- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਠਕ ’ਚ ਚੰਨੀ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਤੇ ਸੀਨੀਅਰ ਨੇਤਾ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਰਹੇ। ਪਹਿਲੀ ਜੁਲਾਈ ਨੂੰ ਪੰਜਾਬ ਕਾਂਗਰਸ ’ਚ ਹੋਏ ਜਥੇਬੰਦਕ ਬਦਲਾਅ ਦੇ ਨਾਲ ਹੀ ਚੰਨੀ ਧੜਾ ਵਿਰੋਧ ’ਤੇ ਉਤਰ ਆਇਆ ਸੀ

ਸਟੇਟ ਬਿਊਰੋ, ਜਾਗਰਣ , ਚੰਡੀਗੜ੍ਹ : ਪੰਜਾਬ ਕਾਂਗਰਸ ’ਚ ਪਿਛਲੇ ਕਰੀਬ 15 ਦਿਨਾਂ ਤੋਂ ਚੱਲ ਰਹੀ ਬਗ਼ਾਵਤ ’ਤੇ ਹਾਈ ਕਮਾਨ ਨੇ ਸਖ਼ਤ ਰੁਖ਼ ਤੋਂ ਬਾਅਦ ਚੰਨੀ ਧੜਾ ਬੈਕਫੁੱਟ ’ਤੇ ਆ ਗਿਆ ਹੈ। ਵੀਰਵਾਰ ਨੂੰ ਦਿੱਲੀ ’ਚ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੁਰ ਬਦਲ ਗਏ। ਉਨ੍ਹਾਂ ਸਪਸ਼ਟ ਕੀਤਾ ਕਿ ਰਾਹੁਲ ਗਾਂਧੀ ਹੀ ਉਨ੍ਹਾਂ ਦੇ ਨੇਤਾ ਹਨ ਤੇ ਪਾਰਟੀ ਤੋਂ ਉੱਪਰ ਕੁਝ ਨਹੀਂ ਹੈ। ਬੈਠਕ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਕਰੀਬ ਤਿੰਨ ਘੰਟੇ ਚੱਲੀ, ਜਿਸ ’ਚ ਚੰਨੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ ਹਰ ਫ਼ੈਸਲੇ ਦਾ ਸਨਮਾਨ ਕੀਤਾ ਜਾਵੇਗਾ ਤੇ ਪਾਰਟੀ ’ਚ ‘ਆਲ ਇਜ਼ ਵੈੱਲ’ ਹੈ।
ਬੈਠਕ ’ਚ ਚੰਨੀ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ ਤੇ ਸੀਨੀਅਰ ਨੇਤਾ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਰਹੇ। ਪਹਿਲੀ ਜੁਲਾਈ ਨੂੰ ਪੰਜਾਬ ਕਾਂਗਰਸ ’ਚ ਹੋਏ ਜਥੇਬੰਦਕ ਬਦਲਾਅ ਦੇ ਨਾਲ ਹੀ ਚੰਨੀ ਧੜਾ ਵਿਰੋਧ ’ਤੇ ਉਤਰ ਆਇਆ ਸੀ। ਚੰਨੀ ਧੜਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੀ ਮੰਗ ’ਤੇ ਅੜਿਆ ਰਿਹਾ। ਵੀਰਵਾਰ ਨੂੰ ਹਾਈ ਕਮਾਨ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਦੇ ਸੁਰ ਬਦਲ ਗਏ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਨੇ ਬੁਲਾਇਆ ਸੀ ਤੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਾ਼ਡੇ ਨੇਤਾ ਹਨ। ਉਨ੍ਹਾਂ ਨਾਲ ਹੀ ਜੀਊਣਾ-ਮਰਨਾ ਹੈ। ਪਾਰਟੀ ਨੂੰ ਕਿਸੇ ਤਰ੍ਹਾਂ ਅਸਹਿਜ ਕਰਨ ਜਾਂ ਕਿਸੇ ਨੇਤਾ ਨੂੰ ਨੀਵਾਂ ਦਿਖਾਉਣ ਦੀ ਸਾਡੀ ਕੋਈ ਮਨਸ਼ਾ ਨਹੀਂ ਸੀ।
ਚੰਨੀ ਨੇ ਮੀਡੀਆ ’ਚ ਚੱਲ ਰਹੇ ਘਟਨਾ ਚੱਕਰ ’ਤੇ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਕਾਂਗਰਸ ਦੇ ਸਾਰੇ ਨੇਤਾ ਤੇ ਵਰਕਰ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਸੂਤਰਾਂ ਮੁਤਾਬਕ ਬੈਠਕ ’ਚ ਹਾਈ ਕਮਾਨ ਨੇ ਕਿਹਾ ਹੈ ਕਿ ਜਥੇਬੰਧਕ ਫ਼ੈਸਲਿਆਂ ’ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਨਾਲ ਸਪਸ਼ਟ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਬੈਠਕ ’ਚ ਸ਼ਾਮਲ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਹਾਈ ਕਮਾਨ ਵੱਲੋਂ ਬੈਠਕ ਲਈ ਬੁਲਾਇਆ ਗਿਆ ਸੀ, ਜਦਕਿ ਰਾਣਾ ਗੁਰਜੀਤ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਕੇਸੀ ਵੇਣੂਗੋਪਾਲ ਦੇ ਦਫ਼ਤਰ ਤੋਂ ਸੱਦਾ ਆਉਣ ’ਤੇ ਹੀ ਉਹ ਦਿੱਲੀ ਪੁੱਜੇ ਸਨ। ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਕਾਂਗਰਸ ’ਚ ਜਥੇਬੰਦਕ ਫ਼ੈਸਲਿਆਂ ਬਾਰੇ ਜਾਰੀ ਧੜੇਬਾਜ਼ੀ ’ਤੇ ਰੋਕ ਲੱਗ ਸਕਦੀ ਹੈ। ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੂੰ ਵੀ ਚੰਨੀ ਨਾਲ ਸੰਵਾਦ ਕਰ ਕੇ ਪੰਜਾਬ ’ਚ ਡੈਮੇਟ ਕੰਟਰੋਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਚੰਨੀ ਨੇ ਦਿੱਲੀ ’ਚ ਵੀਰਵਾਰ ਨੂੰ ਸੁਰਜੇਵਾਲਾ ਨਾਲ ਵੀ ਮੁਲਾਕਾਤ ਕੀਤੀ ਹੈ।