ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ : ਪੁਲਿਸ ਕਾਰਵਾਈ ਨਾ ਹੋਣ ’ਤੇ ਭੜਕੇ ਭਾਕਿਯੂ (ਪੁਆਧ) ਪ੍ਰਧਾਨ ਮੱਖਣ ਸਿੰਘ ਗੀਗੇ ਮਾਜਰਾ
ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ : ਪੁਲਿਸ ਕਾਰਵਾਈ ਨਾ ਹੋਣ 'ਤੇ ਭੜਕੇ ਭਾਕਿਯੂ (ਪੁਆਧ) ਪ੍ਰਧਾਨ ਮੱਖਣ ਸਿੰਘ ਗੀਗੇ ਮਾਜਰਾ
Publish Date: Mon, 01 Jun 2026 10:39 PM (IST)
Updated Date: Mon, 01 Jun 2026 10:42 PM (IST)

- 4 ਜੂਨ ਨੂੰ ਥਾਣਾ ਸੋਹਾਣਾ ਦਾ ਘਿਰਾਓ ਕਰਨ ਦਾ ਐਲਾਨ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਭਾਕਿਯੂ (ਪੁਆਧ) ਦੇ ਪ੍ਰਧਾਨ ਮੱਖਣ ਸਿੰਘ ਗੀਗੇ ਮਾਜਰਾ ਨੇ ਮੁਹਾਲੀ ਪੁਲਿਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਗੈਂਗਸਟਰਾਂ ਵੱਲੋਂ ਜਾਨ ਤੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਪਰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਪੁਲਿਸ ਦੀ ਇਸ ਢਿੱਲੀ ਕਾਰਵਾਈ ਦੇ ਰੋਸ ਵਜੋਂ ਹੁਣ ਉਨ੍ਹਾਂ ਵੱਲੋਂ 4 ਜੂਨ ਨੂੰ ਥਾਣਾ ਸੋਹਾਣਾ ਨੂੰ ਤਾਲਾ ਲਗਾ ਕੇ ਇਕ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਜੇਲ੍ਹ ’ਚੋਂ ਸੰਧੂ ਬੋਲ ਰਿਹਾ ਹਾਂ ਕਹਿ ਕੇ ਦਿੱਤੀ ਧਮਕੀ : ਮਾਮਲੇ ਦੀ ਜਾਣਕਾਰੀ ਦਿੰਦਿਆਂ ਮੱਖਣ ਸਿੰਘ ਗੀਗੇਮਾਜਰਾ ਨੇ ਦੱਸਿਆ ਕਿ ਪਿਛਲੇ ਐਤਵਾਰ, 24 ਮਈ ਦੀ ਰਾਤ ਨੂੰ ਕਰੀਬ 8:52 ਵਜੇ ਉਨ੍ਹਾਂ ਦੇ ਮੋਬਾਈਲ ਫੋਨ ਤੇ ਇਕ ਅਣਪਛਾਤੀ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਜੇਲ੍ਹ ਵਿਚੋਂ ਬੋਲਦਾ ਸੰਧੂ ਦੱਸਿਆ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਜਿਹੜੀਆਂ ਜ਼ਮੀਨਾਂ ’ਤੇ ਉਸ ਨੇ ਨਕਲੀ ਕਾਗਜ਼ਾਤ ਬਣਵਾ ਕੇ ਕਬਜ਼ੇ ਕੀਤੇ ਹੋਏ ਹਨ, ਉਸ ਜ਼ਮੀਨ ਵਿਚ ਮੁੜ ਪੈਰ ਨਾ ਪਾ ਜਾਈਂ। ਪਰਿਵਾਰਕ ਮੈਂਬਰ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਚਿਤਾਵਨੀ : ਮੱਖਣ ਸਿੰਘ ਅਨੁਸਾਰ ਜਦੋਂ ਉਨ੍ਹਾਂ ਨੇ ਫੋਨ ’ਤੇ ਗੱਲਬਾਤ ਦੌਰਾਨ ਪੁੱਛਿਆ ਕਿ ਉਹ ਕਿਸ ਜ਼ਮੀਨ ਦੀ ਗੱਲ ਕਰ ਰਿਹਾ ਹੈ, ਤਾਂ ਅੱਗੋਂ ਫੋਨ ਕਰਨ ਵਾਲੇ ਨੇ ਖਰ੍ਹਵੇ ਬੋਲਾਂ ਵਿਚ ਕਿਹਾ ਕਿ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਹ ਕਿਹੜੀ ਜ਼ਮੀਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਬਾਅਦ ਉਕਤ ਕਥਿਤ ਗੈਂਗਸਟਰ ਨੇ ਅੰਜਾਮ ਭੁਗਤਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੂੰ ਆਪਣੀ ਫੈਮਲੀ ਦਾ ਮੈਂਬਰ ਖੋਹ ਬੈਠੇਗਾ ਅਤੇ ਹੁਣ ਦੂਜੀ ਕਾਲ ਉਦੋਂ ਹੀ ਆਊਗੀ ਜਦੋਂ ਕੰਮ (ਵਾਰਦਾਤ) ਹੋ ਜਾਊਗਾ। ਪੁਲਿਸ ਖ਼ਿਲਾਫ਼ ਕਰਨਗੇ ਰੋਸ ਪ੍ਰਦਰਸ਼ਨ : ਮੱਖਣ ਸਿੰਘ ਗੀਗੇ ਮਾਜਰਾ ਨੇ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਮੁਹਾਲੀ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਪਰਿਵਾਰ ਦੀ ਸੁਰੱਖਿਆ ਦੀ ਗੁਹਾਰ ਲਗਾਈ ਗਈ ਸੀ ਪਰ ਬੇਹੱਦ ਸੰਵੇਦਨਸ਼ੀਲ ਮਾਮਲਾ ਹੋਣ ਦੇ ਬਾਵਜੂਦ ਪੁਲਿਸ ਨੇ ਹਾਲੇ ਤੱਕ ਮੁਲਜ਼ਮਾਂ ਨੂੰ ਟਰੇਸ ਕਰਨ ਜਾਂ ਕਾਰਵਾਈ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਗੈਂਗਸਟਰਵਾਦ ਖ਼ਿਲਾਫ਼ ਅਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਇਲਾਕੇ ਦੇ ਸਹਿਯੋਗ ਨਾਲ 4 ਜੂਨ ਨੂੰ ਥਾਣਾ ਸੋਹਾਣਾ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮਾਮਲੇ ਵਿਚ ਥਾਣਾ ਸੋਹਾਣਾ ਦੇ ਮੁੱਖੀ ਸਿਮਰ ਸ਼ੇਰਗਿੱਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਮੱਖਣ ਸਿੰਘ ਗੀਗੇ ਮਾਜਰਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੇ ਹਰ ਪਹਿਲੂ ਨੂੰ ਗੰਭੀਰਤਾ ਨਾਲ ਦੇਖ ਰਹੀ ਹੈ। ਜਾਂਚ ਮੁਕੰਮਲ ਹੁੰਦੇ ਹੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।