ਲੱਖਾਂ ਰੁਪਏ ਖ਼ਰਚ ਕੇ ਬਣਾਏ ਬੱਸ ਸ਼ੈੱਲਟਰ ਸਾਬਤ ਹੋ ਰਿਹੈ ਚਿੱਟਾ ਹਾਥੀ ਲੱਖਾਂ ਰੁਪਏ ਖ਼ਰਚ ਕੇ ਬਣਾਏ ਬੱਸ ਸ਼ੈੱਲਟਰ ਸਾਬਤ ਹੋ ਰਿਹੈ ਚਿੱਟਾ ਹਾਥੀ,
Publish Date: Sun, 05 Jul 2026 07:53 PM (IST)
Updated Date: Mon, 06 Jul 2026 04:09 AM (IST)
-ਅੱਤ ਦੀ ਗਰਮੀ ਚ ਸੜਕ ਕੰਢੇ ਖੜ੍ਹਨ ਲਈ ਮਜਬੂਰ ਹੋਏ ਯਾਤਰੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਟ੍ਰਾਈਸਿਟੀ ਦੇ ਮਹੱਤਵਪੂਰਨ ਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰ ਜ਼ੀਰਕਪੁਰ ਵਿਚ ਜਨਤਕ ਆਵਾਜਾਈ ਨਾਲ ਜੁੜੀਆਂ ਮੁੱਢਲੀਆਂ ਸਹੂਲਤਾਂ ਦੀ ਹਾਲਤ ਇਕ ਵਾਰ ਫਿਰ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਆਧੁਨਿਕ ਬੱਸ ਸ਼ੈੱਲਟਰ ਯਾਤਰੀਆਂ ਲਈ ਲਗਭਗ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਇਨ੍ਹਾਂ ਨਿਰਧਾਰਤ ਬੱਸ ਸ਼ੈੱਲਟਰਾਂ ਤੇ ਰੁਕਣ ਦੀ ਬਜਾਏ ਲੰਘ ਜਾਂਦੀਆਂ ਹਨ। ਨਤੀਜੇ ਵਜੋਂ, ਰੋਜ਼ਾਨਾ ਸੈਂਕੜੇ ਯਾਤਰੀ ਅੱਤ ਦੀ ਗਰਮੀ ਅਤੇ ਖ਼ਰਾਬ ਮੌਸਮ ਵਿਚ ਸੜਕ ਕਿਨਾਰੇ ਖੜ੍ਹ ਕੇ ਬੱਸਾਂ ਦੀ ਉਡੀਕ ਕਰਨ ਲਈ ਮਜਬੂਰ ਹਨ। ਸਥਾਨਕ ਲੋਕਾਂ ਅਤੇ ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਬੱਸਾਂ ਨੇ ਇਨ੍ਹਾਂ ਸਟਾਪਾਂ ਤੇ ਰੁਕਣਾ ਹੀ ਨਹੀਂ, ਤਾਂ ਸਰਕਾਰੀ ਖ਼ਜ਼ਾਨੇ ਵਿਚੋਂ ਜਨਤਾ ਦੇ ਲੱਖਾਂ ਰੁਪਏ ਬਰਬਾਦ ਕਰਨ ਦਾ ਕੀ ਲਾਭ ਹੋਇਆ। ਪਿੰਡ ਸਿੰਘਪੁਰਾ ਨੇੜੇ ਬਣੇ ਬੱਸ ਸਟਾਪ ਤੇ ਬੱਸ ਦੀ ਉਡੀਕ ਕਰ ਰਹੇ ਯਾਤਰੀਆਂ ਨੇ ਆਪਣਾ ਦੁਖੜਾ ਰੋਦਿਆਂ ਦੱਸਿਆ ਕਿ ਉਹ ਕਈ ਵਾਰ ਘੰਟਿਆਂ ਬੱਧੀ ਬੱਸ ਸਟਾਪ ਤੇ ਖੜ੍ਹੇ ਰਹਿੰਦੇ ਹਨ, ਪਰ ਬੱਸ ਚਾਲਕ ਉੱਥੇ ਗੱਡੀ ਰੋਕਣ ਦੀ ਬਜਾਏ ਕੁਝ ਦੂਰ ਜਾ ਕੇ ਜਾਂ ਫਿਰ ਸੜਕ ਦੇ ਵਿਚਕਾਰ ਹੀ ਸਵਾਰੀਆਂ ਚੜ੍ਹਾ ਕੇ ਚਲੇ ਜਾਂਦੇ ਹਨ। ਇਸ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਝੱਲਣੀ ਪੈਂਦੀ ਹੈ। -ਯਾਤਰੀਆਂ ਦੇ ਪ੍ਰਤੀਕਰਮ- ਅਸੀਂ ਲੰਮੇ ਸਮੇਂ ਤੋਂ ਇੱਥੇ ਖੜ੍ਹੇ ਹਾਂ। ਬੱਸਾਂ ਸਟਾਪ ਤੇ ਰੁਕਣ ਦੀ ਬਜਾਏ ਅੱਗੇ ਲੰਘ ਜਾਂਦੀਆਂ ਹਨ। ਸੜਕ ਦੇ ਵਿਚਕਾਰ ਦੌੜ ਕੇ ਬੱਸ ਫੜਨੀ ਪੈਂਦੀ ਹੈ, ਜਿਸ ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। -ਆਤਮ ਪ੍ਰਕਾਸ਼ (ਹਿਸਾਰ)। ਲੱਖਾਂ ਰੁਪਏ ਲਗਾ ਕੇ ਬਣਾਏ ਗਏ ਇਹ ਬੱਸ ਸਟਾਪ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਏ ਹਨ। ਇੱਥੇ ਨਾ ਬੈਠਣ ਦੀ ਜਗ੍ਹਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ। -ਅਨਿਲ ਕੁਮਾਰ (ਯਾਤਰੀ)। ਬੱਸ ਸਟਾਪਾਂ ਤੇ ਸਹੂਲਤਾਂ ਨਾ ਹੋਣ ਕਾਰਨ ਮਹਿਲਾਵਾਂ ਤੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਅੱਤ ਦੀ ਪੈ ਰਹੀ ਗਰਮੀ ਵਿਚ ਸੜਕ ਕੰਢੇ ਖੜ੍ਹੇ ਰਹਿਣਾ ਬਹੁਤ ਮੁਸ਼ਕਲ ਹੈ, ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। -ਹੈਪੀ ਯਾਦਵ, ਯਾਤਰੀ। ਸ਼ਹਿਰ ਦੇ ਵਿਕਾਸ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਜੇਕਰ ਬੱਸਾਂ ਨੇ ਸਟਾਪ ਤੇ ਰੁਕਣਾ ਹੀ ਨਹੀਂ, ਤਾਂ ਸਰਕਾਰੀ ਪੈਸਾ ਬਰਬਾਦ ਕਰਨ ਦੀ ਕੀ ਲੋੜ ਸੀ? ਟਰਾਂਸਪੋਰਟ ਵਿਭਾਗ ਨੂੰ ਸਖ਼ਤੀ ਵਰਤਣੀ ਚਾਹੀਦੀ ਹੈ। -ਸੋਨੂੰ, ਯਾਤਰੀ। ਅਧਿਕਾਰੀਆਂ ਦਾ ਪੱਖ ਜੇਕਰ ਸਿੰਘਪੁਰਾ ਜਾਂ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਬੱਸਾਂ ਨਿਰਧਾਰਤ ਬੱਸ ਸਟਾਪਾਂ ਤੇ ਨਹੀਂ ਰੁਕ ਰਹੀਆਂ, ਤਾਂ ਇਸ ਗੰਭੀਰ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ। ਜਿੱਥੇ ਲੋੜ ਹੋਵੇਗੀ, ਉੱਥੇ ਬੱਸਾਂ ਦੇ ਰੁਕਣ ਵਾਲੇ ਸਥਾਨਾਂ ਬਾਰੇ ਸੂਚਨਾ ਬੋਰਡ (ਸਾਈਨ ਬੋਰਡ) ਲਗਾਏ ਜਾਣਗੇ। ਇਸ ਤੋਂ ਇਲਾਵਾ ਹਰਿਆਣਾ ਰੋਡਵੇਜ਼, ਪੰਜਾਬ ਰੋਡਵੇਜ਼ ਅਤੇ ਹੋਰ ਪ੍ਰਾਈਵੇਟ ਟਰਾਂਸਪੋਰਟ ਅਦਾਰਿਆਂ ਨੂੰ ਸਖ਼ਤ ਸ਼ਬਦਾਂ ਵਿੱਚ ਪੱਤਰ ਲਿਖ ਕੇ ਹਦਾਇਤ ਕੀਤੀ ਜਾਵੇਗੀ ਕਿ ਉਹ ਆਪਣੀਆਂ ਬੱਸਾਂ ਨਿਰਧਾਰਤ ਬੱਸ ਸਟਾਪਾਂ ਤੇ ਹੀ ਰੋਕਣ, ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। -ਪਰਵਿੰਦਰ ਸਿੰਘ ਭੱਟੀ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਜ਼ੀਰਕਪੁਰ।