ਕੌਣ ਬਣੇਗਾ 'ਪੰਜਾਬ ਦਾ ਕਰੋੜਪਤੀ' ? ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਮੌਕਾ, 10 ਹਜ਼ਾਰ ਮੁਕਾਬਲੇਬਾਜ਼ਾਂ ਨੂੰ ਵੀ ਮਿਲਣਗੇ ਇਨਾਮ; ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
'Punjab Da Crorepati' ਮੁਕਾਬਲਾ ਕੁੱਲ 11 ਰਾਊਂਡਾਂ 'ਚ ਹੋਵੇਗਾ। ਪਹਿਲੇ ਨੌਂ ਰਾਊਂਡ ਆਨਲਾਈਨ ਹੋਣਗੇ। ਇਨ੍ਹਾਂ 'ਚ ਪ੍ਰਤੀਭਾਗੀਆਂ ਨੂੰ ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਸਵਾਲ 'ਕੌਣ ਬਣੇਗਾ ਕਰੋੜਪਤੀ' ਦੀ ਤਰਜ਼ 'ਤੇ ਚਾਰ ਵਿਕਲਪਾਂ ਨਾਲ ਪੁੱਛੇ ਜਾਣਗੇ। ਹਰ ਸਹੀ ਜਵਾਬ ਨਾਲ ਪ੍ਰਤੀਭਾਗੀ ਅਗਲੇ ਪੜਾਅ ਵੱਲ ਵਧਣਗੇ ਅਤੇ ਅਗਲੇ ਰਾਊਂਡਾਂ 'ਚ ਸਵਾਲਾਂ ਦਾ ਪੱਧਰ ਵੀ ਬਦਲਦਾ ਜਾਵੇਗਾ।
Publish Date: Sat, 14 Nov 2026 01:13 PM (IST)
Updated Date: Sat, 14 Nov 2026 02:00 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਟੈਲੀਵਿਜ਼ਨ 'ਤੇ ਅਮਿਤਾਭ ਬੱਚਨ ਦੇ ਸਾਹਮਣੇ ਹੌਟ ਸੀਟ 'ਤੇ ਬੈਠ ਕੇ ਕਰੋੜਪਤੀ ਬਣਨ ਦਾ ਸੁਪਨਾ ਦੇਖਣ ਵਾਲਿਆਂ ਲਈ ਹੁਣ ਪੰਜਾਬ 'ਚ ਵੀ ਅਜਿਹਾ ਹੀ ਇਕ ਅਨੋਖਾ ਮੌਕਾ ਮਿਲਣ ਜਾ ਰਿਹਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਇੱਥੇ ਸਵਾਲਾਂ ਦੇ ਜਵਾਬ ਕਿਸੇ ਸਟੂਡੀਓ 'ਚ ਬੈਠ ਕੇ ਨਹੀਂ, ਸਗੋਂ ਮੋਬਾਈਲ ਅਤੇ ਪੋਰਟਲ ਰਾਹੀਂ ਦੇਣੇ ਹੋਣਗੇ। ਪੰਜਾਬ ਦੇ ਨੌਜਵਾਨ ਹੁਣ 'ਕੌਣ ਬਣੇਗਾ ਕਰੋੜਪਤੀ' ਦੀ ਤਰਜ਼ 'ਤੇ 'ਪੰਜਾਬ ਦਾ ਕਰੋੜਪਤੀ' ਮੁਕਾਬਲੇ 'ਚ ਹਿੱਸਾ ਲੈ ਕੇ ਇਕ ਕਰੋੜ ਰੁਪਏ ਜਿੱਤ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇਸ ਮਹੱਤਵਪੂਰਨ ਮੁਕਾਬਲੇ ਦਾ ਪੋਰਟਲ ਲਾਂਚ ਕੀਤਾ।
