿ ਸ਼ਨਿਚਰਵਾਰ ਨੂੰ ਚੰਨੀ, ਰੰਧਾਵਾਂ, ਪਰਗਟ ਸਿੰਘ, ਆਸ਼ੂ, ਤ੍ਰਿਪਤ ਰਾਜਿੰਦਰ ਬਾਜਵਾ ਤੇ ਹੋਰ ਆਗੂਆਂ ਦੀ ਬਘੇਲ ਨਾਲ ਮੀਟਿੰਗ ਹੋਣ ਉਪਰੰਤ ਕਾਂਗਰਸ ਦਾ ਉਲਝਿਆ ਤਾਣਾ ਸੁਲਝ ਜਾਵੇਗਾ ਪਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਅਹੁਦੇ ਤੋਂ ਹਟਾਉਣ ਤੱਕ ਇਹ ਅੰਦਰੂਨੀ ਖਾਨਾਜੰਗੀ ਜਾਰੀ ਰਹੇਗੀ। ਸੂਤਰ ਦੱਸਦੇ ਹਨ ਕਿ ਨਾਰਾਜ਼ ਧੜਾ ਵੜਿੰਗ ਨਾਲੋਂ ਵੱਧ ਬਘੇਲ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ।
ਪਿਛਲੇ ਪੰਜ ਦਿਨਾਂ ਤੋਂ ਭੁਪੇਸ਼ ਬਘੇਲ ਚੰਡੀਗੜ ’ਚ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰ ਕੇ ਜ਼ਮੀਨੀ ਸੱਚਾਈ ਦਾ ਪਤਾ ਲਗਾਉਣ ’ਚ ਲੱਗੇ ਹਨ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਤੇ ਹੋਰ ਆਗੂਆਂ ਨੂੰ ਮਨਾਉਣ ਦਾ ਵੀ ਯਤਨ ਕੀਤਾ। ਸੂਤਰ ਦੱਸਦੇ ਹਨ ਕਿ ਰੰਧਾਵਾਂ ਤੇ ਪਰਗਟ ਸਿੰਘ ਨੂੰ ਵੀ ਦਿੱਲੀ ਤੋਂ ਕਈ ਸੀਨੀਅਰ ਨੇਤਾਵਾਂ ਦੇ ਫੋਨ ਆਏ। ਪੰਜਾਬ ਕਾਂਗਰਸ ਦੇ ਦੋਵੇਂ ਆਗੂ ਕ੍ਰਮਵਾਰ ਰਾਜਸਥਾਨ ਤੇ ਜੰਮੂ ਕਸ਼ਮੀਰ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਨ। ਇਸ ਕਰ ਕੇ ਇਨ੍ਹਾਂ ਆਗੂਆਂ ਦੀ ਜ਼ਿੰਮੇਵਾਰੀ ਹੋਰ ਵਧ ਗਈ। ਸੂਤਰ ਦੱਸਦੇ ਹਨ ਕਿ ਰੰਧਾਵਾਂ ਤੇ ਪਰਗਟ ਸਿੰਘ ਨੇ ਖਫ਼ਾ ਹੋਏ ਆਗੂਆਂ ਨੂੰ ਦਲੀਲ ਦਿੱਤੀ ਕਿ ਮੂਲ ਰੂਪ ’ਚ ਉਹ ਕਾਂਗਰਸੀ ਹਨ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਲੜਾਈ ਲੜਣੀ ਚਾਹੀਦੀ ਹੈ। ਉਨ੍ਹਾਂ ਦੇ ਕਿਸੇ ਨੇਤਾ ਨਾਲ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਇਕ ਵਾਰ ਇੰਚਾਰਜ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਪਾਰਟੀ ਪ੍ਰਧਾਨ ਮਲਿਕਾ ਅਰੁਜਨ ਖੜਗੇ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਸਾਰੀ ਗੱਲ ਰੱਖਣੀ ਚਾਹੀਦੀ ਹੈ। ਖਫ਼ਾ ਹੋਏ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਭੁਪੇਸ਼ ਬਘੇਲ ਨੇ ਸਾਂਝੀ ਗੱਲ ਕਰਨ ਦੀ ਬਜਾਏ ਇਕ ਧਿਰ ਬਣ ਕੇ ਭੂਮਿਕਾ ਅਦਾ ਕੀਤੀ ਹੈ।
ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬੇ ’ਚ ਗੈਂਗਸਟਰਵਾਦ, ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਪੰਜਾਬ ਸਰਕਾਰ ਖਿਲਾਫ਼ ਖੁੱਲ੍ਹ ਕੇ ਨਾ ਤਾਂ ਬੋਲ ਰਹੇ ਹਨ ਤੇ ਨਾ ਹੀ ਹੁਣ ਤੱਕ ਕੋਈ ਵੱਡਾ ਅੰਦੋਲਨ ਛੇੜਿਆ ਹੈ ਤੇ ਨਾ ਹੀ ਕੋਈ ਵੱਡਾ ਪ੍ਰਦਰਸ਼ਨ ਕੀਤਾ ਹੈ। ਇਸ ਕਰਕੇ ਕਾਂਗਰਸੀ ਆਗੂ ਵੜਿੰਗ ਦੀ ਕਾਰਵਾਈ ਤੋਂ ਖਫ਼ਾ ਹਨ। ਕਾਂਗਰਸੀ ਸੂਤਰ ਦੱਸਦੇ ਹਨ ਕਿ ਚੰਨੀ ਧੜਾ ਅਗਲੇ ਦਿਨਾਂ ’ਚ ਕਾਂਗਰਸ ਹਾਈਕਮਾਨ ਕੋਲ ਭੁਪੇਸ਼ ਬਘੇਲ ਨੂੰ ਬਦਲਣ ਦੀ ਦਰਖ਼ਾਸਤ ਵੀ ਕਰੇਗਾ। ਨਾਰਾਜ਼ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਬਘੇਲ ਨੂੰ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਪਰ ਇਨ੍ਹਾਂ ਵੱਲੋਂ ਸਿਰਫ਼ ਪ੍ਰਧਾਨ ਦਾ ਪੱਖ ਪੂਰਿਆ ਜਾ ਰਿਹਾ ਹੈ।
ਓਧਰ ਸੁਖਜਿੰਦਰ ਸਿੰਘ ਰੰਧਾਵਾਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਾਂਗਰਸ ਦੇ ਸਿਪਾਹੀ ਹਨ। ਅਜੇ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਆਗੂ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ, ਪਰ ਉਹ ਪਾਰਟੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਸਵੇਰੇ ਗਿਆਰਾਂ ਵਜੇ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨਗੇ।
ਚੋਣਾਂ ਤੱਕ ਇੱਥੇ ਹੀ ਰਹਾਂਗਾ : ਭੁਪੇਸ਼ ਬਘੇਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਚੋਣਾਂ ਦੀ ਤਿਆਰੀ ’ਚ ਰੁੱਝੇ ਹੋਏ ਹਨ। ਚੰਨੀ ਤੇ ਹੋਰ ਆਗੂਆਂ ਨਾਲ ਲਗਾਤਾਰ ਸੰਪਰਕ ’ਚ ਹਨ ਤੇ ਸ਼ਨਿਚਰਵਾਰ ਨੂੰ ਮੀਟਿੰਗ ਤੋਂ ਬਾਅਦ ਸਾਰੇ ਇੱਕੋ ਪਲੇਟਫਾਰਮ ’ਤੇ ਹੋਣਗੇ। ਉਨ੍ਹਾਂ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੱਕ ਇੱਥੇ ਇੱਕ ਫਲੈਟ ਬੁੱਕ ਕਰ ਲਿਆ ਹੈ। ਬਘੇਲ ਨੇ ਕਿਹਾ ਕਿ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਦਾ ਚਿਹਰਾ ਹੋਣਗੇ ਤੇ ਸਭ ਤੋਂ ਵੱਧ ਸਮਾਂ ਪੰਜਾਬ ਲਈ ਸਮਰਪਿਤ ਕਰਨਗੇ।
ਮੀਟਿੰਗ ’ਚ ਨਹੀ ਜਾਵਾਂਗਾ : ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੇ ਹੋਰ ਆਗੂਆਂ ਦੀ ਭੁਪੇਸ਼ ਬਘੇਲ ਨਾਲ ਹੋਣ ਵਾਲੀ ਮੀਟਿੰਗ ਵਿਚ ਉਹ ਨਹੀ ਜਾਣਗੇ। ਉਨ੍ਹਾਂ ਕਿਹਾ ਮੀਟਿੰਗ ਕਿੱਥੇ ਤੇ ਕਿੰਨੇ ਵਜੇ ਹੋਣੀ ਹੈ, ਬਾਰੇ ਕੋਈ ਜਾਣਕਾਰੀ ਨਹੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤੇ ਅਨੁਸ਼ਾਸ਼ਨਹੀਣਤਾ ਬਰਦਾਸ਼ਤ ਨਹੀ ਹੋਵੇਗੀ।