- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੈ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦਾ ਵਿਸਥਾਰ ਸਫਾਈ ਮੁਲਾਜ਼ਮਾਂ ਤੇ ਕੂੜਾ ਚੁੱਕਣ ਵਾਲਿਆਂ ਦੇ ਬੱਚਿਆਂ ਤਕ ਕਰਨਾ ਮਹੱਤਵਪੂਰਨ ਕਦਮ ਹੈ। ਇਸ ਨਾਲ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਜਾਰੀ ਰੱਖਣ ਲਈ ਆਰਥਿਕ ਮਦਦ ਮਿਲੇਗੀ, ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਰੋਹਿਤ ਕੁਮਾਰ, ਚੰਡੀਗੜ੍ਹ : ਸਫਾਈ ਮੁਲਾਜ਼ਮਾਂ ਤੇ ਕੂੜਾ ਚੁੱਕਣ ਵਾਲਿਆਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਕੇਂਦਰ ਵੱਲੋਂ ਸਾਂਝੇ ਕੀਤੇ ਗਏ ਯੋਗ ਵਿਦਿਆਰਥੀਆਂ ਦੇ ਵੇਰਵਿਆਂ ਦੀ ਤੁਰੰਤ ਤਸਦੀਕ ਕਰ ਕੇ ਸਾਰੇ ਯੋਗ ਬੱਚਿਆਂ ਦੀ ਸੂਚੀ ਤਿਆਰ ਕਰਨ ਤੇ ਉਨ੍ਹਾਂ ਦੇ ਸਕਾਲਰਸ਼ਿਪ ਅਰਜ਼ੀਆਂ ਭਰਵਾਉਣ ਦੀ ਮੰਗ ਕੀਤੀ ਹੈ।
ਵਿਜੈ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਯੋਜਨਾ ਦਾ ਵਿਸਥਾਰ ਸਫਾਈ ਮੁਲਾਜ਼ਮਾਂ ਤੇ ਕੂੜਾ ਚੁੱਕਣ ਵਾਲਿਆਂ ਦੇ ਬੱਚਿਆਂ ਤਕ ਕਰਨਾ ਮਹੱਤਵਪੂਰਨ ਕਦਮ ਹੈ। ਇਸ ਨਾਲ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਜਾਰੀ ਰੱਖਣ ਲਈ ਆਰਥਿਕ ਮਦਦ ਮਿਲੇਗੀ, ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਨੈਸ਼ਨਲ ਐਕਸ਼ਨ ਫ਼ਾਰ ਮਕੈਨਾਈਜ਼ਡ ਸੈਨਿਟੇਸ਼ਨ ਈਕੋਸਿਸਟਮ (NAMASTE) ਤਹਿਤ ਤਸਦੀਕਸ਼ੁਦਾ ਸਫਾਈ ਮੁਲਾਜ਼ਮਾਂ ਤੇ ਕੂੜਾ ਚੁੱਕਣ ਵਾਲਿਆਂ ਦੇ ਬੱਚਿਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਯੋਜਨਾ 'ਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਮੰਤਰਾਲੇ ਵੱਲੋਂ ਯੋਗ ਬੱਚਿਆਂ ਦਾ ਵੇਰਵਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਗਿਆ ਹੈ, ਤਾਂ ਜੋ ਯੋਗ ਵਿਦਿਆਰਥੀਆਂ ਤੱਕ ਯੋਜਨਾ ਦਾ ਲਾਭ ਪਹੁੰਚਾਇਆ ਜਾ ਸਕੇ।
ਸਾਂਪਲਾ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਕੇਂਦਰ ਤੋਂ ਪ੍ਰਾਪਤ ਵੇਰਵਿਆਂ ਦੇ ਆਧਾਰ 'ਤੇ ਯੋਗ ਬੱਚਿਆਂ ਦੀ ਪਛਾਣ ਕਰ ਕੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਵਾਏ। ਉਨ੍ਹਾਂ ਕਿਹਾ ਕਿ ਜਾਣਕਾਰੀ ਦੀ ਘਾਟ ਜਾਂ ਵਿਭਾਗੀ ਪ੍ਰਕਿਰਿਆ 'ਚ ਦੇਰੀ ਕਾਰਨ ਕੋਈ ਵੀ ਯੋਗ ਵਿਦਿਆਰਥੀ ਸਕਾਲਰਸ਼ਿਪ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਹੁਣ ਤਕ ਲਗਪਗ 90 ਹਜ਼ਾਰ ਸੀਵਰ ਤੇ ਸੈਪਟਿਕ ਟੈਂਕ ਮੁਲਾਜ਼ਮਾਂ ਤੇ 2.5 ਲੱਖ ਤੋਂ ਵੱਧ ਕੂੜਾ ਚੁੱਕਣ ਵਾਲਿਆਂ ਦੀ ਤਸਦੀਕ ਕੀਤੀ ਜਾ ਚੁੱਕੀ ਹੈ। ਯੋਜਨਾ ਦੇ ਅਗਲੇ ਪੜਾਅ 'ਚ ਪੇਂਡੂ ਖੇਤਰਾਂ 'ਚ ਕੰਮ ਕਰ ਰਹੇ ਸਫਾਈ ਮੁਲਾਜ਼ਮਾਂ ਤੇ ਨਾਲੀਆਂ ਦੀ ਸਫਾਈ ਨਾਲ ਜੁੜੇ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਸਾਂਪਲਾ ਨੇ ਕਿਹਾ ਕਿ ਸਿੱਖਿਆ ਅਗਲੀ ਪੀੜ੍ਹੀ ਲਈ ਬਿਹਤਰ ਮੌਕੇ ਤਿਆਰ ਕਰਨ ਦਾ ਮਹੱਤਵਪੂਰਨ ਸਾਧਨ ਹੈ। ਸਫਾਈ ਮੁਲਾਜ਼ਮਾਂ ਦੇ ਬੱਚਿਆਂ ਦੀ ਸਿੱਖਿਆ ਲਈ ਆਰਥਿਕ ਸਹਾਇਤਾ ਮਿਲਣ ਨਾਲ ਉਨ੍ਹਾਂ ਨੂੰ ਪੜ੍ਹਾਈ ਜਾਰੀ ਰੱਖਣ 'ਚ ਮਦਦ ਮਿਲੇਗੀ ਅਤੇ ਪਰਿਵਾਰਾਂ 'ਤੇ ਆਰਥਿਕ ਬੋਝ ਵੀ ਘੱਟ ਹੋਵੇਗਾ।