ਇਸ ਮੁਕਾਬਲੇ 'ਚ 15 ਤੋਂ 30 ਸਾਲ ਤੱਕ ਦੇ ਨੌਜਵਾਨ ਹਿੱਸਾ ਲੈ ਸਕਣਗੇ। ਖ਼ਾਸ ਗੱਲ ਇਹ ਹੈ ਕਿ ਇਸ 'ਚ ਸਿਰਫ਼ ਮਨੋਰੰਜਨ ਅਤੇ ਇਨਾਮ ਜਿੱਤਣ ਦਾ ਹੀ ਮੌਕਾ ਨਹੀਂ ਮਿਲੇਗਾ, ਸਗੋਂ ਨੌਜਵਾਨਾਂ ਦੀ ਪੜ੍ਹਾਈ ਅਤੇ ਸਰਕਾਰੀ ਨੌਕਰੀਆਂ ਦੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਹੋਵੇਗੀ। ਭਾਵ ਸਵਾਲਾਂ ਦੇ ਜਵਾਬ ਦਿੰਦੇ-ਦਿੰਦੇ ਨੌਜਵਾਨ ਆਪਣਾ ਗਿਆਨ ਵਧਾ ਸਕਣਗੇ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਖ਼ੁਦ ਨੂੰ ਤਿਆਰ ਕਰ ਸਕਣਗੇ।
11 ਰਾਊਂਡਾਂ 'ਚ ਤੈਅ ਹੋਵੇਗਾ ਕਰੋੜਪਤੀ ਬਣਨ ਦਾ ਸਫ਼ਰ
'ਪੰਜਾਬ ਦਾ ਕਰੋੜਪਤੀ' ਮੁਕਾਬਲਾ ਕੁੱਲ 11 ਰਾਊਂਡਾਂ 'ਚ ਹੋਵੇਗਾ। ਪਹਿਲੇ ਨੌਂ ਰਾਊਂਡ ਆਨਲਾਈਨ ਹੋਣਗੇ। ਇਨ੍ਹਾਂ 'ਚ ਮੁਕਾਬਲੇਬਾਜ਼ਾਂ ਨੂੰ ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਸਵਾਲ 'ਕੌਣ ਬਣੇਗਾ ਕਰੋੜਪਤੀ' ਦੀ ਤਰਜ਼ 'ਤੇ ਚਾਰ ਵਿਕਲਪਾਂ ਨਾਲ ਪੁੱਛੇ ਜਾਣਗੇ। ਹਰ ਸਹੀ ਜਵਾਬ ਨਾਲ ਪ੍ਰਤੀਭਾਗੀ ਅਗਲੇ ਪੜਾਅ ਵੱਲ ਵਧਣਗੇ ਅਤੇ ਅਗਲੇ ਰਾਊਂਡਾਂ 'ਚ ਸਵਾਲਾਂ ਦਾ ਪੱਧਰ ਵੀ ਬਦਲਦਾ ਜਾਵੇਗਾ।
ਦਸਵਾਂ ਅਤੇ ਗਿਆਰ੍ਹਵਾਂ ਰਾਊਂਡ ਆਫਲਾਈਨ ਯਾਨੀ ਆਹਮੋ-ਸਾਹਮਣੇ ਹੋਵੇਗਾ। ਦਸਵੇਂ ਰਾਊਂਡ 'ਚ ਜ਼ਿਲ੍ਹਾ ਪੱਧਰ 'ਤੇ ਮੁਕਾਬਲੇ ਹੋਣਗੇ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਹਰੇਕ ਜ਼ਿਲ੍ਹੇ ਦੇ ਚੋਟੀ ਦੇ ਪ੍ਰਤੀਭਾਗੀ ਗ੍ਰੈਂਡ ਫਿਨਾਲੇ 'ਚ ਪਹੁੰਚਣਗੇ, ਜਿੱਥੇ ਇਕ ਕਰੋੜ ਰੁਪਏ ਦੇ ਜੇਤੂ ਦਾ ਫ਼ੈਸਲਾ ਹੋਵੇਗਾ।
ਇਕ ਕਰੋੜ ਦੇ ਨਾਲ ਚਾਰ ਨੂੰ ਮਿਲਣਗੇ 10-10 ਲੱਖ ਰੁਪਏ
ਮੁਕਾਬਲੇ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਇਨਾਮੀ ਢਾਂਚਾ ਹੈ। ਫਾਈਨਲ ਜਿੱਤਣ ਵਾਲੇ ਮੁਕਾਬਲੇਬਾਜ਼ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉੱਥੇ ਹੀ ਚਾਰ ਉਪ ਜੇਤੂਆਂ ਨੂੰ 10-10 ਲੱਖ ਰੁਪਏ ਮਿਲਣਗੇ। ਇਸ ਤੋਂ ਇਲਾਵਾ ਮੁਕਾਬਲੇ 'ਚ ਚੋਟੀ ਦੀ ਰੈਂਕ ਹਾਸਲ ਕਰਨ ਵਾਲੇ 10 ਹਜ਼ਾਰ ਮੁਕਾਬਲੇਬਾਜ਼ਾਂ ਨੂੰ ਵੀ ਇਨਾਮ ਦਿੱਤੇ ਜਾਣਗੇ। ਭਾਵ ਗ੍ਰੈਂਡ ਫਿਨਾਲੇ ਤੱਕ ਨਹੀਂ ਪਹੁੰਚ ਸਕਣ ਵਾਲੇ ਨੌਜਵਾਨਾਂ ਕੋਲ ਵੀ ਇਨਾਮ ਜਿੱਤਣ ਦਾ ਮੌਕਾ ਰਹੇਗਾ।
ਪੰਜਾਬ ਦਾ ਇਤਿਹਾਸ, ਵਿਰਾਸਤ ਅਤੇ ਭੂਗੋਲ ਬਾਰੇ ਵੀ ਪੁੱਛੇ ਜਾਣਗੇ ਸਵਾਲ
