- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਜੀਆਈ ਦੀ ਨਿਊ ਓਪੀਡੀ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਅਤੇ ਦੇਖਭਾਲ ਕਰਨ ਵਾਲੇ (ਤੀਮਾਰਦਾਰ) ਪਹੁੰਚਦੇ ਹਨ। ਅਜਿਹੇ 'ਚ ਕੈਂਟੀਨ 'ਚ ਹੋ ਰਹੀ ਮਨਮਾਨੀ ਦਾ ਸਿੱਧਾ ਅਸਰ ਮਰੀਜ਼ਾਂ ਦੀ ਜੇਬ 'ਤੇ ਪੈ ਰਿਹਾ ਹੈ। ਹਸਪਤਾਲ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਿਮਾਰੀ ਦੇ ਚਲਦਿਆਂ ਪਰੇਸ਼ਾਨੀ 'ਚ ਹਸਪਤਾਲ ਆਉਂਦੇ ਹਨ।

ਮੋਹਿਤ ਪਾਂਡੇ, ਚੰਡੀਗੜ੍ਹ: ਪੀਜੀਆਈ (PGI) ਦੀ ਨਿਊ ਓਪੀਡੀ (New OPD) 'ਚ ਕੈਂਟੀਨ ਮਾਫੀਆ ਬੇਲਗਾਮ ਹੈ। ਕੈਂਟੀਨ ਸੰਚਾਲਕ ਵੱਲੋਂ ਹਰ ਦੂਜੀ ਖਾਣ-ਪੀਣ ਵਾਲੀ ਵਸਤੂ 'ਤੇ ਲੋਕਾਂ ਤੋਂ ਵਾਧੂ ਵਸੂਲੀ ਕੀਤੀ ਜਾ ਰਹੀ ਹੈ। ਨਾਲ ਹੀ ਟੈਂਡਰ ਦੇ ਨਿਯਮਾਂ ਦੇ ਉਲਟ ਖਾਣ-ਪੀਣ ਵਾਲੀਆਂ ਵਸਤੂਆਂ ਵੇਚੀਆਂ ਜਾ ਰਹੀਆਂ ਹਨ, ਜੋ ਨਿਯਮਾਂ ਦੇ ਮੁਤਾਬਕ ਨਹੀਂ ਹਨ। 'ਪੰਜਾਬੀ ਜਾਗਰਣ' ਦੀ ਪੜਤਾਲ 'ਚ ਸਾਹਮਣੇ ਆਇਆ ਕਿ ਕੈਂਟੀਨ ਸੰਚਾਲਕ ਸੈਂਡਵਿਚ, ਡੋਸਾ, ਪਰੌਂਠਾ ਅਤੇ ਥਾਲੀ ਸਮੇਤ ਕਈ ਖਾਣ-ਪੀਣ ਵਾਲੀਆਂ ਵਸਤਾਂ 'ਤੇ ਨਿਰਧਾਰਤ ਦਰ ਤੋਂ ਵੱਧ ਪੈਸੇ ਵਸੂਲ ਰਿਹਾ ਹੈ।
ਕੈਂਟੀਨ ਸੰਚਾਲਕ ਟੈਂਡਰ ਦੀਆਂ ਸ਼ਰਤਾਂ ਦੀ ਸ਼ਰੇਆਮ ਉਲੰਘਣਾ ਕਰ ਰਿਹਾ ਹੈ। ਜਿਨ੍ਹਾਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਟੈਂਡਰ ਤਹਿਤ ਨਿਰਧਾਰਤ ਦਰਾਂ 'ਤੇ ਮੁਹੱਈਆ ਕਰਵਾਇਆ ਜਾਣਾ ਹੈ, ਉਨ੍ਹਾਂ ਵਿੱਚੋਂ ਕਈ ਵਸਤਾਂ ਕੈਂਟੀਨ 'ਚ ਮਿਲ ਹੀ ਨਹੀਂ ਰਹੀਆਂ। ਸਮੋਸਾ, ਪੈਟੀ, ਬ੍ਰੈੱਡ ਪਕੌੜਾ, ਵੇਸਣ ਬਰਫ਼ੀ, ਗੁਲਾਬ ਜਾਮੁਨ, ਚਨਾ-ਕੁਲਚਾ, ਮੱਠੀ, ਦੁੱਧ, ਬਰਗਰ ਅਤੇ ਹੌਟ ਡੌਗ ਵਰਗੀਆਂ ਵਸਤੂਆਂ ਸੂਚੀ ਵਿਚ ਸ਼ਾਮਲ ਹੋਣ ਦੇ ਬਾਵਜੂਦ ਉਪਲਬਧ ਨਹੀਂ ਹਨ।
ਇਨ੍ਹਾਂ ਵਸਤਾਂ 'ਚ ਘੱਟ ਮੁਨਾਫ਼ਾ ਹੋਣ ਕਰਕੇ ਸੰਚਾਲਕ ਇਹ ਵੇਚਣ ਤੋਂ ਬਚ ਰਿਹਾ ਹੈ। ਇੰਨਾ ਹੀ ਨਹੀਂ, ਟੈਂਡਰ 'ਚ ਸਾਂਬਰ-ਵੜਾ ਤੇ ਇਡਲੀ ਦੀ ਕੀਮਤ 40 ਰੁਪਏ ਨਿਰਧਾਰਤ ਹੈ, ਪਰ ਉਨ੍ਹਾਂ ਦੀ ਜਗ੍ਹਾ ਡੋਸਾ ਵੇਚਿਆ ਜਾ ਰਹਾ ਹੈ, ਜਿਸ ਲਈ 80 ਰੁਪਏ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਟੈਂਡਰ ਅਨੁਸਾਰ ਥਾਲੀ ਦੀ ਕੀਮਤ 60 ਰੁਪਏ ਤੈਅ ਹੈ ਜਦਕਿ ਕੈਂਟੀਨ 'ਚ ਉਹੀ ਥਾਲੀ 80 ਰੁਪਏ ਵਿੱਚ ਵੇਚੀ ਜਾ ਰਹੀ ਹੈ।
ਪੀਜੀਆਈ ਦੀ ਨਿਊ ਓਪੀਡੀ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਅਤੇ ਦੇਖਭਾਲ ਕਰਨ ਵਾਲੇ (ਤੀਮਾਰਦਾਰ) ਪਹੁੰਚਦੇ ਹਨ। ਅਜਿਹੇ 'ਚ ਕੈਂਟੀਨ 'ਚ ਹੋ ਰਹੀ ਮਨਮਾਨੀ ਦਾ ਸਿੱਧਾ ਅਸਰ ਮਰੀਜ਼ਾਂ ਦੀ ਜੇਬ 'ਤੇ ਪੈ ਰਿਹਾ ਹੈ। ਹਸਪਤਾਲ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਬਿਮਾਰੀ ਦੇ ਚਲਦਿਆਂ ਪਰੇਸ਼ਾਨੀ 'ਚ ਹਸਪਤਾਲ ਆਉਂਦੇ ਹਨ।
ਕਈ ਵਾਰ ਪੈਸੇ ਨਾ ਹੋਣ ਕਰਕੇ ਉਧਾਰ ਲੈ ਕੇ ਆਉਣਾ ਪੈਂਦਾ ਹੈ। ਆਮ ਤੌਰ 'ਤੇ ਖਾਲੀ ਪੇਟ ਬਹੁਤ ਸਾਰੇ ਟੈਸਟ ਕਰਵਾਉਣੇ ਹੁੰਦੇ ਹਨ। ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਕੈਂਟੀਨ ਸੰਚਾਲਕ ਜੇਬ 'ਤੇ ਡਾਕਾ ਮਾਰ ਰਹੇ ਹਨ।
ਨਿਊ ਓਪੀਡੀ ਕੈਂਟੀਨ ਦੇ ਨਾਲ ਹੀ ਨਾਜਾਇਜ਼ ਕਬਜ਼ਾ ਕਰਕੇ ਜੂਸ ਦਾ ਸਟਾਲ ਵੀ ਚਲਾਇਆ ਜਾ ਰਿਹਾ ਹੈ। ਟੈਂਡਰ ਦੀਆਂ ਸ਼ਰਤਾਂ ਅਨੁਸਾਰ ਠੇਕੇਦਾਰ ਕੇਵਲ ਪੈਕਡ ਜੂਸ ਹੀ ਵੇਚ ਸਕਦਾ ਹੈ, ਪਰ ਇੱਥੇ ਤਾਜ਼ਾ ਜੂਸ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ।
ਵੱਧ ਮੁਨਾਫ਼ਾ ਕਮਾਉਣ ਲਈ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਨੇ ਪੀਜੀਆਈ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਕੈਂਟੀਨ 'ਚ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਖਾਣ-ਪੀਣ ਦਾ ਸਾਮਾਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।
ਪੀਜੀਆਈ ਦੇ ਡਿਪਟੀ ਡਾਇਰੈਕਟਰ ਪੰਕਜ ਰਾਏ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਨਿਯਮਾਂ ਅਨੁਸਾਰ ਕੈਂਟੀਨ ਸੰਚਾਲਕ 'ਤੇ ਯੋਗ ਕਾਰਵਾਈ ਕੀਤੀ ਜਾਵੇਗੀ।