- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਨੀ ਰਾਹੁਲ ਗਾਂਧੀ ਦੇ ਆਸਪਾਸ ਘੁੰਮਦੇ ਨਜ਼ਰ ਆਏ ਪਰ ਰਾਹੁਲ ਗਾਂਧੀ ਨੇ ਇਕ ਵਾਰ ਵੀ ਉਨ੍ਹਾਂ ਨੂੰ ਨਹੀਂ ਬੁਲਾਇਆ। ਇਸ ਤੋਂ ਬਾਅਦ ਨੌਜਵਾਨਾਂ ਦੇ ਮੁੱਦਿਆਂ ਤੇ ਪੇਪਰ ਲੀਕ ਦੇ ਵਿਰੋਧ ’ਚ ਸੰਸਦ ਤੋਂ ਕੱਢੇ ਗਏ ਮਾਰਚ ਦੌਰਾਨ ਵੀ ਚੰਨੀ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਦੋ ਘਟਨਾਕ੍ਰਮ ਚਰਚਾ ਦਾ ਵਿਸ਼ਾ ਬਣ ਗਏ ਹਨ। ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਸੰਸਦ ਕੰਪਲੈਕਸ ਦੇ ਬਾਹਰ ਦੇ ਵੀਡੀਓ ’ਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਵਾਡਰਾ ਹੋਰ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ। ਇਸ ਦੌਰਾਨ ਚੰਨੀ ਕੁਝ ਦੂਰੀ ’ਤੇ ਇਕੱਲੇ ਖੜ੍ਹੇ ਨਜ਼ਰ ਆਏ। ਚੰਨੀ ਰਾਹੁਲ ਗਾਂਧੀ ਦੇ ਆਸਪਾਸ ਘੁੰਮਦੇ ਨਜ਼ਰ ਆਏ ਪਰ ਰਾਹੁਲ ਗਾਂਧੀ ਨੇ ਇਕ ਵਾਰ ਵੀ ਉਨ੍ਹਾਂ ਨੂੰ ਨਹੀਂ ਬੁਲਾਇਆ। ਇਸ ਤੋਂ ਬਾਅਦ ਨੌਜਵਾਨਾਂ ਦੇ ਮੁੱਦਿਆਂ ਤੇ ਪੇਪਰ ਲੀਕ ਦੇ ਵਿਰੋਧ ’ਚ ਸੰਸਦ ਤੋਂ ਕੱਢੇ ਗਏ ਮਾਰਚ ਦੌਰਾਨ ਵੀ ਚੰਨੀ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਦੇ ਬਾਅਦ ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਕਾਂਗਰਸੀ ਲੀਡਰਸ਼ਿਪ ਪੰਜਾਬ ਇਕਾਈ ਨੂੰ ਸੰਗਠਨਾਤਮਕ ਅਨੁਸ਼ਾਸਨ ਦਾ ਸੰਦੇਸ਼ ਦੇਣਾ ਚਾਹੁੰਦੀ ਹੈ। ਹਾਲਾਂਕਿ ਕਾਂਗਰਸ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।
ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਪੰਜਾਬ ਕਾਂਗਰਸ ਦੇ ਕਈ ਆਗੂਆਂ ਵਲੋਂ ਅਲੱਗ-ਅਲੱਗ ਮੁੱਦਿਆਂ ’ਤੇ ਨਿੱਜੀ ਸਿਆਸੀ ਲਾਈਨ ਸਾਹਮਣੇ ਆਉਂਦੀ ਰਹੀ ਹੈ। ਅਜਿਹੇ ’ਚ ਕੇਂਦਰੀ ਲੀਡਰਸ਼ਿਪ ਇਹ ਸਪੱਸ਼ਟ ਸੰਕੇਤ ਦੇਣਾ ਚਾਹੁੰਦੀ ਹੈ ਕਿ ਪਾਰਟੀ ’ਚ ਨਿੱਜੀ ਅਕਸ ਤੋਂ ਜ਼ਿਆਦਾ ਸੰਗਠਨ ਦਾ ਫ਼ੈਸਲਾ ਤੇ ਸਮੂਹਿਕ ਲੀਡਰਸ਼ਿਪ ਅਹਿਮ ਹੋਵੇਗੀ। ਚਰਚਾ ਇਹ ਵੀ ਹੈ ਕਿ ਹੁਣ ਹਰ ਆਗੂ ਨੂੰ ਪਾਰਟੀ ਦੀ ਤੈਅ ਰਣਨੀਤੀ ਦੇ ਮੁਤਾਬਕ ਹੀ ਅੱਗੇ ਵਧਣਾ ਪਵੇਗਾ ਤੇ ਜਨਤਕ ਰੂਪ ਨਾਲ ਅਲੱਗ ਸਿਆਸੀ ਲਾਈਨ ਲੈਣ ਦੀ ਗੁੰਜਾਇਸ਼ ਘੱਟ ਹੋਵੇਗੀ।
ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਸਭ ਤੋਂ ਵੱਡੇ ਦਲਿਤ ਚਿਹਰਿਆਂ ’ਚ ਗਿਣੇ ਜਾਂਦੇ ਹਨ। 2021 ’ਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਨੂੰ ਸੂਬੇ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਇਆ ਸੀ। ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਦੀ ਹਾਰ ਲਈ ਆਗੂਆਂ ’ਚ ਜਾਰੀ ਗੁੱਟਬਾਜ਼ੀ ਨੂੰ ਮੰਨਿਆ ਗਿਆ। ਪਾਰਟੀ ਹਾਈਕਮਾਨ ਨੇ ਕਈ ਵਾਰ ਆਗੂਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਇਕ ਜੁਲਾਈ ਨੂੰ ਜਦੋਂ ਹਾਈਕਮਾਨ ਨੇ ਵਿਧਾਨ ਸਭਾ ਚੋਣਾਂ ਲਈ ਚੋਣ ਕਮੇਟੀਆਂ ਦਾ ਐਲਾਨ ਕੀਤਾ ਤਾਂ ਚੰਨੀ ਧੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਫ਼ੈਸਲੇ ਦਾ ਵਿਰੋਧ ਕਰ ਦਿੱਤਾ। ਪਾਰਟੀ ਦੇ ਸੂਬਾਈ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਆ ਕੇ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਤਾ ਚੰਨੀ ਧੜੇ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ ’ਚ ਆਪਣੀਆਂ ਸ਼ਰਤਾਂ ’ਤੇ ਬੈਠਕ ਲਈ ਤਿਆਰ ਹੋਏ।