LPU ਹਿੰਸਾ 'ਤੇ ਪੰਜਾਬ ਦੇ ਸਾਬਕਾ CM ਚੰਨੀ ਦਾ MP ਅਸ਼ੋਕ ਮਿੱਤਲ 'ਤੇ ਤਨਜ਼, ਕਿਹਾ- BJP 'ਚ ਸ਼ਾਮਲ ਹੁੰਦੇ ਹੀ ਵਿਗੜੀ ਕਾਨੂੰਨ-ਵਿਵਸਥਾ
ਪੰਜਾਬ ਦੇ ਸਾਬਕਾ CM ਨੇ ਯੂਨੀਵਰਸਿਟੀ 'ਚ ਹੋਈਆਂ ਘਟਨਾਵਾਂ ਨਾਲ ਨਜਿੱਠਣ ਦੇ ਤਰੀਕੇ 'ਤੇ ਸਵਾਲ ਉਠਾਏ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਅਤੇ ਵਿਦਿਆਰਥੀਆਂ ਨਾਲ ਕੀਤੇ ਗਏ ਵਿਵਹਾਰ 'ਤੇ ਚਿੰਤਾ ਜਤਾਈ।
Publish Date: Tue, 29 Sep 2026 03:11 PM (IST)
Updated Date: Tue, 29 Sep 2026 03:14 PM (IST)
ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) 'ਚ ਹੋਏ ਵਿਰੋਧ ਪ੍ਰਦਰਸ਼ਨ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ। ਚੰਨੀ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ LPU ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਇਹ ਦੋਸ਼ ਚੰਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਲਗਾਏ ਹਨ।
ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ CM ਨੇ ਯੂਨੀਵਰਸਿਟੀ 'ਚ ਹੋਈਆਂ ਘਟਨਾਵਾਂ ਨਾਲ ਨਜਿੱਠਣ ਦੇ ਤਰੀਕੇ 'ਤੇ ਸਵਾਲ ਉਠਾਏ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਦੀ ਕਾਰਵਾਈ ਅਤੇ ਵਿਦਿਆਰਥੀਆਂ ਨਾਲ ਕੀਤੇ ਗਏ ਵਿਵਹਾਰ 'ਤੇ ਚਿੰਤਾ ਜਤਾਈ।
ਚੰਨੀ ਨੇ ਕਿਹਾ, 'ਬਾਹਰੀ ਲੋਕ ਉੱਥੇ ਗਏ ਤੇ ਗੁੰਡਾਗਰਦੀ ਕੀਤੀ। ਇਸ ਗੁੰਡਾਗਰਦੀ ਨੂੰ ਖੁਦ ਪੁਲਿਸ ਦਾ ਸਮਰਥਨ ਹਾਸਲ ਸੀ। LPU ਦੇ ਸੰਸਥਾਪਕ ਅਸ਼ੋਕ ਮਿੱਤਲ BJP 'ਚ ਸ਼ਾਮਲ ਹੋ ਗਏ ਹਨ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਯੂਨੀਵਰਸਿਟੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ।'
ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਤੋਂ ਬਾਹਰ ਦੇ ਲੋਕ ਬਾਅਦ 'ਚ ਕੈਂਪਸ 'ਚ ਦਾਖ਼ਲ ਹੋਏ ਤੇ ਗੁੰਡਾਗਰਦੀ ਕੀਤੀ। ਉਨ੍ਹਾਂ ਕਿਹਾ, 'ਉਸ ਤੋਂ ਬਾਅਦ ਕੀ ਹੋਇਆ, ਬਾਹਰੋਂ ਲੋਕ ਆਏ ਅਤੇ ਉੱਥੇ ਗੁੰਡਾਗਰਦੀ ਕੀਤੀ।' ਚੰਨੀ ਨੇ ਇਨ੍ਹਾਂ ਘਟਨਾਵਾਂ ਦੌਰਾਨ ਯੂਨੀਵਰਸਿਟੀ ਨੂੰ ਹੋਏ ਕਥਿਤ ਵਿੱਤੀ ਨੁਕਸਾਨ 'ਤੇ ਵੀ ਸਵਾਲ ਚੁੱਕੇ।
ਉਨ੍ਹਾਂ ਪੁੱਛਿਆ, 'ਖ਼ਬਰਾਂ ਮੁਤਾਬਕ, ਮੈਨੂੰ ਪੱਕਾ ਨਹੀਂ ਪਤਾ, ਪਰ ਲਗਭਗ 100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ?' ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਵਿਰੋਧ ਪ੍ਰਦਰਸ਼ਨ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਸਿਆਸੀ ਕਾਰਨਾਂ ਤੋਂ ਪ੍ਰੇਰਿਤ ਸਨ ਅਤੇ ਦਾਅਵਾ ਕੀਤਾ ਕਿ ਅਸ਼ੋਕ ਮਿੱਤਲ ਦੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਗਿਆ।
ਉਨ੍ਹਾਂ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲ ਚੁੱਕੇ ਤੇ ਵਿਦਿਆਰਥੀਆਂ ਖ਼ਿਲਾਫ਼ ਕਥਿਤ ਬਲ ਦੀ ਵਰਤੋਂ ਲਈ ਜਵਾਬਦੇਹੀ ਦੀ ਮੰਗ ਕੀਤੀ। ਚੰਨੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ, ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵਿਦਿਆਰਥੀਆਂ ਨਾਲ ਕਥਿਤ ਤੌਰ 'ਤੇ ਸਖ਼ਤੀ ਕੀਤੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਤੇ ਹਾਲਾਤ ਨੂੰ ਸਮੇਂ ਸਿਰ ਕਿਉਂ ਨਹੀਂ ਸੰਭਾਲਿਆ ਗਿਆ?
ਹਾਲਾਂਕਿ, ਚੰਨੀ ਦੇ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। LPU ਹਿੰਸਾ ਮਾਮਲੇ 'ਚ ਪੁਲਿਸ ਨੇ FIR ਦਰਜ ਕਰਕੇ ਜਾਂਚ ਲਈ SIT ਬਣਾਈ ਹੈ। ਪੁਲਿਸ ਨੇ ਕੈਂਪਸ 'ਚ ਵਾਕੀ-ਟਾਕੀ ਵਾਲੇ ਕੁਝ ਲੋਕਾਂ ਦੀ ਵੀ ਜਾਂਚ ਕੀਤੀ; ਬਾਅਦ 'ਚ ਪੁਲਿਸ ਨੇ ਸਪੱਸ਼ਟ ਕੀਤਾ ਕਿ ਵਾਕੀ-ਟਾਕੀ ਵਾਲੇ ਵਿਅਕਤੀ ਭਾਰਤੀ ਫੌਜ ਦੇ ਅਧਿਕਾਰੀ ਸਨ ਅਤੇ ਉਹ ਇੱਕ ਆਰਮੀ ਅਧਿਕਾਰੀ ਦੇ ਬੱਚੇ ਨੂੰ ਲੈਣ ਲਈ ਕੈਂਪਸ 'ਚ ਮੌਜੂਦ ਸਨ।