- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Rahul Gandhi ਦਾ ਬਿਆਨ ਸਾਹਮਣੇ ਆਉਂਦੇ ਹੀ ਪੰਜਾਬ ਦੀ ਰਾਜਨੀਤੀ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਸੰਭਾਵੀ ਵਾਪਸੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਖੁਦ ਕੈਪਟਨ ਅਮਰਿੰਦਰ ਸਿੰਘ ਜਨਤਕ ਤੌਰ 'ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਂਗਰਸ ਦੀ ਕਮੀ ਮਹਿਸੂਸ ਹੁੰਦੀ ਹੈ।

ਰੋਹਿਤ ਕੁਮਾਰ, ਜਾਗਰਣ ਚੰਡੀਗੜ੍ਹ : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਜਾਰੀ ਅੰਦਰੂਨੀ ਖਿੱਚੋਤਾਣ ਵਿਚਾਲੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਇਕ ਬਿਆਨ ਨੇ ਸਿਆਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਦਿੱਲੀ 'ਚ ਹੋਏ ਜੈਨ-ਜ਼ੀ (Gen-Z) ਸੰਵਾਦ ਪ੍ਰੋਗਰਾਮ ਦੌਰਾਨ ਜਦੋਂ ਇਕ ਨੌਜਵਾਨ ਨੇ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ 'ਚ ਉਨ੍ਹਾਂ ਦਾ ਪਸੰਦੀਦਾ ਨੇਤਾ ਕੌਣ ਹੈ ਤਾਂ ਉਨ੍ਹਾਂ ਨੇ ਬਿਨਾਂ ਦੇਰ ਕੀਤੇ ਕਿਹਾ, 'ਕੈਪਟਨ ਅਮਰਿੰਦਰ ਸਿੰਘ, ਯਕੀਨੀ ਤੌਰ 'ਤੇ। ਮੈਂ ਉਨ੍ਹਾਂ ਨਾਲ ਆਸਾਨੀ ਨਾਲ ਘੁਲ-ਮਿਲ ਜਾਂਦਾਂ। ਉਹ ਬੇਹੱਦ ਸਹਿਜ ਹਨ ਤੇ ਮਿਲਟਰੀ ਹਿਸਟਰੀ ਦੇ ਮਾਹਰ ਹਨ, ਇਸ ਲਈ ਮੈਨੂੰ ਪਸੰਦ ਹਨ। ਹੈਲੋ ਅੰਕਲ ਅਮਰਿੰਦਰ..."। ਰਾਹੁਲ ਗਾਂਧੀ ਨੇ ਇਸ ਗੱਲਬਾਤ ਦੀ ਵੀਡੀਓ ਆਪਣੇ ਇੰਟਰਨੈੱਟ ਮੀਡੀਆ ਮੰਚ 'ਤੇ ਵੀ ਸਾਂਝਾ ਕੀਤਾ।
ਰਾਹੁਲ ਗਾਂਧੀ ਦੇ ਇਸ ਬਿਆਨ ਦੇ ਸਾਹਮਣੇ ਆਉਂਦੇ ਹੀ ਪੰਜਾਬ ਦੀ ਰਾਜਨੀਤੀ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ 'ਚ ਸੰਭਾਵੀ ਵਾਪਸੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਖੁਦ ਕੈਪਟਨ ਅਮਰਿੰਦਰ ਸਿੰਘ ਜਨਤਕ ਤੌਰ 'ਤੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਂਗਰਸ ਦੀ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੇ ਕਾਂਗਰਸ ਨੂੰ ਪਰਿਵਾਰ ਵਰਗਾ ਦੱਸਦੇ ਹੋਏ ਕਿਹਾ ਸੀ ਕਿ ਰਾਹੁਲ ਗਾਂਧੀ ਹਮੇਸ਼ਾ ਸੁੱਖ-ਦੁੱਖ 'ਚ ਸੰਪਰਕ ਕਰਦੇ ਰਹੇ, ਜਦੋਂਕਿ ਭਾਰਤੀ ਜਨਤਾ ਪਾਰਟੀ 'ਚ ਉਨ੍ਹਾਂ ਨੂੰ ਵੈਸਾ ਆਪਣਾਪਨ ਮਹਿਸੂਸ ਨਹੀਂ ਹੋਇਆ।
ਰਾਹੁਲ ਗਾਂਧੀ ਦੇ ਬਿਆਨ ਨੇ ਅਜਿਹੇ ਸਮੇਂ 'ਤੇ ਸਿਆਸੀ ਮਹੱਤਵ ਹਾਸਲ ਕੀਤਾ ਹੈ, ਜਦੋਂ ਪੰਜਾਬ ਕਾਂਗਰਸ ਧੜੇਬੰਦੀ ਨਾਲ ਜੂਝ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਦਿਨ ਪਹਿਲਾਂ ਹੀ ਲੁਧਿਆਣਾ 'ਚ ਕਿਹਾ ਸੀ ਕਿ ਇਕ ਹਫ਼ਤੇ ਦੇ ਅੰਦਰ ਪਾਰਟੀ 'ਚ ਸਭ ਕੁਝ ਠੀਕ ਹੋ ਜਾਵੇਗਾ, ਨਹੀਂ ਤਾਂ ਰਾਹੁਲ ਗਾਂਧੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਉੱਥੇ ਹੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਪਰਤਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।ਕਾਂਗਰਸ ਆਗੂ ਪਰਗਟ ਸਿੰਘ ਨੇ ਵੀ ਕਿਹਾ ਕਿ ਕੈਪਟਨ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਤਜਰਬੇ ਦਾ ਲਾਭ ਪਾਰਟੀ ਨੂੰ ਮਿਲ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਗਾਂਧੀ ਪਰਿਵਾਰ ਦੇ ਰਿਸ਼ਤੇ ਲੰਬੇ ਸਮੇਂ ਤੋਂ ਬੇਹੱਦ ਕਰੀਬੀ ਰਹੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਪੜ੍ਹੇ ਤੇ ਦੋਵਾਂ ਵਿਚਾਲੇ ਡੂੰਘੀ ਦੋਸਤੀ ਰਹੀ। ਇਹੋ ਕਾਰਨ ਹੈ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਹਮੇਸ਼ਾ ਉਨ੍ਹਾਂ ਨੂੰ ਸਤਿਕਾਰ ਦਿੰਦੇ ਰਹੇ ਹਨ। ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 2022 'ਚ ਕੈਪਟਨ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਈ ਵਾਰ ਕਾਂਗਰਸ ਤੇ ਗਾਂਧੀ ਪਰਿਵਾਰ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਹਾਲ ਹੀ 'ਚ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਚਚੇਰੇ ਭਰਾ ਦੇ ਦੇਹਾਂਤ 'ਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਹਮਦਰਦੀ ਪ੍ਰਗਟਾਈ, ਜਦੋਂਕਿ ਉਨ੍ਹਾਂ ਦੀ ਮੌਜੂਦਾ ਪਾਰਟੀ ਦੇ ਕਿਸੇ ਨੇਤਾ ਨੇ ਸੰਪਰਕ ਨਹੀਂ ਕੀਤਾ।
ਪੰਜਾਬ ਕਾਂਗਰਸ ਇਸ ਸਮੇਂ ਅਜਿਹੇ ਲੀਡਰਸ਼ਿਪ ਦੀ ਤਲਾਸ਼ 'ਚ ਹੈ ਜਿਸ ਦੇ ਪਿੱਛੇ ਪੂਰਾ ਸੰਗਠਨ ਇਕਜੁੱਟ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦਾ ਰਵਾਇਤੀ ਜੱਟ ਸਿੱਖ ਵੋਟ ਬੈਂਕ ਵੀ ਪ੍ਰਭਾਵਿਤ ਹੋਇਆ। ਰਾਜ ਦੀਆਂ ਲਗਪਗ 80 ਤੋਂ 85 ਵਿਧਾਨ ਸਭਾ ਸੀਟਾਂ 'ਤੇ ਜੱਟ ਸਿੱਖ ਵੋਟਰ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ। ਅਜਿਹੇ 'ਚ ਰਾਹੁਲ ਗਾਂਧੀ ਦਾ ਇਹ ਬਿਆਨ ਸਿਰਫ਼ ਨਿੱਜੀ ਤਾਰੀਫ਼ ਨਹੀਂ, ਸਗੋਂ ਪੰਜਾਬ ਦੀ ਬਦਲਦੀ ਸਿਆਸੀ ਸਥਿਤੀ ਵਿਚਾਲੇ ਇਕ ਵੱਡੇ ਸਿਆਸੀ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ।