- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਣੀਪਤ ਦੀ ਸਕ੍ਰੈਪ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਬੀਐੱਮ ਸੇਲਜ਼ ਦੇ ਸ਼ੁਭਮ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੀਜੀਐੱਸਟੀ ਸੁਪਰਿੰਟੈਂਡੈਂਟ ਲਵਕੁਸ਼ ਕੁਮਾਰ ਉਸ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਦੀ ਕੰਪਨੀ ’ਤੇ 25 ਤੋਂ 30 ਕਰੋੜ ਰੁਪਏ ਦੇ ਜਾਅਲੀ ਜੀਐੱਸਟੀ ਇਨਵਾਇਸ ਜਾਰੀ ਕਰਨ ਦੇ ਦੋਸ਼ ਸਨ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤੇ ਗਏ ਕੇਂਦਰੀ ਵਸਤਾਂ ਤੇ ਸੇਵਾ ਕਰ (ਸੀਜੀਐੱਸਟੀ) ਦੇ ਸੁਪਰਿੰਟੈਂਡੈਂਟ ਲਵਕੁਸ਼ ਕੁਮਾਰ ਦੇ ਪੰਚਕੂਲਾ ਸਥਿਤ ਘਰ ’ਤੇ ਸੀਬੀਆਈ ਨੇ ਛਾਪਾ ਮਾਰਿਆ। 20 ਨਵੰਬਰ ਨੂੰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਟੀਮ ਨੂੰ 24.29 ਲੱਖ ਰੁਪਏ ਦੀ ਭਾਰਤੀ ਕਰੰਸੀ, ਕਰੀਬ 15.65 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ 1.46 ਕਰੋੜ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਸੋਨੇ ਦੀਆਂ ਇੱਟਾਂ ਮਿਲੀਆਂ। ਬਰਾਮਦ ਸਾਮਾਨ ਦੀ ਕੁੱਲ ਕੀਮਤ ਕਰੀਬ 1.86 ਕਰੋੜ ਰੁਪਏ ਦੱਸੀ ਗਈ ਹੈ। ਸੀਬੀਆਈ ਨੇ ਦੋ ਦਿਨ ਪਹਿਲਾਂ ਪੰਚਕੂਲਾ ਵਿੱਚ ਜਾਲ ਵਿਛਾ ਕੇ ਲਵਕੁਸ਼ ਕੁਮਾਰ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।
ਛੇ ਬੈਂਕ ਖਾਤਿਆਂ ਤੇ ਨਿਵੇਸ਼ ਦੇ ਦਸਤਾਵੇਜ਼ ਮਿਲੇ
ਤਲਾਸ਼ੀ ਦੌਰਾਨ ਸੀਬੀਆਈ ਨੂੰ ਛੇ ਬੈਂਕ ਖਾਤਿਆਂ, ਨਿਵੇਸ਼ ਪੋਰਟਫੋਲੀਓ, ਜੀਵਨ ਬੀਮਾ ਪਾਲਿਸੀਆਂ ਅਤੇ ਕਈ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਾਹਨਾਂ ਤੇ ਵਿੱਤੀ ਲੈਣ-ਦੇਣ ਦਾ ਰਿਕਾਰਡ ਵੀ ਬਰਾਮਦ ਕੀਤਾ ਗਿਆ ਹੈ। ਸੀਬੀਆਈ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਜਾਂਚ ਦਾ ਮਕਸਦ ਮੁਲਜ਼ਮ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ, ਨਿਵੇਸ਼ਾਂ ਤੇ ਵਿੱਤੀ ਲੈਣ-ਦੇਣ ਦਾ ਪਤਾ ਲਾਉਣਾ ਹੈ। ਇਹ ਵੀ ਜਾਂਚਿਆ ਜਾਵੇਗਾ ਕਿ ਮਿਲੀ ਜਾਇਦਾਦ ਉਨ੍ਹਾਂ ਦੀਆਂ ਜਾਣੀਆਂ-ਪਛਾਣੀਆਂ ਆਮਦਨ ਦੇ ਸਰੋਤਾਂ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਇਸ ਦੇ ਆਧਾਰ ’ਤੇ ਸੀਬੀਆਈ ਮੁਲਜ਼ਮ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਹੈ ਮਾਮਲਾ...
ਪਾਣੀਪਤ ਦੀ ਸਕ੍ਰੈਪ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਬੀਐੱਮ ਸੇਲਜ਼ ਦੇ ਸ਼ੁਭਮ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਸੀਜੀਐੱਸਟੀ ਸੁਪਰਿੰਟੈਂਡੈਂਟ ਲਵਕੁਸ਼ ਕੁਮਾਰ ਉਸ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਦੀ ਕੰਪਨੀ ’ਤੇ 25 ਤੋਂ 30 ਕਰੋੜ ਰੁਪਏ ਦੇ ਜਾਅਲੀ ਜੀਐੱਸਟੀ ਇਨਵਾਇਸ ਜਾਰੀ ਕਰਨ ਦੇ ਦੋਸ਼ ਸਨ। ਦੋਸ਼ ਹੈ ਕਿ ਮੁਲਜ਼ਮ ਕੰਪਨੀ ਵਿਰੁੱਧ ਚੱਲ ਰਹੀ ਕਾਰਵਾਈ ਵਿੱਚ ਰਾਹਤ ਦੇਣ ਅਤੇ ਭਾਰੀ ਜੁਰਮਾਨੇ ਤੋਂ ਬਚਾਉਣ ਦੇ ਨਾਂ ’ਤੇ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤ ਮਿਲਣ ਮਗਰੋਂ ਸੀਬੀਆਈ ਨੇ ਜਾਲ ਵਿਛਾ ਕੇ ਉਸ ਨੂੰ 10 ਲੱਖ ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ਸੀ।