- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ ਅਜੇ ਤੱਕ ਪੰਜਾਬ ਦੇ ਨਾਰਾਜ਼ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਦਾ ਪ੍ਰੋਗਰਾਮ ਜਾਰੀ ਨਹੀਂ ਹੋਇਆ ਪਰ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਮਸਲੇ ਨੂੰ ਜਲਦੀ ਨਿਬੇੜਨਾ ਚਾਹੁੰਦੀ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਕਾਰਗੁਜ਼ਾਰੀ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਨਾਖੁਸ਼ ਹੈ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਆਏ ਹਨ ਤੇ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੁੱਝ ਲੋਕਾਂ ਤੋਂ ਫੀਡਬੈਕ ਲਈ ਹੈ। ਕਾਂਗਰਸੀ ਹਲਕਿਆਂ ’ਚ ਰਾਹੁਲ ਗਾਂਧੀ ਵੱਲੋਂ 16 ਜਾਂ 17 ਜੁਲਾਈ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਹੋਰਨਾਂ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਦੀਆਂ ਕਨਸੋਆ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਪੰਜਾਬ ਦੇ ਨਾਰਾਜ਼ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਦਾ ਪ੍ਰੋਗਰਾਮ ਜਾਰੀ ਨਹੀਂ ਹੋਇਆ ਪਰ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਮਸਲੇ ਨੂੰ ਜਲਦੀ ਨਿਬੇੜਨਾ ਚਾਹੁੰਦੀ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ। ਪਾਰਟੀ ’ਚ ਚੱਲ ਰਹੀ ਖਾਨਾਜੰਗੀ ਕਰ ਕੇ ਪੰਜਾਬ ਕਾਂਗਰਸ ਦੀਆਂ ਸਿਆਸੀ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ਹਨ, ਜਦਕਿ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਨਿਰੰਤਰ ਜਨਤਕ ਸਮਾਗਮ ਕੀਤੇ ਜਾ ਰਹੇ ਹਨ।
ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਦਿੱਲੀ ਸਥਿਤ ਰਿਹਾਇਸ਼ ’ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕੇਸੀ ਵੇਣੁਗੋਪਾਲ ਦਰਮਿਆਨ ਵਿਸ਼ੇਸ਼ ਮੀਟਿੰਗ ਹੋਈ। ਹਾਲਾਂਕਿ ਮੀਟਿੰਗ ਦੇ ਸਪੱਸ਼ਟ ਵੇਰਵੇ ਨਹੀਂ ਮਿਲ ਸਕੇ ਪਰ ਦੱਸਿਆ ਜਾਂਦਾ ਹੈ ਕਿ ਤਿੰਨੋ ਸਿਰਮੌਰ ਆਗੂਆਂ ਨੇ ਪੰਜਾਬ ਤੇ ਕਰਨਾਟਕ ’ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਰਚਾ ਕੀਤੀ ਹੈ।
ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਏ ਜਾਣ ਮਗਰੋਂ ਪੰਜਾਬ ’ਚ ਉਠੀਆਂ ਵਿਰੋਧੀ ਸੁਰਾਂ ਨੂੰ ਭਾਂਪਦੇ ਹੋਏ ਭੁਪੇਸ਼ ਬਘੇਲ ਨਾਰਾਜ਼ ਆਗੂਆਂ ਨੂੰ ਮਨਾਉਣ ਲਈ ਛੇ ਦਿਨਾਂ ਤੱਕ ਚੰਡੀਗੜ੍ਹ ਰਹੇ। ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਪਾਰਟੀ ਦੇ ਕਈ ਸੀਨੀਅਰ ਆਗੂਆਂ ਨਾਲ ਇਕ-ਇਕ ਕਰਕੇ ਬੰਦ ਕਮਰਾ ਮੀਟਿੰਗ ਕੀਤੀ। ਜਦਕਿ ਆਖ਼ਰੀ ਦਿਨ ਡੇਢ ਘੰਟੇ ਦੇ ਕਰੀਬ ਚੰਨੀ ਧੜੇ ਦੇ 92 ਦੇ ਕਰੀਬ ਆਗੂਆਂ ਨਾਲ ਮੀਟਿੰਗ ਕੀਤੀ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਆਗੂਆਂ ਤੋਂ ਮਿਲੀ ਫੀਡ ਬੈਕ ਦੇ ਆਧਾਰ ’ਤੇ ਭੂਪੇਸ਼ ਬਘੇਲ ਨੇ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜ੍ਹਗੇ ਨੂੰ ਸੌਂਪ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਚੰਨੀ ਧੜੇ ਦੇ ਆਗੂਆਂ ਨੇ ਰਾਜਾ ਵੜਿੰਗ ਦੇ ਨਾਲ-ਨਾਲ ਭੂਪੇਸ਼ ਬਘੇਲ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ, ਕਿਉਕਿ ਉਨ੍ਹਾਂ ਨਾਰਾਜ਼ ਆਗੂਆਂ ਨੂੰ ਮਨਾਉਣ ਦੇ ਯਤਨ ਕਰਨ ਦੀ ਬਜਾਏ ਮੀਡੀਆ ਇੰਟਰਵਿਊ ’ਚ ਵਾਰ-ਵਾਰ ਵੜਿੰਗ ਨੂੰ ਨਾ ਬਦਲਣ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਭੁਪੇਸ਼ ਨੇ ਇਨ੍ਹਾਂ ਦਿਨਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਲੰਚ ਤੇ ਡਿਨਰ ਡਿਪਲੋਮੈਸੀ ਤਹਿਤ ਮੀਟਿੰਗਾਂ ਕੀਤੀਆਂ। ਇਸ ਮੌਕੇ ਚੰਨੀ ਧੜਾ ਬਿਲਕੁੱਲ ਹਾਸ਼ੀਏ ’ਤੇ ਰਿਹਾ ਹੈ।
ਪੰਜਾਬ ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਰਾਜ਼ ਧੜੇ ਨੂੰ ਮਨਾਉਣ ’ਚ ਫੇਲ੍ਹ ਸਾਬਤ ਹੋਏ ਹਨ। ਦੱਸਿਆ ਜਾਂਦਾ ਹੈ ਕਿ ਚੰਨੀ ਧੜਾ ਅਗਲੇ ਦਿਨਾਂ ’ਚ ਰਾਹੁਲ ਗਾਂਧੀ ਤੇ ਮਲਿਕਾ ਅਰੁਜਨ ਖੜਗੇ ਨਾਲ ਮੁਲਾਕਾਤ ਕਰ ਕੇ ਭੁਪੇਸ਼ ਬਘੇਲ ਦੀ ਸਾਰੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਏਗਾ। ਭਾਵ ਵੜਿੰਗ ਦੇ ਨਾਲ-ਨਾਲ ਬਘੇਲ ਵੀ ਨਾਰਾਜ਼ ਆਗੂਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਬਾਗੀ ਧੜਾ ਰਾਹੁਲ ਗਾਂਧੀ ਤੋਂ ਪੰਜਾਬ ਕਾਂਗਰਸ ’ਚ ਨਵੀਂ ਰੂਹ ਫੂਕਣ ਲਈ ਵੜਿੰਗ ਦੇ ਨਾਲ-ਨਾਲ ਭੁਪੇਸ਼ ਬਘੇਲ ਨੂੰ ਹਟਾਉਣ ਦੀ ਵੀ ਮੰਗ ਰੱਖੇਗਾ। ਕਾਂਗਰਸੀ ਹਲਕਿਆਂ ’ਚ ਚਰਚਾ ਹੈ ਕਿ ਪੰਜਾਬ ਕਾਂਗਰਸ ਦੀ ਗੁਟਬਾਜ਼ੀ ਨੂੰ ਖ਼ਤਮ ਕਰਨ ਤੇ ਰੁੱਸਿਆ ਨੂੰ ਮਨਾਉਣ ਲਈ ਪਾਰਟੀ ਭੁਪੇਸ਼ ਬਘੇਲ ਦੀ ਛੁੱਟੀ ਕਰ ਸਕਦੀ ਹੈ।