ਇਸ ਮੁਕਾਬਲੇ 'ਚ ਸਵਾਲਾਂ ਦਾ ਘੇਰਾ ਵੀ ਕਾਫ਼ੀ ਵਿਸ਼ਾਲ ਰੱਖਿਆ ਗਿਆ ਹੈ। ਲਗਪਗ 50 ਹਜ਼ਾਰ ਸਵਾਲਾਂ ਦਾ ਪ੍ਰਸ਼ਨ ਬੈਂਕ ਤਿਆਰ ਕੀਤਾ ਗਿਆ ਹੈ। ਇਸ 'ਚ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਵਿਰਾਸਤ, ਗਣਿਤ, ਭੂਗੋਲਿਕ ਨਕਸ਼ਿਆਂ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਸਵਾਲਾਂ ਦਾ ਪੱਧਰ ਵੱਖ-ਵੱਖ ਰੈਂਕਾਂ ਦੇ ਹਿਸਾਬ ਨਾਲ ਹੋਵੇਗਾ। ਜਿਵੇਂ-ਜਿਵੇਂ ਪ੍ਰਤੀਭਾਗੀ ਅਗਲੇ ਰਾਊਂਡ 'ਚ ਪਹੁੰਚਣਗੇ, ਸਵਾਲ ਵੀ ਬਦਲਦੇ ਜਾਣਗੇ ਅਤੇ ਮੁਸ਼ਕਲ ਹੁੰਦੇ ਜਾਣਗੇ।
ਇਸ ਮੁਕਾਬਲੇ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਸ 'ਚ ਵੱਡੀ ਗਿਣਤੀ 'ਚ ਅਜਿਹੇ ਸਵਾਲ ਸ਼ਾਮਲ ਕੀਤੇ ਗਏ ਹਨ, ਜੋ ਸਰਕਾਰੀ ਨੌਕਰੀਆਂ ਦੀਆਂ ਭਰਤੀ ਪ੍ਰੀਖਿਆਵਾਂ 'ਚ ਪੁੱਛੇ ਜਾਂਦੇ ਹਨ। ਪਟਵਾਰੀ, ਪੁਲਿਸ ਕਾਂਸਟੇਬਲ, PCS, SDO ਸਮੇਤ ਵੱਖ-ਵੱਖ ਸਰਕਾਰੀ ਅਹੁਦਿਆਂ ਦੀਆਂ ਪ੍ਰੀਖਿਆਵਾਂ ਦੇ ਸਵਾਲ ਵੀ ਇਸ 'ਚ ਸ਼ਾਮਲ ਕੀਤੇ ਗਏ ਹਨ। ਅਜਿਹੇ 'ਚ ਨੌਜਵਾਨ ਖੇਡ-ਖੇਡ 'ਚ ਆਪਣੀ ਤਿਆਰੀ ਨੂੰ ਪਰਖ ਸਕਣਗੇ।
ਸਕੂਲਾਂ-ਕਾਲਜਾਂ ਤੇ ਮਾਪਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਨੇ ਪੋਰਟਲ ਲਾਂਚ ਕਰਦੇ ਹੋਏ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਲਈ ਸਿੱਖਣ, ਆਪਣਾ ਗਿਆਨ ਵਧਾਉਣ ਅਤੇ ਇਨਾਮ ਜਿੱਤਣ ਦਾ ਅਨੋਖਾ ਮੌਕਾ ਹੈ। ਇਸ ਮੁਕਾਬਲੇ ਰਾਹੀਂ ਨੌਜਵਾਨਾਂ ਨੂੰ ਮਨੋਰੰਜਨ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ 'ਚ ਵੀ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ 'ਪੰਜਾਬ ਦਾ ਕਰੋੜਪਤੀ' ਮੁਕਾਬਲੇ 'ਚ ਹਿੱਸਾ ਲੈਣ, ਪੰਜਾਬ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ, ਆਪਣਾ ਗਿਆਨ ਵਧਾਉਣ ਅਤੇ ਇਨਾਮ ਜਿੱਤਣ। ਪੋਰਟਲ ਲਾਂਚ ਹੋਣ ਦੇ ਨਾਲ ਹੀ ਮੁਕਾਬਲੇ ਦੀ ਜਾਣਕਾਰੀ ਅਤੇ ਅਗਲੀ ਪ੍ਰਕਿਰਿਆ ਆਨਲਾਈਨ ਉਪਲਬਧ ਕਰਵਾਈ ਜਾਵੇਗੀ।