- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦੇ ਨੀਟ ਕਲੀਅਰ ਕਰਨ ਅਤੇ ਸੂਬੇ ’ਚ 68,000 ਤੋਂ ਵੱਧ ਮੈਰਿਟ-ਆਧਾਰਿਤ ਸਰਕਾਰੀ ਨੌਕਰੀਆਂ ਦੇਣ ਨੂੰ ਸਰਕਾਰ ਦੀ ਇਮਾਨਦਾਰੀ, ਪਾਰਦਰਸ਼ਤਾ ਤੇ ਬਰਾਬਰ ਮੁਕਾਬਲੇ ਦੇ ਮੌਕੇ ਪ੍ਰਦਾਨ ਕਰਨ ਦੀ ਨੀਤੀ ਦਾ ਸਭ ਤੋਂ ਵੱਡਾ ਸਬੂਤ ਦੱਸਿਆ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ , ਮੁਹਾਲੀ : ਪੰਜਾਬ ’ਚ ਹੁਣ ਸਫ਼ਲਤਾ ਲਈ ਨਾ ਤਾਂ ਪੈਸਾ ਚੱਲਦਾ ਹੈ ਤੇ ਨਾ ਹੀ ਕਿਸੇ ਦੀ ਸਿਫ਼ਾਰਸ਼, ਸਗੋਂ ਸਿਰਫ਼ ਮੈਰਿਟ ਹੀ ਯੋਗਤਾ ਦਾ ਪੈਮਾਨਾ ਬਣੀ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜ਼ੀਰਕਪੁਰ ਵਿਖੇ ਨੀਟ-2026 ਦੀ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਰੱਖੇ ਪ੍ਰਭਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦੇ ਨੀਟ ਕਲੀਅਰ ਕਰਨ ਅਤੇ ਸੂਬੇ ’ਚ 68,000 ਤੋਂ ਵੱਧ ਮੈਰਿਟ-ਆਧਾਰਿਤ ਸਰਕਾਰੀ ਨੌਕਰੀਆਂ ਦੇਣ ਨੂੰ ਸਰਕਾਰ ਦੀ ਇਮਾਨਦਾਰੀ, ਪਾਰਦਰਸ਼ਤਾ ਤੇ ਬਰਾਬਰ ਮੁਕਾਬਲੇ ਦੇ ਮੌਕੇ ਪ੍ਰਦਾਨ ਕਰਨ ਦੀ ਨੀਤੀ ਦਾ ਸਭ ਤੋਂ ਵੱਡਾ ਸਬੂਤ ਦੱਸਿਆ। ਇਸ ਤੋਂ ਵੀ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ’ਚੋਂ ਪਹਿਲਾ ਰੈਂਕ ਹਾਸਲ ਕਰਨ ਵਾਲਾ ਆਰੀਅਨ ਗੁਪਤਾ ਵੀ ਪੰਜਾਬ ਦਾ ਹੀ ਪੁੱਤਰ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ, ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੀ ਮੌਜੂਦ ਸਨ, ਨੇ ਵੀ ਸਫ਼ਲ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਾਲ 2022 ਵਿਚ ਜਦੋਂ ਸਾਡੀ ਸਰਕਾਰ ਬਣੀ ਸੀ, ਤਾਂ ਸਰਕਾਰੀ ਸਕੂਲਾਂ ਦੇ ਸਿਰਫ਼ 82 ਵਿਦਿਆਰਥੀ ਹੀ ਨੀਟ ਪਾਸ ਕਰ ਸਕੇ ਸਨ। ਅੱਜ ਇਹ ਗਿਣਤੀ ਵੱਧ ਕੇ 882 ਹੋ ਗਈ ਹੈ। ਇਹ ਕੋਈ ਮਾਮੂਲੀ ਅੰਕੜਾ ਨਹੀਂ, ਸਗੋਂ ਪੰਜਾਬ ਦੇ ਸਰਕਾਰੀ ਸਿੱਖਿਆ ਢਾਂਚੇ ਵਿਚ ਆਈ ਇਤਿਹਾਸਕ ਤਬਦੀਲੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਪੰਜਾਬ ਸਿੱਖਿਆ ਦੇ ਖੇਤਰ ’ਚ 27ਵੇਂ ਨੰਬਰ ’ਤੇ ਸੀ, ਉੱਥੇ ਹੀ ਅੱਜ ਸੁਧਾਰਾਂ ਤੇ ‘ਸਕੂਲਜ਼ ਆਫ਼ ਐਮੀਨੈਂਸ’ ਵਰਗੇ ਕਦਮਾਂ ਸਦਕਾ ਪੰਜਾਬ ਕੇਰਲ ਵਰਗੇ ਸੂਬਿਆਂ ਨੂੰ ਪਿੱਛੇ ਛੱਡ ਕੇ ਦੇਸ਼ ’ਚ ਮੋਹਰੀ ਸੂਬਾ ਬਣ ਚੁੱਕਾ ਹੈ।
ਦੇਸ਼ ’ਚ ਵਾਰ-ਵਾਰ ਹੋ ਰਹੇ ਪੇਪਰ ਲੀਕ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਸੀਐੱਮ ਮਾਨ ਨੇ ਕਿਹਾ ਕਿ 2017, 2024 ਤੇ ਹੁਣ 2026 ’ਚ ਫਿਰ ਤੋਂ ਦੇਸ਼ ਪੱਧਰੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣਾ ਕੇਂਦਰ ਸਰਕਾਰ ਦੀ ਨਾਕਾਮੀ ਹੈ। ਇਸ ਨਾਲ ਲੱਖਾਂ ਬੱਚਿਆਂ ਦਾ ਮਨੋਬਲ ਟੁੱਟਿਆ ਹੈ। ਦੂਜੇ ਪਾਸੇ ਪੰਜਾਬ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ’ਚ ਪੰਜਾਬ ’ਚ ਇਕ ਵੀ ਪੇਪਰ ਲੀਕ ਨਹੀਂ ਹੋਇਆ। ਹਾਲ ਹੀ ’ਚ ਫਾਰਮੇਸੀ ਪ੍ਰੀਖਿਆ ’ਚ ਨਕਲ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ 31 ਵਿਅਕਤੀਆਂ ਨੂੰ ਜੇਲ੍ਹ ਭੇਜਿਆ ਗਿਆ ਹੈ। ਉਨ੍ਹਾਂ ਸਾਫ਼ ਸ਼ਬਦਾਂ ’ਚ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਨੌਜਵਾਨਾਂ ਦੀ ਵਾਪਸੀ ਤੇ ਧੀਆਂ ਦਾ ਮਾਣ : ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਪ੍ਰਕਿਰਿਆ ਕਾਰਨ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਪਰਤ ਕੇ ਆਪਣੇ ਸੂਬੇ ਵਿਚ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਨੀਟ 2026 ਦੀ ਸਫ਼ਲਤਾ ’ਚ 686 ਕੁੜੀਆਂ ਦਾ ਪਾਸ ਹੋਣਾ ਸਿੱਧ ਕਰਦਾ ਹੈ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ’ਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਫ਼ਲਤਾ ਮਿਲਣ ਤੋਂ ਬਾਅਦ ਵੀ ਹਮੇਸ਼ਾ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਹੈ। ਨਿਮਰਤਾ ਅਤੇ ਸਖ਼ਤ ਮਿਹਨਤ ਹੀ ਜੀਵਨ ਵਿਚ ਅੱਗੇ ਵੱਧਣ ਦਾ ਰਾਹ ਪੱਧਰਾ ਕਰਦੀ ਹੈ।
ਅੰਕੜਿਆਂ ਦੀ ਨਜ਼ਰ ’ਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਇਤਿਹਾਸਕ ਉਡਾਣ : ਨੀਟ 2026 ਵਿਚ 686 ਲੜਕੀਆਂ ਤੇ 340 ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹਨ। ਪਿਛਲੇ 3 ਸਾਲਾਂ ਵਿਚ 2,166 ਵਿਦਿਆਰਥੀਆਂ ਨੇ ਨੀਟ ਅਤੇ 786 ਵਿਦਿਆਰਥੀਆਂ ਨੇ ਜੇਈਈ ਪ੍ਰੀਖਿਆ ਕਲੀਅਰ ਕੀਤੀ। ‘ਅਵੰਤੀ’ ਤੇ ‘ਮੰਤਰਾ ਫਾਰ ਚੇਂਜ’ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ, ਗਾਈਡੈਂਸ ਅਤੇ ਮੌਕ ਟੈਸਟਾਂ ਦੀ ਸੁਵਿਧਾ ਦਿੱਤੀ ਹੈ।
ਸਮਾਗਮ ਦੌਰਾਨ ਇਕ ਭਾਵੁਕ ਤੇ ਯਾਦਗਾਰੀ ਮਾਹੌਲ ਦੇਖਣ ਨੂੰ ਮਿਲਿਆ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਦਿਆਰਥੀਆਂ ਨੂੰ ਸਨਮਾਨਤ ਕਰ ਰਹੇ ਸਨ ਤਾਂ ਕਈ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਉਨ੍ਹਾਂ ਤੋਂ ਆਟੋਗ੍ਰਾਫ ਮੰਗੇ, ਜੋ ਮੁੱਖ ਮੰਤਰੀ ਨੇ ਖੁਸ਼ੀ-ਖੁਸ਼ੀ ਦਸਤਖ਼ਤ ਕਰ ਕੇ ਦਿੱਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਮੁੱਖ ਮੰਤਰੀ ਦੇ ਸਕੈੱਚ (ਪੋਰਟਰੇਟ) ਵੀ ਮਾਨ ਨੂੰ ਪ੍ਰੇਮ ਦੇ ਪ੍ਰਤੀਕ ਵਜੋਂ ਭੇਟ ਕੀਤੇ।ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਨਕਲ ਦੀ ਸ਼ਿਕਾਇਤ ਮਿਲਣ 'ਤੇ 10 ਮਿੰਟ 'ਚ ਹੀ ਕਾਰਵਾਈ ਕੀਤੀ।
NEET ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ 'ਸਨਮਾਨ ਸਮਾਗਮ' ਦੌਰਾਨ LIVE -------- NEET पास करने वाले होनहार विद्यार्थियों के सम्मान समारोह के दौरान LIVE https://t.co/IO44PLRAWt
— Bhagwant Mann (@BhagwantMann) July 26, 2026