CM ਮਾਨ ਦੀ ਅਫ਼ਸਰਾਂ ਨੂੰ ਨਸੀਹਤ; 'ਇਮਾਨਦਾਰੀ ਨਾਲ ਨਿਭਾਓ ਡਿਊਟੀ, ਤਬਾਦਲੇ 'ਤੇ ਲੋਕ ਕਹਿਣ ਕਿ ਇੱਥੇ ਰਹਿਣਾ ਚਾਹੀਦਾ ਸੀ'
ਮੁੱਖ ਮੰਤਰੀ ਨੇ ਡੀਜੀਪੀ ਸਮੇਤ ਮੌਜੂਦ ਡੀਐੱਸਪੀਜ਼, ਡਿਪਟੀ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਧਿਕਾਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਚੱਲਦੇ ਰਹਿਣਗੇ। ਕੇਂਦਰ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮਤਭੇਦ ਵੀ ਲੋਕਤੰਤਰ ਦਾ ਹਿੱਸਾ ਹਨ, ਪਰ ਅਧਿਕਾਰੀਆਂ ਨੂੰ ਆਪਣਾ ਫ਼ਰਜ਼ ਨਿਭਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।
Publish Date: Fri, 16 Oct 2026 02:31 PM (IST)
Updated Date: Fri, 16 Oct 2026 03:21 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕੰਮ ਕਰੋ ਕਿ ਤਬਾਦਲਾ ਹੋਣ ਵੇਲੇ ਲੋਕ ਕਹਿਣ ਕਿ ਅਧਿਕਾਰੀ ਨੂੰ ਇੱਥੇ ਹੀ ਰਹਿਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਮਿਲਣ ਵਾਲੇ ਸਕੂਨ ਦੀ ਕੋਈ ਕੀਮਤ ਨਹੀਂ ਹੁੰਦੀ। ਭਾਵੇਂ ਕਿੰਨੀ ਵੀ ਦੌਲਤ, ਹੀਰੇ ਅਤੇ ਮੋਤੀ ਇਕੱਠੇ ਕਰ ਲਏ ਜਾਣ, ਪਰ ਅੰਤਿਮ ਸਮੇਂ ਕੁਝ ਵੀ ਨਾਲ ਨਹੀਂ ਜਾਂਦਾ।
ਮੁੱਖ ਮੰਤਰੀ ਨੇ ਡੀਜੀਪੀ ਸਮੇਤ ਮੌਜੂਦ ਡੀਐੱਸਪੀਜ਼, ਡਿਪਟੀ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਅਧਿਕਾਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਚੱਲਦੇ ਰਹਿਣਗੇ। ਕੇਂਦਰ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਮਤਭੇਦ ਵੀ ਲੋਕਤੰਤਰ ਦਾ ਹਿੱਸਾ ਹਨ, ਪਰ ਅਧਿਕਾਰੀਆਂ ਨੂੰ ਆਪਣਾ ਫ਼ਰਜ਼ ਨਿਭਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।
ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਤੋਂ ਅਧਿਕਾਰੀ ਇਹ ਸੰਕਲਪ ਲੈ ਕੇ ਜਾਣ ਕਿ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਦੇਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਮੁੱਖ ਮੰਤਰੀ ਜਾਂ ਮੰਤਰੀ ਹੀ ਸ਼ਾਸਨ ਨਹੀਂ ਚਲਾਉਂਦੇ, ਸਗੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਸਰਕਾਰ ਦਾ ਅਹਿਮ ਹਿੱਸਾ ਹੁੰਦੇ ਹਨ। ਜੇ ਅਧਿਕਾਰੀ ਸਹੀ ਅਤੇ ਇਮਾਨਦਾਰ ਰਹਿਣਗੇ ਤਾਂ ਸਰਕਾਰ ਦੀ ਤਾਰੀਫ਼ ਹੋਵੇਗੀ, ਪਰ ਜੇ ਜ਼ਮੀਨੀ ਪੱਧਰ 'ਤੇ ਕੋਈ ਗ਼ਲਤੀ ਹੋਵੇਗੀ ਤਾਂ ਉਸ ਦੀ ਬਦਨਾਮੀ ਵੀ ਸਰਕਾਰ ਨੂੰ ਝੱਲਣੀ ਪਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਅਧਿਕਾਰੀਆਂ ਦਾ ਸਿੱਧਾ ਸੰਪਰਕ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਵਿਹਾਰ ਅਤੇ ਕੰਮਕਾਜ ਸਰਕਾਰ ਦੀ ਤਸਵੀਰ ਬਣਾਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਜਿਹਾ ਕਿਰਦਾਰ ਅਪਣਾਉਣ ਦੀ ਅਪੀਲ ਕੀਤੀ ਕਿ ਉਨ੍ਹਾਂ ਦੇ ਤਬਾਦਲੇ ਵੇਲੇ ਲੋਕ ਉਨ੍ਹਾਂ ਨੂੰ ਰੋਕਣ ਦੀ ਇੱਛਾ ਜ਼ਾਹਰ ਕਰਨ, ਨਾ ਕਿ ਉਨ੍ਹਾਂ ਦੇ ਜਾਣ 'ਤੇ ਰਾਹਤ ਮਹਿਸੂਸ ਕਰਨ।
ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਧਨ-ਦੌਲਤ ਨਾਲੋਂ ਇਮਾਨਦਾਰੀ ਅਤੇ ਲੋਕਾਂ ਦਾ ਭਰੋਸਾ ਵਧੇਰੇ ਮਹੱਤਵਪੂਰਨ ਹੈ। ਅਧਿਕਾਰੀਆਂ ਨੂੰ ਆਪਣੇ ਪਰਿਵਾਰ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਅਹੁਦੇ ਦੀ ਵਰਤੋਂ ਲੋਕਾਂ ਦੀ ਸੇਵਾ ਲਈ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਪ੍ਰਸ਼ਾਸਨ 'ਚ ਔਰਤਾਂ ਅਤੇ ਨੌਜਵਾਨ ਅਧਿਕਾਰੀਆਂ ਦੀ ਵਧਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਕਈ ਨੌਜਵਾਨ ਅਧਿਕਾਰੀ ਡਿਪਟੀ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਅਤੇ ਵਧੀਕ ਡਿਪਟੀ ਕਮਿਸ਼ਨਰ ਵਰਗੇ ਅਹੁਦਿਆਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਅਧਿਕਾਰੀਆਂ ਦੇ ਫ਼ੋਨ ਆਉਂਦੇ ਹਨ ਕਿ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੰਨੀ ਛੋਟੀ ਉਮਰ 'ਚ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੇਗੀ।
ਮਾਨ ਨੇ ਕਿਹਾ ਕਿ ਇਕ ਕਲਾਕਾਰ ਵਜੋਂ ਵੀ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਾਂ ਦੇ ਪਸੰਦੀਦਾ ਬਣਨ ਅਤੇ ਆਪਣੇ ਕੰਮ ਰਾਹੀਂ ਜਨਤਾ ਦਾ ਭਰੋਸਾ ਜਿੱਤਣ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੇ ਅੰਤ 'ਚ ਕਿਹਾ, 'ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੈ ਕਿ ਜ਼ਿੰਦਾ ਰਹੇ ਤਾਂ ਫਿਰ ਮਿਲਾਂਗੇ, ਪਰ ਇਸ ਪੰਜਾਬੀ ਦਿਲ ਨੇ ਕਿਹਾ ਹੈ ਕਿ ਮਿਲਦੇ ਰਹੇ ਤਾਂ ਜ਼ਿੰਦਾ ਰਹਾਂਗੇ।” ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ।