ਦੀਵਾਲੀ 'ਤੇ ਚੰਡੀਗੜ੍ਹ ਨੇ ਰਚਿਆ ਨਵਾਂ ਰਿਕਾਰਡ! ਲਗਾਤਾਰ ਦੂਜੇ ਸਾਲ ਸਾਫ਼ ਊਰਜਾ ਨਾਲ ਜਗਮਗਾਇਆ ਸ਼ਹਿਰ ਦੀਵਾਲੀ ਵਾਲੇ ਦਿਨ ਸਵੇਰ ਦੇ ਸਮੇਂ ਚੰਡੀਗੜ੍ਹ ਦੀ ਘਰੇਲੂ ਬਿਜਲੀ ਦੀ ਮੰਗ ਦਾ ਲਗਭਗ 92 ਫ਼ੀਸਦੀ ਹਿੱਸਾ ਗੈਰ-ਜੀਵਾਸ਼ਮ ਈਂਧਨ ਸਰੋਤਾਂ ਤੋਂ ਪੂਰਾ ਕੀਤਾ ਗਿਆ। ਇਸ ਵਿੱਚੋਂ ਕਰੀਬ 75 ਫ਼ੀਸਦੀ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਹੋਈ।
Publish Date: Mon, 09 Nov 2026 01:41 PM (IST)
Updated Date: Mon, 09 Nov 2026 01:50 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀਪੀਡੀਐੱਲ) ਨੇ ਲਗਾਤਾਰ ਦੂਜੇ ਸਾਲ ਸਿਟੀ ਬਿਊਟੀਫੁੱਲ ਵਿੱਚ ਗ੍ਰੀਨ ਦੀਵਾਲੀ ਯਕੀਨੀ ਬਣਾਈ। ਇਸ ਦੌਰਾਨ ਸ਼ਹਿਰ ਦੀ ਬਿਜਲੀ ਦੀ ਮੰਗ ਦਾ ਵੱਡਾ ਹਿੱਸਾ ਗੈਰ-ਜੀਵਾਸ਼ਮ ਈਂਧਨ ਸਰੋਤਾਂ ਰਾਹੀਂ ਪੂਰਾ ਕੀਤਾ ਗਿਆ।
ਦੀਵਾਲੀ ਵਾਲੇ ਦਿਨ ਸਵੇਰ ਦੇ ਸਮੇਂ ਚੰਡੀਗੜ੍ਹ ਦੀ ਘਰੇਲੂ ਬਿਜਲੀ ਦੀ ਮੰਗ ਦਾ ਲਗਭਗ 92 ਫ਼ੀਸਦੀ ਹਿੱਸਾ ਗੈਰ-ਜੀਵਾਸ਼ਮ ਈਂਧਨ ਸਰੋਤਾਂ ਤੋਂ ਪੂਰਾ ਕੀਤਾ ਗਿਆ। ਇਸ ਵਿੱਚੋਂ ਕਰੀਬ 75 ਫ਼ੀਸਦੀ ਬਿਜਲੀ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਹੋਈ।
ਬਿਜਲੀ ਦੀ ਸਪਲਾਈ ਮੁੱਖ ਤੌਰ 'ਤੇ ਪਣ-ਬਿਜਲੀ, ਸੂਰਜੀ ਊਰਜਾ, ਹਵਾ ਅਤੇ ਪ੍ਰਮਾਣੂ ਊਰਜਾ ਵਰਗੇ ਸਰੋਤਾਂ ਰਾਹੀਂ ਕੀਤੀ ਗਈ। ਬਿਜਲੀ ਦਾ ਸਿਰਫ਼ ਥੋੜ੍ਹਾ ਜਿਹਾ ਹਿੱਸਾ ਥਰਮਲ ਪਾਵਰ ਤੋਂ ਪ੍ਰਾਪਤ ਹੋਇਆ।
ਥਰਮਲ ਪਾਵਰ ਦੀ ਸੀਮਤ ਵਰਤੋਂ ਬਿਜਲੀ ਘਰਾਂ ਦੀਆਂ ਤਕਨੀਕੀ ਅਤੇ ਕੰਮਕਾਜ ਨਾਲ ਜੁੜੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਗਈ।
ਇਹ ਪ੍ਰਾਪਤੀ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ ਬਿਜਲੀ ਸਰੋਤਾਂ 'ਤੇ ਨਿਰਭਰਤਾ ਘਟਾਉਣ ਲਈ ਸੀਪੀਡੀਐੱਲ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਨੂੰ ਦਰਸਾਉਂਦੀ ਹੈ।
ਇਸ ਮੌਕੇ ਸੀਪੀਡੀਐੱਲ ਦੇ ਸੀਈਓ ਬ੍ਰਜੇਸ਼ ਕੁਮਾਰ ਨੇ ਕਿਹਾ, “ਸਾਨੂੰ ਮਾਣ ਹੈ ਕਿ ਲਗਾਤਾਰ ਦੂਜੀ ਦੀਵਾਲੀ 'ਤੇ ਅਸੀਂ ਚੰਡੀਗੜ੍ਹ ਦੀ ਬਿਜਲੀ ਦੀ ਮੰਗ ਦਾ ਵੱਡਾ ਹਿੱਸਾ ਸਾਫ਼ ਊਰਜਾ ਰਾਹੀਂ ਪੂਰਾ ਕੀਤਾ ਹੈ। ਇਹ ਸਾਫ਼ ਬਿਜਲੀ ਵੰਡ ਅਤੇ ਹਰਿਆ-ਭਰਿਆ ਭਵਿੱਖ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਨਵਿਆਉਣਯੋਗ ਊਰਜਾ ਦੇ ਆਪਣੇ ਸਰੋਤਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਚੰਡੀਗੜ੍ਹ ਨੂੰ ਸਾਫ਼ ਊਰਜਾ ਦੇ ਖੇਤਰ ਵਿੱਚ ਇੱਕ ਮਿਸਾਲੀ ਸ਼ਹਿਰ ਬਣਾਉਣ ਲਈ ਲਗਾਤਾਰ ਕੰਮ ਕਰਦੇ ਰਹਾਂਗੇ।”
ਇਸ ਤੋਂ ਇਲਾਵਾ, ਦੀਵਾਲੀ ਦੀ ਪੂਰਵ ਸੰਧਿਆ 'ਤੇ ਵੀ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ, ਜਿਸ ਨਾਲ ਲੋਕਾਂ ਦਾ ਤਿਉਹਾਰ ਹੋਰ ਵੀ ਰੌਸ਼ਨ ਹੋਇਆ।