- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਮਾਮਲੇ ਨੂੰ ਠੰਢੇ ਬਸਤੇ ’ਚ ਪਾਉਣ ਲਈ 15 ਦਿਨਾਂ ਦਾ ਸਮਾਂ ਦੇ ਰਹੇ ਹਨ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ’ਤੇ ਇਕ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੇ ਇਲਜ਼ਾਮ ਤਹਿਤ ਦਰਜ ਹੋਏ ਕੇਸ ਨੇ ਅਕਾਲੀ ਦਲ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਹਾਲਾਂਕਿ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਲਈ ਕਮੇਟੀਆਂ ਗਠਿਤ ਕਰ ਦਿੱਤੀਆਂ ਹਨ ਤੇ ਜਾਂਚ ਮਗਰੋਂ ਹੀ ਅਸਲ ਸਥਿਤੀ ਸਪਸ਼ਟ ਹੋਵੇਗੀ, ਪਰ ਚੋਣਾਂ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ’ਤੇ ਦਰਜ ਹੋਏ ਕੇਸ ਨੇ ਅਕਾਲੀ ਦਲ ਦੇ ਵਿਰੋਧੀਆ ਨੂੰ ਇਕ ਮੁੱਦਾ ਦੇ ਦਿੱਤਾ ਹੈ। ਲਗਾਤਾਰ ਸਿਆਸੀ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਲੀਡਰਸ਼ਿਪ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਮਾਮਲੇ ਨੂੰ ਠੰਢੇ ਬਸਤੇ ’ਚ ਪਾਉਣ ਲਈ 15 ਦਿਨਾਂ ਦਾ ਸਮਾਂ ਦੇ ਰਹੇ ਹਨ। ਪਨੂੰ ਨੇ ਕਿਹਾ ਕਿ ਐੱਸਜੀਪੀਸੀ ਨੂੰ ਮਾਮਲਾ ਠੰਢਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਿੱਖ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਸਜੀਪੀਸੀ ਨਿਰਪੱਖ ਜਾਂਚ ਚਾਹੁੰਦੀ ਸੀ ਤਾਂ ਕਿਸੇ ਸੇਵਾਮੁਕਤ ਸਿੱਖ ਜੱਜ ਜਾਂ ਤਜਰਬੇਕਾਰ ਪੁਲਿਸ ਅਧਿਕਾਰੀ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਔਰਤ ਨੂੰ ਐੱਸਜੀਪੀਸੀ ਦੀ ਸਰਾਂ ’ਚ ਇੰਨੇ ਸਮੇਂ ਲਈ ਕਿਉਂ ਰੱਖਿਆ ਗਿਆ ਅਤੇ ਉਸ ਨੂੰ ਉੱਥੇ ਕੌਣ ਲੈ ਕੇ ਆਇਆ? ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹੋਰ ਆਗੂ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਐੱਸ.ਜੀ.ਪੀ.ਸੀ ਵੱਲੋਂ ਚਾਰ ਮੈਂਬਰੀ ਕਮੇਟੀ ਸਿਰਫ਼ ਮਾਮਲੇ ਨੂੰ ਲਟਕਾਉਣ ਤੇ ਠੰਢਾ ਪਾਉਣ ਦੀ ਕੋਸ਼ਿਸ਼ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸਿਆਸੀ ਪ੍ਰਚਾਰ ਲਈ ਔਰਤਾਂ ਨੂੰ ਇਕੱਠਾ ਕਰ ਰਹੇ ਹਨ ਪਰ ਜਦੋਂ ਕਿਸੇ ਔਰਤ ਨੂੰ ਜਵਾਬ ਚਾਹੀਦੇ ਹੁੰਦੇ ਹਨ ਤਾਂ ਉਹ ਚੁੱਪ ਹੋ ਜਾਂਦੇ ਹਨ। ਉਨ੍ਹਾਂ ਕਾਂਗਰਸੀ ਆਗੂਆਂ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਆਗੂਆਂ ਦੀ ਚੁੱਪੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਉਧਰ, ਔਰਤ ਦੀ ਪਛਾਣ ਜਨਤਕ ਕਰਨ ’ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰਦੇ ਹੋਏ ਪੁਲਿਸ ਤੋਂ ਰਿਪੋਰਟ ਮੰਗੀ ਹੈ। ਜਦਕਿ ਅਮਰਜੀਤ ਸਿੰਘ ਚਾਵਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਉਹ ਆਗਾਮੀ ਦਿਨਾਂ ’ਚ ਇਸ ਮਾਮਲੇ ਨੂੰ ਲੈ ਕੇ ਖੁਲਾਸਾ ਕਰਨਗੇ। ਸੂਤਰ ਦੱਸਦੇ ਹਨ ਕਿ ਸਰਕਾਰ ਚਾਵਲਾ ਕਾਂਡ ਨੂੰ ਲੈ ਕੇ ਜੇਲ੍ਹ ’ਚ ਬੰਦ ਔਰਤ ਅਤੇ ਉਸ ਸਮੇਂ ਜੇਲ੍ਹ ’ਚ ਬੰਦ ਅਕਾਲੀ ਆਗੂ ਦੀਆਂ ਸਰਗਰਮੀਆਂ ਨੂੰ ਵੀ ਖੰਗਾਲ ਰਹੀ ਹੈ। ਉਕਤ ਅਕਾਲੀ ਆਗੂ ਨੇ ਸਰਕਾਰ ਤੇ ਪਾਰਟੀ ਦੇ ਨੱਕ ’ਚ ਦਮ ਕੀਤਾ ਹੋਇਆ ਹੈ।