- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਚੰਦੂਮਾਜਰਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਵਿਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੀ ਏਕਤਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅੱਜ ਇਕ ਹੋਰ ਵੱਡਾ ਸਿਆਸੀ ਝਟਕਾ ਲੱਗਾ ਹੈ। ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੁਨਰ ਸੁਰਜੀਤ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਚੰਦੂਮਾਜਰਾ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਚੰਦੂਮਾਜਰਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਵਿਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੀ ਏਕਤਾ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬਾਦਲ ਧੜੇ ਲਈ ਇਹ ਮੌਕਾ ਹੋ ਸਕਦਾ ਹੈ ਕਿ ਉਹ ਪੁਰਾਣੇ ਸਾਥੀਆਂ ਨੂੰ ਮੁੜ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇ। ਹਾਲਾਂਕਿ ਪ੍ਰੋ. ਚੰਦੂਮਾਜਰਾ ਨੇ ਅਜੇ ਆਪਣੇ ਅਗਲੇ ਸਿਆਸੀ ਕਦਮ ਬਾਰੇ ਕੋਈ ਐਲਾਨ ਨਹੀਂ ਕੀਤਾ। ਪਰ ਉਨ੍ਹਾਂ ਦਾ ਅਸਤੀਫ਼ਾ ਇਹ ਸਪੱਸ਼ਟ ਕਰਦਾ ਹੈ ਕਿ ਅਕਾਲੀ ਸਿਆਸਤ ਵਿਚ ਨਵੇ ਸਮੀਕਰਣ ਬਣਨਗੇ ਅਤੇ ਭਵਿੱਖ ਵਿਚ ਹੋਰ ਨੇਤਾ ਵੀ ਪੁਨਰ ਸੁਰਜੀਤ ਅਕਾਲੀ ਦਲ ਨਾਲੋ ਨਾਤਾ ਤੋੜ ਸਕਦੇ ਹਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਅਕਾਲੀ ਦਲ ਤੇ ਭਾਜਪਾ ਨੇ ਮੁੜ ਸਿਆਸੀ ਹੱਥ ਮਿਲਾ ਲਿਆ ਹੈ। ਭਾਵੇਂ ਕੋਈ ਵੀ ਸਿਆਸੀ ਨੇਤਾ ਇਸਦੀ ਪੁਸ਼ਟੀ ਨਹੀਂ ਕਰ ਰਿਹਾ ਤੇ ਸੁਖਬੀਰ ਬਾਦਲ ਨੇ ਪਿਛਲੇ ਦਿਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਇਹੀ ਕਿਹਾ ਸੀ ਕਿ "ਉਹ ਪੰਡਿਤ ਨਹੀਂ ਕਿ ਇਹ ਦੱਸ ਦੇਵੇ ਕਿ ਸਮਝੌਤਾ ਕਦੋਂ ਹੋਵੇਗਾ, ਪਰ ਉਨ੍ਹਾਂ ਕਿਹਾ ਕਿ ਬਹੁਤ ਜ਼ਲਦ ਤੁਹਾਨੂੰ ਸੱਭ ਕੁੱਝ ਪਤਾ ਲੱਗ ਜਾਵੇਗਾ।"
ਸਿਆਸੀ ਹਲਕਿਆਂ ਵਿਚ ਚੰਦੂਮਾਜਰਾ ਦੇ ਅਸਤੀਫ਼ੇ ਨੇ ਪਾਰਟੀ ਅੰਦਰ ਵਧ ਰਹੀ ਬੇਚੈਨੀ ਅਤੇ ਅਸਹਿਮਤੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਜਨਵਰੀ 2026 ਵਿਚ ਪਾਰਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸੇ ਤਰ੍ਹਾਂ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੀ ਅਕਾਲੀ ਦਲ ਪੁਨਰ ਸੁਰਜੀਤ ਨਾਲੋ ਨਾਤਾ ਤੋੜ ਚੁੱਕੇ ਹਨ।
ਗਿਆਨ ਹਰਪ੍ਰੀਤ ਸਿੰਘ ਦੀ ਟਿੱਪਣੀ...
ਸੱਭ ਤੋਂ ਅਹਿਮ ਗੱਲ ਹੈ ਕਿ ਪੁਨਰ ਸੁਰਜੀਤ ਦੀ ਕਮਾਨ ਸੰਭਾਲਣ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਆਗੂਆਂ ਨੂੰ ਅਪੀਲ ਕਰਦਿਆਂ ਟਿੱਪਣੀ ਕੀਤੀ ਸੀ ਕਿ ਇਹ ਨਾ ਹੋਵੇ ਕਿ ਭਵਿੱਖ ਵਿਚ ਉਹ ਇਕੱਲਾ ਰਹਿ ਜਾਣ। ਇਕ ਇਕ ਕਰਕੇ ਅਕਾਲੀ ਆਗੂ ਪੁਨਰ ਸੁਰਜੀਤ ਨਾਲੋ ਅਲਹਿਦਾ ਹੋ ਰਹੇ ਹਨ। ਚੰਦੂਮਾਜਰਾ ਦੇ ਅਸਤੀਫੇ਼ ਨਾਲ ਪਾਰਟੀ ਦੇ ਵਰਕਰਾਂ ਤੇ ਲੋਕਾਂ ਵਿਚ ਇਹ ਸੰਦੇਸ਼ ਜਾਵੇਗਾ ਕਿ ਜਥੇਬੰਦੀ ਅੰਦਰ ਆਗੂਆਂ ਦੇ ਵਿਚਾਰਾਂ ਨੂੰ ਲੈ ਕੇ ਸਹਿਮਤੀ ਬਣਾਉਣ ਦੀ ਸਮਰੱਥਾ ਦੀ ਘਾਟ ਹੈ।