ਨਵੇਂ ਮੇਅਰ ਲਈ ਚੁਣੌਤੀਆਂ ਭਰਪੂਰ, ਕੂੜਾ ਪ੍ਰਬੰਧਨ ਦੀ ਸਮੱਸਿਆ ਗੰਭੀਰ
ਨਵੇਂ ਮੇਅਰ ਲਈ ਚੁਣੌਤੀਆਂ ਭਰਪੂਰ, ਕੂੜਾ ਪ੍ਰਬੰਧਨ ਦੀ ਸਮੱਸਿਆ ਗੰਭੀਰ, ੱਿਿੁੁੁਿੁੁਿੁ
Publish Date: Mon, 22 Jun 2026 06:29 PM (IST)
Updated Date: Tue, 23 Jun 2026 04:04 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਨਵੇਂ ਮੇਅਰ ਸਰਬਜੀਤ ਸਿੰਘ ਸਮਾਣਾ ਲਈ ਚੁਣੌਤੀਆਂ ਭਰਪੂਰ ਹਨ। ਸ਼ਹਿਰ ’ਚ ਕੂੜਾ ਪ੍ਰਬੰਧਨ ਦੀ ਸਮੱਸਿਆ ਕਾਫ਼ੀ ਗੰਭੀਰ ਬਣੀ ਹੋਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਬਾਅਦ ਨਿਗਮ ਪ੍ਰਸ਼ਾਸਨ ਬੇਬੱਸ ਦਿਖਾਈ ਦੇ ਰਿਹਾ ਹੈ। ਆਰਐੱਮਸੀ ਪੁਆਇੰਟਾਂ ’ਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੜਕਾਂ ਕਿਨਾਰੇ ਅਤੇ ਮਾਰਕੀਟਾਂ ’ਚ ਕੂੜਾ-ਕਰਕਟ ਥਾਂ-ਥਾਂ ’ਤੇ ਖਿੱਲਰਿਆ ਹੋਇਆ ਹੈ। ਨਿਗਮ ਚੋਣਾਂ ’ਚ ਇਹ ਮੁੱਖ ਮੁੱਦਾ ਬਣਿਆ ਰਿਹਾ ਤੇ ਕਈ ਰਾਜਸੀ ਆਗੂਆਂ ਨੇ ਸਿਆਸਤ ਚਕਮਾਉਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਸ਼ਾਹੀਮਾਜਰਾ ਆਰਐੱਮਸੀ ਪੁਆਇੰਟ ਦੇ ਬਿਲਕੁਲ ਨੇੜੇ ਸੋਮਵਾਰ ਨੂੰ ਹਫ਼ਤਾਵਾਰੀ ਸਬਜ਼ੀ ਮੰਡੀ ਲੱਗਦੀ ਹੈ, ਜਿੱਥੇ ਗੰਦਗੀ ਪਸਰੀ ਹੋਈ ਹੈ। ਸ਼ਹਿਰ ਵਾਸੀ ਤਾਜ਼ੀਆਂ ਸਬਜ਼ੀਆਂ ਦੇ ਨਾਲ-ਨਾਲ ਬਿਮਾਰੀਆਂ ਵੀ ਘਰ ਲੈ ਕੇ ਜਾਂਦੇ ਹਨ। ਸ਼ਹਿਰ ’ਚੋਂ ਰੋਜ਼ਾਨਾ ਲਗਭਗ 100 ਤੋਂ 170 ਮੀਟਰਿਕ ਟਨ ਕੂੜਾ ਨਿਕਲਦਾ ਹੈ। ਸਨਅਤੀ ਏਰੀਆ ਫੇਜ਼-8ਬੀ ਸਥਿਤ ਪੁਰਾਣੇ ਡੰਪਿੰਗ ਗਰਾਊਂਡ ’ਚ ਕੂੜੇ ਦੇ ਪਹਾੜ ਨੁਮਾ ਵੱਡੇ ਢੇਰ ਲੱਗ ਗਏ ਸਨ। ਇਸ ਕਾਰਨ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ’ਚ ਭਿਆਨਕ ਬਦਬੂ, ਬਿਮਾਰੀਆਂ ਫ਼ੈਲਣ ਦਾ ਖ਼ਤਰਾ ਤੇ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਗਿਆ ਸੀ। ਜਿਸ ਕਾਰਨ ਇੱਥੇ ਕੂੜਾ ਸੁੱਟਣਾ ਬੰਦ ਕਰ ਕੇ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਮੱਸਿਆ ਜਿਊ ਦੀ ਤਿਊਂ ਬਰਕਰਾਰ ਹੈ। ਮੁੱਖ ਡੰਪਿੰਗ ਗਰਾਊਂਡ ਬੰਦ ਹੋਣ ਤੋਂ ਬਾਅਦ ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਆਰਐੱਮਸੀ ਪੁਆਇੰਟ ਬਣਾਏ ਸਨ। ਇੱਥੇ ਕੂੜਾ ਢੱਕ ਕੇ ਰੱਖਣ ਦੀ ਯੋਜਨਾ ਸੀ, ਜਿੱਥੋਂ ਫਿਰ ਪ੍ਰੋਸੈਸਿੰਗ ਲਈ ਭੇਜਿਆ ਜਾਵੇਗਾ। ਜ਼ਮੀਨੀ ਹਕੀਕਤ ਇਹ ਹੈ ਕਿ ਆਰਐੱਮਸੀ ਪੁਆਇੰਟ ਵੀ ਹੁਣ ਮਿੰਨੀ ਡੰਪਿੰਗ ਗਰਾਊਂਡ ਦਾ ਰੂਪ ਧਾਰਨ ਕਰ ਚੁੱਕੇ ਹਨ। ਇੱਥੇ ਕੂੜਾ ਓਵਰਫਲੋ ਹੋ ਕੇ ਸੜਕਾਂ ਤੇ ਖਿੱਲਰ ਰਿਹਾ ਹੈ। ਜਿਸ ਕਾਰਨ ਨੇੜਲੇ ਰਿਹਾਇਸ਼ੀ ਖੇਤਰਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ==== ਕੂੜਾ ਸੁੱਟਣ ਤੇ ਲਾਈ ਸੀ ਪਾਬੰਦੀ ਵਧਦੇ ਪ੍ਰਦੂਸ਼ਣ ਅਤੇ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਉੱਚ ਅਦਾਲਤ ਤੇ ਐੱਨਜੀਟੀ ਨੇ ਸਨਅਤੀ ਏਰੀਆ ਫੇਜ਼-8 ਬੀ ਸਥਿਤ ਮੁੱਖ ਡੰਪਿੰਗ ਗਰਾਊਂਡ ’ਚ ਕਾਫ਼ੀ ਸਮਾਂ ਪਹਿਲਾਂ ਹੀ ਕੂੜਾ ਸੁੱਟਣ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ। ਐੱਨਜੀਟੀ ਦੀ ਪ੍ਰਿੰਸੀਪਲ ਬੈਂਚ ਨੇ ਸੈਕਟਰ-77 ਤੇ ਖਰੜ-ਏਅਰਪੋਰਟ ਸੜਕ ਤੇ ਪੁਲ ਨੇੜੇ ਖੁੱਲ੍ਹੇ ’ਚ ਸੁੱਟੇ ਜਾ ਰਹੇ ਕੂੜੇ ਦਾ ਨੋਟਿਸ ਲੈਂਦਿਆਂ ਮੁਹਾਲੀ ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੋਲੋਂ ਤਾਜ਼ਾ ਸਟੇਟਸ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ। ======= ਜ਼ਮੀਨੀ ਵਿਵਾਦ ਤੇ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਸਮਗੌਲੀ ਪ੍ਰੋਜੈਕਟ ’ਚ ਦੇਰੀ ਮੁਹਾਲੀ ਨਗਰ ਨਿਗਮ ਵੱਲੋਂ ਪਿੰਡ ਸਮਗੌਲੀ ’ਚ 39 ਏਕੜ ਜ਼ਮੀਨ ਪੱਕੇ ਕੂੜਾ ਪ੍ਰਬੰਧਨ ਪਲਾਂਟ ਲਈ ਨਿਰਧਾਰਤ ਕੀਤੀ ਗਈ ਸੀ, ਪਰ ਜ਼ਮੀਨੀ ਵਿਵਾਦਾਂ, ਬੁਨਿਆਦੀ ਢਾਂਚੇ ਦੀ ਕਮੀ ਤੇ ਰਸਤੇ ਦੀ ਸਮੱਸਿਆ ਕਾਰਨ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਲਟਕ ਰਿਹਾ ਹੈ। ਜਗਤਪੁਰਾ ’ਚ ਬਣਾਇਆ ਕੂੜਾ ਪ੍ਰੋਸੈਸਿੰਗ ਪਲਾਂਟ ਕੌਮਾਂਤਰੀ ਹਵਾਈ ਅੱਡਾ ਨੇੜੇ ਹੋਣ ਕਰ ਕੇ ਉੱਥੇ ਪੰਛੀਆਂ ਦੇ ਮੰਡਰਾਉਣ ਦਾ ਖ਼ਤਰਾ ਵਧ ਗਿਆ ਸੀ, ਜਿਸ ਕਾਰਨ ਹਵਾਬਾਜ਼ੀ ਅਥਾਰਟੀਆਂ ਦੀ ਸਖ਼ਤੀ ਮਗਰੋਂ ਉੱਥੇ ਖੁੱਲ੍ਹੇ ’ਚ ਕੂੜਾ ਸੁੱਟਣਾ ਬੰਦ ਕਰਨਾ ਪਿਆ। ===== ਨਵੇਂ ਮੇਅਰ ਤੇ ਨਿਗਮ ਲਈ ਮੁੱਖ ਚੁਣੌਤੀਆਂ ਕੂੜੇ ਨੂੰ ਸਿਰਫ਼ ਇਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਸੁੱਟਣ ਦੀ ਬਜਾਏ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਤਹਿਤ ਇਸ ਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰਨਾ ਹੈ। ਸਮਗੌਲੀ ਪਲਾਂਟ ਨੂੰ ਚਾਲੂ ਕਰਨਾ, ਜਿੰਨਾ ਚਿਰ ਸ਼ਹਿਰ ਨੂੰ ਇਕ ਪੱਕਾ ਰੀ-ਸਾਈਕਲਿੰਗ ਤੇ ਪ੍ਰੋਸੈਸਿੰਗ ਪਲਾਂਟ ਨਹੀਂ ਮਿਲਦਾ, ਉਦੋਂ ਤੱਕ ਇਹ ਅਸਥਾਈ ਸਮੱਸਿਆ ਬਣੀ ਰਹੇਗੀ। ਘਰਾਂ-ਘਰਾਂ ’ਚੋਂ ਹੀ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨਾ ਯਕੀਨੀ ਬਣਾਉਣਾ, ਜਿਸ ਵਿਚ ਮੌਜੂਦਾ ਸਿਸਟਮ ਕਾਫ਼ੀ ਪੱਛੜ ਰਿਹਾ ਹੈ। ==== ਮੁਹਾਲੀ ਵਿਚ ਕੂੜਾ ਪ੍ਰਬੰਧਨ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਸ਼ਹਿਰ ਵਿਚ ਸਫ਼ਾਈ ਵਿਵਸਥਾ ਯਕੀਨੀ ਬਣਾਈ ਜਾਵੇਗੀ। ਸਬੰਧਤ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸ਼ਹਿਰ ਵਿਚ ਕਿਤੇ ਵੀ ਕੂੜਾ ਨਜ਼ਰ ਨਹੀਂ ਆਉਣਾ ਚਾਹੀਦਾ। ਡੰਪਿੰਗ ਗਰਾਊਂਡ ਅਤੇ ਆਰਐੱਮਸੀ ਪੁਆਇੰਟਾਂ ’ਚੋਂ ਕੂੜੇ ਦੀ ਲਿਫ਼ਟਿੰਗ ਦਾ ਕੰਮ ਜਾਰੀ ਹੈ। ਇਸ ਮਗਰੋਂ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾਵੇਗੀ। ਆਉਂਦੇ ਦਿਨਾਂ ਵਿਚ ਸ਼ਹਿਰ ਅੰਦਰ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ। ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਮਗੌਲੀ ਪ੍ਰੋਜੈਕਟ ਦਾ ਕੰਮ ਵੀ ਨੇਪਰੇ ਚਾੜਿਆ ਜਾਵੇਗਾ। ਇਸ ਤੋਂ ਇਲਾਵਾ ਗਮਾਡਾ ਵੱਲੋਂ ਹੋਰ ਵੱਖਰੀ ਜਗ੍ਹਾ ਲੈਣ ਲਈ ਚਾਰਜੋਈ ਕੀਤੀ ਜਾਵੇਗੀ। ਸਰਬਜੀਤ ਸਿੰਘ ਸਮਾਣਾ, ਮੇਅਰ ਮੁਹਾਲੀ।