CM Mann ਨੇ ਕਿਹਾ ਕਿ ਖਿਡਾਰੀਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਬਿਹਤਰ ਖੁਰਾਕ (ਡਾਈਟ) ਦਿੱਤੀ ਜਾ ਰਹੀ ਹੈ। ਪਹਿਲਾਂ ਖਿਡਾਰੀਆਂ ਨੂੰ ਬ੍ਰੈੱਡ, ਜੈਮ ਅਤੇ ਉਬਲੇ ਹੋਏ ਅੰਡਿਆਂ ਤੱਕ ਸੀਮਤ ਰਹਿਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਪ੍ਰੋਟੀਨ ਭਰਪੂਰ ਸੰਤੁਲਿਤ ਖੁਰਾਕ ਦਿੱਤੀ ਜਾਵੇਗੀ।

ਰੋਹਿਤ ਕੁਮਾਰ, ਚੰਡੀਗੜ੍ਹ : 44 ਸਾਲਾਂ ਬਾਅਦ ਪੰਜਾਬ ਨੂੰ ਬੈਡਮਿੰਟਨ ਅੰਡਰ-13 ਨੈਸ਼ਨਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ ਜੋ ਕਿ ਜਲੰਧਰ 'ਚ ਕਰਵਾਈ ਜਾਵੇਗੀ। ਇਹ ਸੂਬੇ ਵਿੱਚ ਖੇਡ ਢਾਂਚੇ ਦੇ ਮਜ਼ਬੂਤ ਹੋਣ ਦਾ ਵੱਡਾ ਸੰਕੇਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਜਿਮ ਅਤੇ ਰਹਿਣ ਦੀਆਂ ਸਹੂਲਤਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ ਅਤੇ ਨਵੇਂ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਬਿਹਤਰ ਖੁਰਾਕ (ਡਾਈਟ) ਦਿੱਤੀ ਜਾ ਰਹੀ ਹੈ। ਪਹਿਲਾਂ ਖਿਡਾਰੀਆਂ ਨੂੰ ਬ੍ਰੈੱਡ, ਜੈਮ ਅਤੇ ਉਬਲੇ ਹੋਏ ਅੰਡਿਆਂ ਤੱਕ ਸੀਮਤ ਰਹਿਣਾ ਪੈਂਦਾ ਸੀ, ਪਰ ਹੁਣ ਉਨ੍ਹਾਂ ਨੂੰ ਪ੍ਰੋਟੀਨ ਭਰਪੂਰ ਸੰਤੁਲਿਤ ਖੁਰਾਕ ਦਿੱਤੀ ਜਾਵੇਗੀ। ਡਾਈਟ ਭੱਤੇ ਨੂੰ 240 ਰੁਪਏ ਤੋਂ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ, ਤਾਂ ਜੋ ਖਿਡਾਰੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਪੋਸ਼ਣ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਖਿਡਾਰੀਆਂ ਲਈ ਪੇਸ਼ੇਵਰ ਸ਼ੈੱਫ (Chef) ਅਤੇ ਯੋਗ ਸਟਾਫ਼ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਾਜ ਵਿੱਚ ਖੇਡ ਇਨਫਰਾਸਟਰੱਕਚਰ ਨੂੰ ਵੀ ਤੇਜ਼ੀ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਮੋਹਾਲੀ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਾਇਆ ਜਾ ਰਿਹਾ ਹੈ, ਜਦਕਿ ਪਿੰਡਾਂ ਵਿੱਚ ਹਾਕੀ ਦੇ ਐਸਟ੍ਰੋਟਰਫ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੋਰਟਸ ਮੈਡੀਸਨ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਇਸ ਤਹਿਤ 113 ਨਵੀਆਂ ਪੋਸਟਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਡਾਕਟਰ ਅਤੇ ਫਿਜ਼ੀਓਥੈਰੇਪਿਸਟ ਸ਼ਾਮਲ ਹਨ, ਅਤੇ ਇਹਨਾਂ ਵਿੱਚੋਂ 92 ਅਹੁਦਿਆਂ 'ਤੇ ਭਰਤੀ ਵੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੀ ਤਾਇਨਾਤੀ ਅੰਮ੍ਰਿਤਸਰ, ਗੁਰਦਾਸਪੁਰ, ਰੂਪਨਗਰ, ਪਟਿਆਲਾ, ਲੁਧਿਆਣਾ, ਕਪੂਰਥਲਾ, ਫਰੀਦਕੋਟ, ਫਾਜ਼ਿਲਕਾ, ਬਠਿੰਡਾ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਐਡਵੈਂਚਰ ਅਤੇ ਟ੍ਰੈਕਿੰਗ ਕੈਂਪ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਸ਼ੁਰੂਆਤ 15 ਜਨਵਰੀ ਤੋਂ ਹੋ ਚੁੱਕੀ ਹੈ। ਮੁੱਖ ਮੰਤਰੀ ਨੇ “ਖੇਡਾਂ ਵਤਨ ਪੰਜਾਬ ਦੀਆਂ” ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਲੱਖਾਂ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਨਸ਼ਿਆਂ ਵਿਰੁੱਧ ਲੜਾਈ ਦਾ ਅਹਿਮ ਹਿੱਸਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਲਾ ਰਾਏਪੁਰ ਦੀਆਂ ਰਵਾਇਤੀ ਖੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਬਾਅਦ ਇਨ੍ਹਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਲਗੱਡੀ ਦੌੜ ਵਰਗੀਆਂ ਰਵਾਇਤੀ ਖੇਡਾਂ 'ਤੇ ਪਹਿਲਾਂ ਰੋਕ ਲੱਗ ਗਈ ਸੀ, ਜਿਸ ਨਾਲ ਇੱਕ ਪੂਰੀ ਪੀੜ੍ਹੀ ਇਨ੍ਹਾਂ ਤੋਂ ਦੂਰ ਹੋ ਗਈ ਸੀ। ਹੁਣ ਇਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਕੇ ਪੰਜਾਬ ਦੀ ਵਿਰਾਸਤ ਨੂੰ ਸੁਰਜੀਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਖੇਡਾਂ ਸੁਰੱਖਿਅਤ ਅਤੇ ਨਿਯਮਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜਾਨਵਰਾਂ ਨਾਲ ਕੋਈ ਬੇਰਹਿਮੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਸਿਰਫ਼ ਮਨੋਰੰਜਨ ਨਹੀਂ, ਸਗੋਂ ਪੰਜਾਬ ਦੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ।