- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫਗਾਨਿਸਤਾਨ ਵਿੱਚ ਸ਼ਨੀਵਾਰ ਸ਼ਾਮ ਆਏ ਤੇਜ਼ ਭੂਚਾਲ ਦੇ ਝਟਕੇ ਟਰਾਈਸਿਟੀ ਤੱਕ ਮਹਿਸੂਸ ਕੀਤੇ ਗਏ। ਸ਼ਾਮ ਕਰੀਬ 7:04 ਵਜੇ ਅਚਾਨਕ ਧਰਤੀ ਹਿੱਲਣ ਨਾਲ ਲੋਕ ਕੁਝ ਸਮੇਂ ਲਈ ਘਬਰਾ ਗਏ। ਕਈ ਇਲਾਕਿਆਂ ਵਿੱਚ ਲੋਕ ਸਾਵਧਾਨੀ ਵਜੋਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ।

ਪੱਤਰ ਪ੍ਰੇਰਕ, ਚੰਡੀਗੜ੍ਹ : ਅਫਗਾਨਿਸਤਾਨ ਵਿੱਚ ਸ਼ਨੀਵਾਰ ਸ਼ਾਮ ਆਏ ਤੇਜ਼ ਭੂਚਾਲ ਦੇ ਝਟਕੇ ਟਰਾਈਸਿਟੀ ਤੱਕ ਮਹਿਸੂਸ ਕੀਤੇ ਗਏ। ਸ਼ਾਮ ਕਰੀਬ 7:04 ਵਜੇ ਅਚਾਨਕ ਧਰਤੀ ਹਿੱਲਣ ਨਾਲ ਲੋਕ ਕੁਝ ਸਮੇਂ ਲਈ ਘਬਰਾ ਗਏ। ਕਈ ਇਲਾਕਿਆਂ ਵਿੱਚ ਲੋਕ ਸਾਵਧਾਨੀ ਵਜੋਂ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਟਰਾਈਸਿਟੀ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.2 ਦਰਜ ਕੀਤੀ ਗਈ। ਇਸ ਦਾ ਕੇਂਦਰ ਅਫਗਾਨਿਸਤਾਨ ਵਿੱਚ ਧਰਤੀ ਦੀ ਸਤ੍ਹਾ ਤੋਂ ਲਗਭਗ 215 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਕਾਫ਼ੀ ਗਹਿਰਾਈ ਵਿੱਚ ਹੋਣ ਕਾਰਨ ਇਸ ਦੇ ਝਟਕੇ ਦੂਰ-ਦੂਰ ਤੱਕ ਮਹਿਸੂਸ ਕੀਤੇ ਗਏ। ਭਾਰਤ ਸਮੇਤ ਅੱਠ ਦੇਸ਼ਾਂ ਵਿੱਚ ਇਸ ਦਾ ਅਸਰ ਦਰਜ ਕੀਤਾ ਗਿਆ।
ਟਰਾਈਸਿਟੀ ਦੇ ਕਈ ਲੋਕਾਂ ਨੇ ਦੱਸਿਆ ਕਿ ਪਹਿਲਾਂ ਪੱਖੇ ਅਤੇ ਲਾਈਟਾਂ ਹਿੱਲਦੀਆਂ ਨਜ਼ਰ ਆਈਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੂਚਾਲ ਦਾ ਅਹਿਸਾਸ ਹੋਇਆ। ਕੁਝ ਲੋਕ ਉੱਚੀਆਂ ਇਮਾਰਤਾਂ ਤੋਂ ਤੁਰੰਤ ਹੇਠਾਂ ਉਤਰ ਆਏ, ਜਦਕਿ ਕਈ ਦਫ਼ਤਰਾਂ ਵਿੱਚ ਕਰਮਚਾਰੀਆਂ ਨੂੰ ਸਾਵਧਾਨੀ ਵਜੋਂ ਬਾਹਰ ਕੱਢਿਆ ਗਿਆ। ਕੁਝ ਮਿੰਟਾਂ ਬਾਅਦ ਹਾਲਾਤ ਆਮ ਹੋਣ ’ਤੇ ਲੋਕ ਮੁੜ ਆਪਣੇ ਕੰਮ ’ਤੇ ਵਾਪਸ ਚਲੇ ਗਏ।
ਭੂਚਾਲ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਸੁਰੱਖਿਅਤ ਥਾਂ ’ਤੇ ਜਾਣਾ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਇਮਾਰਤ ਦੇ ਅੰਦਰ ਹੋਵੇ ਤਾਂ ਮਜ਼ਬੂਤ ਮੇਜ਼ ਜਾਂ ਫਰਨੀਚਰ ਦੇ ਹੇਠਾਂ ਸ਼ਰਨ ਲਵੇ ਅਤੇ ਲਿਫ਼ਟ ਦੀ ਵਰਤੋਂ ਕਰਨ ਤੋਂ ਬਚੇ। ਜੇਕਰ ਖੁੱਲ੍ਹੀ ਥਾਂ ’ਤੇ ਹੋਵੇ ਤਾਂ ਇਮਾਰਤਾਂ, ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਤੋਂ ਦੂਰ ਰਹਿਣਾ ਵਧੇਰੇ ਸੁਰੱਖਿਅਤ ਹੁੰਦਾ ਹੈ।