- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਮੈਚ ਦੇਖਣ ਦੀ ਵਿਵਸਥਾ ਕਰਨ ਅਤੇ ਨੌਜਵਾਨਾਂ ਨੂੰ ਹਾਕੀ ਵਿਰਾਸਤ ਨਾਲ ਜੋੜਨ ਲਈ ਕਿਹਾ ਗਿਆ। ਟਰਾਫੀ ਜਾਂ ਉਸ ਦਾ ਮਾਡਲ ਵਿਸ਼ੇਸ਼ ਤੌਰ ’ਤੇ ਤਿਆਰ ਐੱਸ.ਯੂ.ਵੀ ਵਿਚ ਸੂਬੇ ਭਰ ਵਿਚ ਲਿਜਾਣ ਦੀ ਪ੍ਰਚਾਰ ਮੁਹਿੰਮ ਵੀ ਬਣਾਈ ਜਾਵੇਗੀ। ਸਰਕਾਰੀ ਵਿਭਾਗਾਂ, ਪ੍ਰਬੰਧਕਾਂ ਅਤੇ ਹੋਰ ਭਾਈਵਾਲਾਂ ਵਿਚ ਤਾਲਮੇਲ ਲਈ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਸਾਰੇ ਵਿਭਾਗਾਂ ਨੂੰ ਵਿਸ਼ਵ ਪੱਧਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਆਪਸੀ ਤਾਲਮੇਲ, ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ, ਸ਼ਹਿਰਾਂ ਦੇ ਸੁੰਦਰੀਕਰਨ ਤੇ ਮਹਿਮਾਨਨਵਾਜ਼ੀ ਨੂੰ ਤਰਜੀਹ ਦੇਣ ਲਈ ਕਿਹਾ। ਲੋਕਾਂ ’ਚ ਉਤਸ਼ਾਹ ਪੈਦਾ ਕਰਨ ਵਾਸਤੇ ਸੂਬਾ ਪੱਧਰੀ ਟਰਾਫੀ ਟੂਰ ਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਯੋਜਨਾ ਬਣਾਉਣ ਦੇ ਵੀ ਹੁਕਮ ਦਿੱਤੇ।
ਚੈਂਪੀਅਨਸ਼ਿਪ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਨ ਨੇ ਕਿਹਾ ਕਿ ਇਹ ਵੱਕਾਰੀ ਸਮਾਗਮ ਪੰਜਾਬ ਦੇ ਖੇਡ ਇਤਿਹਾਸ ’ਚ ਨਵਾਂ ਮੀਲ ਪੱਥਰ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਹਾਕੀ ਵਿਰਸੇ ਅਤੇ ਭਾਰਤੀ ਖੇਡਾਂ ਵਿਚ ਯੋਗਦਾਨ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਅਤੇ ਇਸ ਸਮਾਗਮ ਰਾਹੀਂ ਸੂਬੇ ਦੀ ਮਹਿਮਾਨਨਵਾਜ਼ੀ, ਬੁਨਿਆਦੀ ਢਾਂਚੇ, ਖੇਡ ਪ੍ਰਾਪਤੀਆਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਦਰਸਾਉਣ ਦਾ ਮੌਕਾ ਮਿਲੇਗਾ। ਭਾਰਤ, ਚੀਨ, ਮਲੇਸ਼ੀਆ, ਜਾਪਾਨ, ਬੰਗਲਾਦੇਸ਼ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ।
ਨਗਰ ਨਿਗਮ ਜਲੰਧਰ ਅਤੇ ਮੋਹਾਲੀ ਨੂੰ ਸਫ਼ਾਈ ਮੁਹਿੰਮਾਂ ਚਲਾਉਣ, ਜਨਤਕ ਥਾਵਾਂ ਦੀ ਸਾਂਭ-ਸੰਭਾਲ ਅਤੇ ਸ਼ਹਿਰਾਂ ਦੇ ਸੁੰਦਰੀਕਰਨ ਲਈ ਕਿਹਾ ਗਿਆ ਹੈ। ਸਟੇਡੀਅਮ ਅਤੇ ਹੋਰ ਅਹਿਮ ਥਾਵਾਂ ਵੱਲ ਜਾਣ ਵਾਲੀਆਂ ਸੜਕਾਂ ਦੀ ਦੇਖਭਾਲ ਤੇ ਲੋੜੀਂਦੀ ਮੁਰੰਮਤ ਕਰਨ ਦੇ ਵੀ ਹੁਕਮ ਦਿੱਤੇ। ਮਾਨ ਨੇ ਕਿਹਾ ਕਿ ਸਫ਼ਲਤਾ ਸਿਰਫ਼ ਸਟੇਡੀਅਮ ਦੀ ਤਿਆਰੀ ਨਹੀਂ, ਸਗੋਂ ਬੁਨਿਆਦੀ ਢਾਂਚੇ, ਪਹੁੰਚ, ਸਫ਼ਾਈ, ਆਵਾਜਾਈ ਤੇ ਜਨਤਕ ਸਹੂਲਤਾਂ ਉੱਤੇ ਵੀ ਨਿਰਭਰ ਕਰਦੀ ਹੈ।
ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਮੈਚ ਦੇਖਣ ਦੀ ਵਿਵਸਥਾ ਕਰਨ ਅਤੇ ਨੌਜਵਾਨਾਂ ਨੂੰ ਹਾਕੀ ਵਿਰਾਸਤ ਨਾਲ ਜੋੜਨ ਲਈ ਕਿਹਾ ਗਿਆ। ਟਰਾਫੀ ਜਾਂ ਉਸ ਦਾ ਮਾਡਲ ਵਿਸ਼ੇਸ਼ ਤੌਰ ’ਤੇ ਤਿਆਰ ਐੱਸ.ਯੂ.ਵੀ ਵਿਚ ਸੂਬੇ ਭਰ ਵਿਚ ਲਿਜਾਣ ਦੀ ਪ੍ਰਚਾਰ ਮੁਹਿੰਮ ਵੀ ਬਣਾਈ ਜਾਵੇਗੀ। ਸਰਕਾਰੀ ਵਿਭਾਗਾਂ, ਪ੍ਰਬੰਧਕਾਂ ਅਤੇ ਹੋਰ ਭਾਈਵਾਲਾਂ ਵਿਚ ਤਾਲਮੇਲ ਲਈ ਵਿਸ਼ੇਸ਼ ਕਮੇਟੀ ਗਠਿਤ ਕੀਤੀ ਜਾਵੇਗੀ।
27 ਅਕਤੂਬਰ ਨੂੰ ਜਲੰਧਰ ਵਿਚ ਹੋਵੇਗਾ ਉਦਘਾਟਨੀ ਸਮਾਰੋਹ
ਉਦਘਾਟਨੀ ਸਮਾਰੋਹ 27 ਅਕਤੂਬਰ ਨੂੰ ਜਲੰਧਰ ’ਚ ਹੋਵੇਗਾ ਤੇ ਮੈਚ 27 ਅਕਤੂਬਰ ਤੋਂ 5 ਨਵੰਬਰ ਤੱਕ ਖੇਡੇ ਜਾਣਗੇ। ਮੁੱਖ ਮੰਤਰੀ ਨੇ ਤਿਆਰੀਆਂ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਅਤੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੇ ਮਿਆਰਾਂ ਅਨੁਸਾਰ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਟੀਮਾਂ, ਸਹਾਇਕ ਅਮਲੇ, ਵਫ਼ਦਾਂ ਅਤੇ ਮਹਿਮਾਨਾਂ ਲਈ ਮਿਆਰੀ ਰਿਹਾਇਸ਼, ਆਵਾਜਾਈ, ਸੁਰੱਖਿਆ, ਭੋਜਨ ਅਤੇ ਹੋਰ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਹੋਟਲਾਂ, ਮੈਚ ਸਥਾਨਾਂ ਅਤੇ ਹੋਰ ਨਿਰਧਾਰਤ ਥਾਵਾਂ ਵਿਚਕਾਰ ਆਵਾਜਾਈ ਸੁਚਾਰੂ ਰੱਖਣ ਲਈ ਵੀ ਕਿਹਾ ਗਿਆ, ਤਾਂ ਜੋ ਦੇਰੀ ਤੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ।