ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਕਾਰਨ ਮਚੀ ਹਫ਼ੜਾ-ਦਫ਼ੜੀ, PNB ਦੇ ATM ’ਚ ਲੱਗੀ ਭਿਆਨਕ ਅੱਗ; AC ਦਾ ਕੰਪ੍ਰੈਸਰ ਫਟਣ ਕਾਰਨ ਵਾਪਰਿਆ ਹਾਦਸਾ
ਲਾਲੜੂ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਇਕ ਏ.ਟੀ.ਐੱਮ. ਕੈਬਿਨ ਵਿਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਇਕ ਏਅਰ ਕੰਡੀਸ਼ਨਰ, ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਉਪਕਰਣ ਨੁਕਸਾਨੇ ਗਏ। ਖ਼ੁਸ਼ਕਿਸਮਤੀ ਨਾਲ ਘਟਨਾ ਵੇਲੇ ਏ.ਟੀ.ਐੱਮ. ਬੰਦ ਸੀ ਅਤੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
Publish Date: Thu, 25 Jun 2026 11:49 AM (IST)
Updated Date: Thu, 25 Jun 2026 11:53 AM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ। ਲਾਲੜੂ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਇਕ ਏ.ਟੀ.ਐੱਮ. ਕੈਬਿਨ ਵਿਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਇਕ ਏਅਰ ਕੰਡੀਸ਼ਨਰ, ਬਿਜਲੀ ਦੀਆਂ ਤਾਰਾਂ ਅਤੇ ਹੋਰ ਬਿਜਲੀ ਉਪਕਰਣ ਨੁਕਸਾਨੇ ਗਏ। ਖ਼ੁਸ਼ਕਿਸਮਤੀ ਨਾਲ ਘਟਨਾ ਵੇਲੇ ਏ.ਟੀ.ਐੱਮ. ਬੰਦ ਸੀ ਅਤੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ ਏ.ਟੀ.ਐੱਮ. ਕੈਬਿਨ ਵਿਚ ਅਚਾਨਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਅੱਗ ਲੱਗ ਗਈ। ਬੈਂਕ ਮੈਨੇਜਰ ਕੁਲਵੰਤ ਸਿੰਘ ਨੇ ਦੱਸਿਆ ਕਿ ਏ.ਟੀ.ਐੱਮ. ਪਿਛਲੇ ਕੁਝ ਦਿਨਾਂ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਸੀ ਅਤੇ ਇਸ ਦੀ ਮੁਰੰਮਤ ਕੀਤੀ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ ਏ.ਟੀ.ਐੱਮ. ਦੇ ਐੱਮਸੀਵੀ ਪੈਨਲ ਵਿਚ ਨੁਕਸ ਹੋ ਗਿਆ, ਜਿਸ ਕਾਰਨ ਉੱਚ ਵੋਲਟੇਜ ਕਰੰਟ ਚੱਲਣ ਨਾਲ ਇਕ ਏਅਰ ਕੰਡੀਸ਼ਨਰ ਦਾ ਕੰਪ੍ਰੈਸਰ ਫਟ ਗਿਆ ਅਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗ ਗਈ। ਅੱਗ ਕਾਰਨ ਏ.ਟੀ.ਐੱਮ. ਵਿਚ ਲੱਗਾ ਦੂਜਾ ਏਅਰ ਕੰਡੀਸ਼ਨਰ ਵੀ ਨੁਕਸਾਨਿਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਬੈਂਕ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਬੁਝਾਊ ਸਿਲੰਡਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ। ਬੈਂਕ ਪ੍ਰਬੰਧਕਾਂ ਅਨੁਸਾਰ ਇਸ ਘਟਨਾ ਵਿਚ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ।