ਪੰਜਾਬ ਦੀ ਧਰਤੀ 'ਚੋਂ ਨਿਕਲੇਗਾ ਖ਼ਜ਼ਾਨਾ ! ਪੋਟਾਸ਼ ਦੀ ਖੋਜ ਲਈ ਕੇਂਦਰੀ ਮੰਤਰਾਲੇ ਨੇ ਦਿੱਤੀ 35 ਬੋਰਹੋਲ ਦੀ ਮਨਜ਼ੂਰੀ
ਖਣਨ ਅਤੇ ਕੋਲਾ ਖੇਤਰ 'ਚ ਸੁਧਾਰਾਂ ਨੂੰ ਲੈ ਕੇ 'ਖਣਨ ਮੰਤਰੀਆਂ ਦਾ ਸੰਮੇਲਨ' ਗੋਆ ਦੇ ਬੇਨੌਲਿਮ 'ਚ 5-6 ਨਵੰਬਰ 2026 ਨੂੰ ਹੋਇਆ। ਇਸ ਦੀ ਪ੍ਰਧਾਨਗੀ ਕੇਂਦਰੀ ਕੋਲਾ ਅਤੇ ਖਣਨ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕੀਤੀ। ਪੰਜਾਬ ਵੱਲੋਂ ਬਰਿੰਦਰ ਕੁਮਾਰ ਗੋਇਲ ਨੇ ਇਸ 'ਚ ਹਿੱਸਾ ਲਿਆ।
Publish Date: Tue, 10 Nov 2026 03:00 PM (IST)
Updated Date: Tue, 10 Nov 2026 03:05 PM (IST)
ਰਮਨਜੀਤ ਸਿੰਘ ਮਣਕੂ, ਚੰਡੀਗੜ੍ਹ : ਪੰਜਾਬ 'ਚ ਪੋਟਾਸ਼ ਦੀ ਖੋਜ ਨੂੰ ਵੱਡੀ ਰਫ਼ਤਾਰ ਮਿਲੀ ਹੈ। ਕੇਂਦਰੀ ਖਣਨ ਮੰਤਰਾਲੇ ਨੇ ਸੂਬੇ ਦੇ ਸਰਹੱਦੀ ਇਲਾਕੇ 'ਚ ਪੋਟਾਸ਼ ਦੀ ਖੋਜ ਲਈ 35 ਬੋਰਹੋਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਗੋਆ 'ਚ ਹੋਏ ਖਣਨ ਮੰਤਰੀਆਂ ਦੇ ਸੰਮੇਲਨ ਤੋਂ ਬਾਅਦ ਦਿੱਤੀ।
ਖਣਨ ਅਤੇ ਕੋਲਾ ਖੇਤਰ 'ਚ ਸੁਧਾਰਾਂ ਨੂੰ ਲੈ ਕੇ 'ਖਣਨ ਮੰਤਰੀਆਂ ਦਾ ਸੰਮੇਲਨ' ਗੋਆ ਦੇ ਬੇਨੌਲਿਮ 'ਚ 5-6 ਨਵੰਬਰ 2026 ਨੂੰ ਹੋਇਆ। ਇਸ ਦੀ ਪ੍ਰਧਾਨਗੀ ਕੇਂਦਰੀ ਕੋਲਾ ਅਤੇ ਖਣਨ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕੀਤੀ। ਪੰਜਾਬ ਵੱਲੋਂ ਬਰਿੰਦਰ ਕੁਮਾਰ ਗੋਇਲ ਨੇ ਇਸ 'ਚ ਹਿੱਸਾ ਲਿਆ।
ਦੋ ਸਰਹੱਦੀ ਜ਼ਿਲ੍ਹਿਆਂ 'ਚ ਮਿਲਿਆ ਪੋਟਾਸ਼ ਦਾ ਭੰਡਾਰ
ਪੰਜਾਬ ਦੇ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ 'ਚ ਪੋਟਾਸ਼ ਦਾ ਭੰਡਾਰ ਮਿਲਿਆ ਹੈ। ਇਹ ਉਸੇ ਨਾਗੌਰ-ਗੰਗਾਨਗਰ ਇਵੇਪੋਰਾਈਟ ਬੇਸਿਨ ਦਾ ਹਿੱਸਾ ਹੈ, ਜੋ ਰਾਜਸਥਾਨ ਤੋਂ ਹੁੰਦਾ ਹੋਇਆ ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਤਕ ਫੈਲਿਆ ਹੋਇਆ ਹੈ। ਗੋਇਲ ਨੇ ਦੱਸਿਆ ਕਿ ਇਸ ਭੰਡਾਰ ਦੀ ਪਛਾਣ ਕਈ ਦਹਾਕੇ ਪਹਿਲਾਂ ਹੀ ਹੋ ਗਈ ਸੀ, ਪਰ ਇਸ 'ਤੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਗਿਆ। 2022-23 'ਚ ਇਸ ਮਹੱਤਵਪੂਰਨ ਖਣਿਜ ਦਾ ਮੁਲਾਂਕਣ ਕਰਨ ਲਈ ਸਿਰਫ਼ 8 ਬੋਰਹੋਲ ਹੀ ਕੀਤੇ ਗਏ ਸਨ। ਉਨ੍ਹਾਂ ਨੇ 10 ਜਨਵਰੀ ਨੂੰ ਗੁਜਰਾਤ ਦੇ ਗਾਂਧੀਨਗਰ 'ਚ ਹੋਈ ਪਿਛਲੀ ਮੀਟਿੰਗ 'ਰਾਸ਼ਟਰੀ ਖਣਿਜ ਚਿੰਤਨ ਸ਼ਿਵਿਰ-2026' 'ਚ ਵੀ ਇਹ ਮੁੱਦਾ ਚੁੱਕਿਆ ਸੀ ਅਤੇ ਖੋਜ ਪ੍ਰਕਿਰਿਆ ਤੇਜ਼ ਕਰਨ ਦੀ ਮੰਗ ਕੀਤੀ ਸੀ।
ਹੁਣ 35 ਬੋਰਹੋਲ ਕਰਨ ਦੀ ਮਿਲੀ ਮਨਜ਼ੂਰੀ
ਗੋਆ 'ਚ ਗੋਇਲ ਨੇ 35 ਬੋਰਹੋਲ ਕਰਨ ਦੀ ਮਨਜ਼ੂਰੀ ਦੇਣ ਲਈ ਕੇਂਦਰੀ ਮੰਤਰੀ ਰੈੱਡੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਅਗਲੀ ਪ੍ਰਕਿਰਿਆ ਵੀ ਜਲਦੀ ਪੂਰੀ ਕਰਨ ਦੀ ਮੰਗ ਕੀਤੀ, ਤਾਂ ਜੋ ਆਉਣ ਵਾਲੇ ਮਾਰਚ 'ਚ ਖੋਜ ਦਾ ਕੰਮ ਸ਼ੁਰੂ ਹੋ ਸਕੇ।
ਪੋਟਾਸ਼ ਕਿਉਂ ਹੈ ਮਹੱਤਵਪੂਰਨ?
ਪੋਟਾਸ਼ ਦੁਨੀਆ ਭਰ 'ਚ ਮੰਗ ਵਾਲਾ ਇਕ ਮਹੱਤਵਪੂਰਨ ਖਣਿਜ ਹੈ, ਜਿਸ ਦੀ ਵਰਤੋਂ ਮੁੱਖ ਤੌਰ 'ਤੇ ਖਾਦ ਬਣਾਉਣ 'ਚ ਹੁੰਦੀ ਹੈ। ਭਾਰਤ ਇਸ ਸਮੇਂ ਆਪਣੀ ਪੋਟਾਸ਼ ਦੀ ਲੋੜ ਦਾ ਲਗਪਗ 100 ਫ਼ੀਸਦੀ ਹਿੱਸਾ ਦਰਾਮਦ ਕਰਦਾ ਹੈ। ਇਸ ਦੀ ਜ਼ਿਆਦਾਤਰ ਸਪਲਾਈ ਕੈਨੇਡਾ ਅਤੇ ਰੂਸ ਤੋਂ ਹੁੰਦੀ ਹੈ। ਗੋਇਲ ਨੇ ਕਿਹਾ ਕਿ ਜੇਕਰ ਖੋਜ ਸਫ਼ਲ ਰਹੀ ਅਤੇ ਖਣਨ ਸ਼ੁਰੂ ਹੋ ਗਿਆ ਤਾਂ ਇਸ ਨਾਲ ਨਾ ਸਿਰਫ਼ ਪੰਜਾਬ, ਸਗੋਂ ਪੂਰੇ ਭਾਰਤ ਦੀ ਅਰਥਵਿਵਸਥਾ ਨੂੰ ਫ਼ਾਇਦਾ ਹੋਵੇਗਾ। ਇਸ ਨਾਲ ਆਯਾਤ 'ਤੇ ਨਿਰਭਰਤਾ ਘਟੇਗੀ, ਸੂਬੇ ਨੂੰ ਰਾਇਲਟੀ ਮਿਲੇਗੀ ਅਤੇ ਮਾਲਵਾ ਖੇਤਰ 'ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।